ਜ਼ਿਲਾ ਬਰਨਾਲਾ ਵਿੱਚ ਕਰੋਨਾ ਪਾਬੰਦੀਆਂ ਵਿਚ 10 ਜੂਨ ਤੱਕ ਦਾ ਵਾਧਾ

Sorry, this news is not available in your requested language. Please see here.

ਦੁਕਾਨਾਂ ਖੋਲਣ ਦਾ ਸਮਾਂ ਵਧਾਇਆ, ਜ਼ਿਲਾ ਮੈਜਿਸਟ੍ਰੇਟ ਵੱਲੋਂ ਹੁਕਮ ਜਾਰੀ
ਬਰਨਾਲਾ, 1 ਜੂਨ 2021
ਪੰਜਾਬ ਸਰਕਾਰ, ਗ੍ਰਹਿ ਮਾਮਲੇ ਤੇ ਨਿਆਂ ਵਿਭਾਗ (ਗ੍ਰਹਿ-2 ਸ਼ਾਖਾ) ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਤਹਿਤ ਜ਼ਿਲਾ ਮੈਜਿਸਟਰੇਟ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਜ਼ਿਲਾ ਬਰਨਾਲਾ ਦੀ ਹਦੂਦ ਅੰਦਰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜੋ 10 ਜੂਨ ਤੱਕ ਲਾਗੂ ਰਹਿਣਗੀਆਂ।
ਇਨਾਂ ਹੁਕਮਾਂ ਤਹਿਤ ਸਮੂਹ ਗੈਰ-ਜ਼ਰੂਰੀ ਵਸਤਾਂ ਨਾਲ ਸਬੰਧਤ ਜਾਂ ਹੇਠਾਂ ਦਰਜ ਤੋਂ ਇਲਾਵਾ ਹੋਰ ਦੁਕਾਨਾਂ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲਣ ਦੀ ਆਗਿਆ ਹੋਵੇਗੀ।
ਇਸ ਤੋਂ ਇਲਾਵਾ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ, ਡਿਸਪੈਂਸਰੀਆਂ, ਕੈਮਿਸਟ, ਸਕੈਨ ਸੈਂਟਰ, ਮੈਡੀਕਲ ਉਪਕਰਣਾਂ ਦੀਆਂ ਦੁਕਾਨਾਂ, ਲੈਬੋਰੇਟਰੀ, ਕਲੀਨਿਕ, ਨਰਸਿੰਗ ਹੋਮ, ਐਂਬੂਲੈਂਸ ਆਦਿ ਸਿਹਤ ਸੇਵਾਵਾਂ ਨਾਲ ਸਬੰਧਤ ਕਰਮਚਾਰੀ, ਡਾਕਟਰ, ਨਰਸਾਂ, ਪੈਰਾ ਮੈਡੀਕਲ ਸਟਾਫ, ਸਮੂਹ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ/ਅਧਿਕਾਰੀ, ਪੈਟਰੋਲ ਪੰਪ, ਸੀ.ਐਨ.ਜੀ. ਪੰਪ ਅਤੇ ਪੰਪਾਂ ਨਾਲ ਲੱਗਦੀਆਂ ਪੈਂਚਰਾਂ ਦੀਆਂ ਦੁਕਾਨਾਂ, ਸਮੂਹ ਪੈਟਰੋਲ ਪੰਪਾਂ ਤੇ ਡੀਜ਼ਲ/ਪੈਟਰੋਲ ਰੀਫਿਲ ਕਰਨ ਲਈ ਕੰਪਨੀ ਦੇ ਟਰੱਕ/ਟੈਂਕਰ ਜਿਵੇਂ ਕਿ ਐਚਪੀ, ਇੰਡੀਅਨ, ਬੀਪੀ ਆਦਿ ਨੂੰ ਸਿਰਫ ਪੈਟਰੋਲ ਪੰਪਾਂ ’ਤੇ ਆਉਣ-ਜਾਣ ਦੀ ਆਗਿਆ ਹੋਵੇਗੀ ਅਤੇ ਰੀਫਿਲ ਕਰਨ ਉਪਰੰਤ ਟਰੱਕ ਡਰਾਈਵਰ ਤੁਰੰਤ ਟਰੱਕ/ਟੈਂਕਰ ਨੂੰ ਵਾਪਸ ਲੈ ਕੇ ਜਾਣ ਦੇ ਪਾਬੰਦ ਹੋਣਗੇ। ਇਹ ਸਾਰੀਆਂ ਸੇਵਾਵਾਂ ਅਤੇ ਦੁਕਾਨਾਂ ਸੋਮਵਾਰ ਤੋਂ ਐਤਵਾਰ 24 ਘੰਟੇ ਖੁੱਲਣ ਦੀ ਆਗਿਆ ਹੋਵੇਗੀ।
ਇਸ ਤੋਂ ਇਲਾਵਾ ਡੇਅਰੀ (ਬਰੈੱਡ, ਦੁੱਧ ਅਤੇ ਅੰਡੇ, ਡੇਅਰੀ ਉਤਪਾਦ ਜਿਵੇਂ ਦਹੀਂ, ਪਨੀਰ, ਮੱਖਣ ਆਦਿ, ਦੋਧੀਆਂ ਨੂੰ ਦੁੱਧ ਦੀ ਢੋਆ-ਢੋਆਈ, ਦੁੱਧ ਦੀਆਂ ਡੇਅਰੀਆਂ, ਫਲ ਅਤੇ ਸਬਜ਼ੀਆਂ ਦੀਆਂ ਦੁਕਾਨਾਂ ਅਤੇ ਰੇਹੜੀਆਂ, ਮੀਟ, ਮੱਛੀ ਅਤੇ ਪੋਲਟਰੀ ਉਤਪਾਦ ਦੀਆਂ ਦੁਕਾਨਾਂ, ਐਲਪੀਜੀ ਗੈਸ ਸਿਲੰਡਰਾਂ ਦੀਆਂ ਏਜੰਸੀਆਂ ਸੋਮਵਾਰ ਤੋਂ ਐਤਵਾਰ ਸਵੇਰੇ 7 ਤੋਂ ਸ਼ਾਮ 5 ਵਜੇ ਤੱਕ ਖੋਲਣ ਦੀ ਆਗਿਆ ਹੋਵੇਗੀ।
ਰੈਸਟੋਰੈਂਟ, ਬੇਕਰੀ, ਫਾਸਟ ਫੂਡ ਦੀਆਂ ਦੁਕਾਨਾਂ ਅਤੇ ਕੰਨਫੈਕਸ਼ਨਰੀ (ਕੇਵਲ ਹੋਮ ਡਲਿਵਰੀ/ਟੇਕ ਅਵੇਅ ਲਈ) ਸੋਮਵਾਰ ਤੋਂ ਐਤਵਾਰ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਖੋਲਣ ਦੀ ਆਗਿਆ ਹੋਵੇਗੀ। ਇਸ ਤੋਂ ਇਲਾਵਾ ਰਿਟੇਲ ਅਤੇ ਹੋਲਸੇਲ ਸ਼ਰਾਬ ਦੇ ਠੇਕੇ, ਅਹਾਤਿਆਂ ਨੂੰ ਸਿਰਫ ਟੇਕ ਅਵੇਅ ਲਈ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲਣ ਦੀ ਆਗਿਆ ਹੋਵੇਗੀ।
ਹੁਕਮਾਂ ਅਨੁਸਾਰ ਸਾਰੀਆਂ ਫੈਕਟਰੀਆਂ ਖੁੱਲੀਆਂ ਰਹਿਣਗੀਆਂ ਤੇ ਫੈਕਟਰੀਆਂ ਵਿੱਚ ਕੰਮ ਕਰਦੇ ਕਰਮਚਾਰੀਆਂ/ਲੇਬਰ ਨੂੰ ਫੈਕਟਰੀ ਵਿੱਚ ਆਉਣ-ਜਾਣ ਅਤੇ ਕਰਮਚਾਰੀਆਂ/ਲੇਬਰ ਨੂੰ ਫੈਕਟਰੀ ਵਿੱਚ ਲਿਆਉਣ-ਛੱਡਣ ਲਈ ਵਾਹਨਾਂ ਦੀ ਵਰਤੋਂ ਦੀ ਆਗਿਆ ਹੋਵੇਗੀ ਅਤੇ ਇਸ ਸਬੰਧੀ ਫੈਕਟਰੀ ਦੇ ਮਾਲਕ/ਮੈਨੇਜਿੰਗ ਡਾਇਰੈਕਟਰ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਲੋੜੀਂਦੀ ਮਨਜ਼ੂਰੀ ਦੇਣੀ ਲਾਜ਼ਮੀ ਹੋਵੇਗੀ। ਮਾਲ ਦੀ ਢੋਆ-ਢੁਆਈ ਨਾਲ ਸਬੰਧਤ ਵਹੀਕਲਾਂ ਨੂੰ ਹਰ ਰੋਜ਼ ਸ਼ਾਮ 07 ਵਜੇ ਤੋਂ ਸਵੇਰੇ 05 ਵਜੇ ਤੱਕ ਸਾਮਾਨ ਦੀ ਢੋਆ-ਢੋਆਈ ਕਰਨ ਦੀ ਆਗਿਆ ਹੋਵੇਗੀ। ਆਮ ਪਬਲਿਕ ਨੂੰ ਪਾਰਕਾਂ ਵਿੱਚ ਸਵੇਰੇ 05 ਵਜੇ ਤੋਂ ਸਵੇਰੇ 09 ਵਜੇ ਤੱਕ ਜਾਣ ਦੀ ਆਗਿਆ ਹੋਵੇਗੀ। ਸਬਜ਼ੀ ਮੰਡੀ (ਕੇਵਲ ਹੋਲਸੇਲ ਲਈ) ਹਰ ਰੋਜ਼ ਸਵੇਰੇ 04 ਵਜੇ ਤੋਂ ਸਵੇਰੇ 10 ਤੱਕ ਖੁੱਲਣ ਦੀ ਆਗਿਆ ਹੋਵੇਗੀ। ਸਬਜ਼ੀ ਮੰਡੀ ਵਿੱਚ ਜਾਣ ਤੋਂ ਪਹਿਲਾਂ ਹਰੇਕ ਦੁਕਾਨਦਾਰ/ਰੇਹੜੀ ਵਾਲੇ ਪਾਸ ਕਰਫਿਊ ਪਾਸ ਹੋਣਾ ਲਾਜ਼ਮੀ ਹੋਵੇਗਾ, ਜੋ ਕਿ ਸਕੱਤਰ ਮਾਰਕੀਟ ਕਮੇਟੀ ਬਰਨਾਲਾ ਦੇ ਦਫ਼ਤਰ ਤੋਂ ਪ੍ਰਾਪਤ ਕੀਤਾ ਜਾਵੇ।
