ਵੱਧ ਰਹੇ ਕੋਵਿਡ 19 ਦੇ ਖਤਰੇ ਨੂੰ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ਸੂਬੇ ਦੀ ਸਮੁੱਚੀ ਰਣਨੀਤੀ ਨੂੰ ਹੋਰ ਮਜਬੂਤ ਕਰਨ ਦੇ ਉਦੇਸ਼ ਨਾਲ, ਰਾਜ ਭਰ ਤੋਂ ਮੈਡੀਕਲ ਮਾਹਰਾਂ ਨੇ ਇਲਾਜ ਵਿਧੀ, ਸਹਾਇਕ ਪ੍ਰਬੰਧਨ ਅਤੇ ਕੇਸਾਂ ਦੀ ਜਾਂਚ ਸਮੇਤ ਵੱਖ ਵੱਖ ਮੁੱਦਿਆਂ `ਤੇ ਏਮਜ਼ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕੀਤਾ।ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਗਲਵਾਰ ਨੂੰ ਜਿ਼ਲ੍ਹਾ ਹਸਪਤਾਲਾਂ ਦੇ 92 ਮੈਡੀਕਲ ਮੁੱਖੀਆਂ, ਆਈਸੋਲੇਸ਼ਨ ਸਹੂਲਤਾਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਦੇ ਮੈਂਬਰਾਂ ਨੇ ਪੀਜੀਆਈ ਦੇ ਸਾਬਕਾ ਡਾਇਰੈਕਟਰ ਡਾ ਕੇ ਕੇ ਤਲਵਾੜ ਤੋਂ ਇਲਾਵਾ ਏਮਜ਼ ਨਵੀਂ ਦਿੱਲੀ, ਡੀਐਮਸੀ ਹਸਪਤਾਲ ਅਤੇ ਸਰਕਾਰੀ ਮੈਡੀਕਲ ਕਾਲਜਾਂ ਦੇ ਕੋਵਿਡ -19 ਪ੍ਰਬੰਧਨ ਨਾਲ ਸਬੰਧਤ ਡਾਕਟਰਾਂ ਸਮੇਤ ਮਾਹਰਾਂ ਦੀ ਹਾਜ਼ਰੀ ਵਿਚ ਇਥੇ ਇਕ ਵੈਬਨਾਰ ਵਿਚ ਹਿੱਸਾ ਲਿਆ।
ਮਹਾਂਮਾਰੀ ਫੈਲਣ ਦੇ ਮੱਦੇਨਜ਼ਰ ਆਪਣੀ ਕਿਸਮ ਦੀ ਇਸ ਪਹਿਲੀ ਮੀਟਿੰਗ ਦਾ ਮੁੱਖ ਉਦੇਸ਼ ਮਰੀਜ਼ਾਂ ਲਈ ਬਿਹਤਰ ਸੰਭਵ ਡਾਕਟਰੀ ਦੇਖਭਾਲ, ਇਲਾਜ ਅਤੇ ਵਿਧੀਆਂ ਨੂੰ ਯਕੀਨੀ ਬਣਾਉਣਾ ਹੈ।
ਮਾਹਰਾਂ ਅਨੁਸਾਰ ਜਲਦੀ ਕੀਤੀ ਤਾਲਾਬੰਦੀ ਅਤੇ ਕਰਫਿਊ ਦੀਆਂ ਪਾਬੰਦੀਆਂ ਦੀ ਸਖਤੀ ਨਾਲ ਪਾਲਣਾ ਨੇ ਪੰਜਾਬ ਨੂੰ ਵਾਇਰਸ ਫੈਲਣ ਨੂੰ ਰੋਕਣ ਵਿਚ ਮਦਦ ਕੀਤੀ ਹੈ। ਮਾਹਰਾਂ ਦੇ ਪੈਨਲ ਨੇ ਅੱਗੇ ਕਿਹਾ ਕਿ ਹਾਲੇ ਚੌਕਸੀ ਤੇ ਨਿਗਰਾਨੀ ਨੂੰ ਘਟਾਉਣ ਦਾ ਸਮਾਂ ਨਹੀਂ ਆਇਆ ਹੈ। ਕੋਵਿਡ -19 ਦੇ ਸ਼ੱਕੀ ਅਤੇ ਪੁਸ਼ਟੀ ਵਾਲੇ ਮਾਮਲਿਆਂ ਦੇ ਸੁਚੱਜੇ ਪ੍ਰਬੰਧਨ ਹਿੱਤ ਅੰਤਲੇ ਪੜਾਅ ਵਿਚ ਮਾਮਲਿਆਂ ਦੇ ਅਚਾਨਕ ਵਾਧਾ ਹੋਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਵੱਧ ਤੋਂ ਵੱਧ ਟੈਸਟ ਕਰਨ ਦਾ ਸੁਝਾਅ ਵੀ ਦਿੱਤਾ ਗਿਆ ।
ਮਾਹਰ ਸਮੂਹ ਜੋ ਇਸ ਵਿਚਾਰ ਵਟਾਂਦਰੇ ਤੇ ਅਧਾਰਤ ਆਪਣੀਆਂ ਸਿਫਾਰਸ਼ਾਂ ਮੁੱਖ ਮੰਤਰੀ ਸਾਹਮਣੇ ਪੇਸ਼ ਕਰੇਗਾ, ਨੇ ਪੰਜਾਬ ਵਿੱਚ ਮਰੀਜ਼ਾਂ ਦੀ ਰਿਕਵਰੀ ਦੀ ਦਰ ‘ਤੇ ਤਸੱਲੀ ਪ੍ਰਗਟਾਈ ਜੋ ਕਿ ਕੌਮੀ ਔਸਤ ਨਾਲੋਂ ਦੁੱਗਣੀ ਹੈ।
ਇਹ ਵੀ ਦੱਸਣਯੋਗ ਹੈ ਕਿ ਪੰਜਾਬ ਵਿਚ ਦਾਖਲ 90 ਮਰੀਜ਼ਾਂ ਵਿਚੋਂ 14 ਮਰੀਜ਼ ਠੀਕ ਹੋਏ ਹਨ ਜਿਨ੍ਹਾਂ ਦੀ ਫੀਸਦ 15% ਤੋਂ ਵੱਧ ਬਣਦੀ ਹੈ, ਜਦੋਂ ਕਿ ਕੌਮੀ ਪੱਧਰ `ਤੇ ਹੁਣ ਤੱਕ 4421 ਮਾਮਲਿਆਂ ਵਿਚੋਂ 92 ਠੀਕ ਹੋਏ ਹਨ ਜੋ ਕਿ 9 ਫੀਸਦ ਤੋਂ ਘੱਟ ਬਣਦਾ ਹੈ।
ਮਾਹਰਾਂ ਨੇ ਰਾਜ ਦੇ ਸਰਕਾਰੀ ਹਸਪਤਾਲਾਂ ਵਿਚ ਪਹੁੰਚੇ ਕੋਵਿਡ -19 ਦੇ ਸ਼ੱਕੀ ਅਤੇ ਪੁਸ਼ਟੀ ਵਾਲੇ ਮਾਮਲਿਆਂ ਦੇ ਪ੍ਰਬੰਧਨ ਸਬੰਧੀ ਵਿਚਾਰ-ਵਟਾਂਦਰੇ ਦਾ ਵਿਸ਼ਲੇਸ਼ਣ ਕੀਤਾ।
ਇਸ ਦੌਰਾਨ ਡਾ. ਅੰਬੁਜ, ਡਾ. ਮੋਹਨ, ਏਮਜ਼ ਦੇ ਡਾ. ਆਨੰਦ ਸਮੇਤ ਡਾ. ਬਿਸ਼ਵ ਮੋਹਨ, ਡੀ.ਐੱਮ.ਸੀ. ਹਸਪਤਾਲ ਦੇ ਡਾ. ਸੰਦੀਪ ਪੁਰੀ ਅਤੇ ਡਾ. ਸਰਜੂ ਤੋਂ ਇਲਾਵਾ, ਜੀ.ਐੱਮ.ਸੀ. ਅੰਮ੍ਰਿਤਸਰ ਤੋਂ ਡਾ: ਸਤਪਾਲ ਅਲੌਣਾ, ਅਤੇ ੇ ਡਾ. ਰਮਿੰਦਰ ਸਿਬੀਆ ਨੇ ਮਾਹਰ ਪੈਨਲ ਨੂੰ ਪੂਰਾ ਕੀਤਾ।

English