ਹੁਕਮਾਂ ਅਨੁਸਾਰ ਸਮੂਹ ਦੁਕਾਨਾਂ ਦੇ ਮਾਲਕਾਂ ਅਤੇ ਆਮ ਪਬਲਿਕ ਐਮਐਚਏ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ 6 ਫੁੱਟ ਦੀ ਸਮਾਜਿਕ ਦੂਰੀ ਨੂੰ ਬਣਾਈ ਰੱਖਣਾ, ਬਜ਼ਾਰਾਂ ਅਤੇ ਪਬਲਿਕ ਟਰਾਂਸਪੋਰਟ ਵਿੱਚ ਭੀੜ ਨੂੰ ਸੀਮਿਤ ਰੱਖਣਾ, ਮਾਸਕ ਪਹਿਨਣਾ, ਵਾਰ-ਵਾਰ ਹੱਥ ਧੋਣਾ ਅਤੇ ਜਨਤਕ ਥਾਵਾਂ ’ਤੇ ਥੁੱਕਣ ਦੀ ਮਨਾਹੀ ਆਦਿ ਸਬੰਧੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣਗੇ। ਸਮੂਹ ਦੁਕਾਨਾਂ ਵਿੱਚ ਇੱਕ ਸਮੇਂ ’ਤੇ ਸਿਰਫ 10 ਗ੍ਰਾਹਕ ਹੀ ਦਾਖਲ ਹੋ ਸਕਦੇ ਹਨ ਅਤੇ ਵੱਡੇ ਗਰੌਸਰੀ ਸਟੋਰ ਜਿਵੇਂ ਕਿ ਮੋਰ, ਈਜ਼ੀ ਡੇਅ, ਡੀ ਮਾਰਟ, ਆਧਾਰ ਸਟੋਰ, ਰਿਲਾਇੰਸ ਸਟੋਰ ਆਦਿ ਵਿੱਚ ਇੱਕ ਸਮੇਂ ’ਤੇ ਸਿਰਫ 30 ਗ੍ਰਾਹਕ ਦਾਖਲ ਹੋ ਸਕਦੇ ਹਨ।
ਸਮੂਹ ਪ੍ਰਾਈਵੇਟ ਦਫ਼ਤਰਾਂ ਵਿੱਚ 50% ਸਟਾਫ ਨਾਲ ਕੰਮ ਕਰਨ ਦੀ ਆਗਿਆ ਹੋਵੇਗੀ। ਵਿਆਹ/ਅੰਤਿਮ ਸੰਸਕਾਰ/ਭੋਗ ਆਦਿ ਸਮਾਗਮਾਂ ਵਿੱਚ 10 ਵਿਅਕਤੀਆਂ ਤੋਂ ਵੱਧ ਇਕੱਠ ਕਰਨ ਦੀ ਮਨਾਹੀ ਹੋਵੇਗੀ। ਹਰ ਰੋਜ਼ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲਾਗੂ ਰਹੇਗਾ ਅਤੇ ਹਰ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਹਫਤਾਵਰੀ ਕਰਫਿਊ ਲਾਗੂ ਹੋਵੇਗਾ।
ਸਮੂਹ ਰਾਜਨੀਤਿਕ ਇੱਕਠ ਕਰਨ ’ਤੇ ਪੂਰਨ ਤੌਰ ਪਾਬੰਦੀ ਹੋਵੇਗੀ। ਜੇਕਰ ਕੋਈ ਰਾਜਨੀਤਿਕ ਇੱਕਠ ਕਰਦਾ ਹੈ ਤਾਂ ਪ੍ਰਬੰਧਕ ਖ਼ਿਲਾਫ਼/ਇੱਕਠ ਵਿੱਚ ਭਾਗ ਲੈਣ ਵਾਲੇ ਖ਼ਿਲਾਫ਼/ਇੱਕਠ ਹੋਣ ਵਾਲੇ ਜਗਾ ਦੇ ਮਾਲਕ ਖ਼ਿਲਾਫ਼/ਟੈਂਟ ਦਾ ਪ੍ਰਬੰਧ ਕਰਨ ਵਾਲੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਅਜਿਹੀ ਜਗਾ ਅਗਲੇ 3 ਮਹੀਨਿਆਂ ਲਈ ਸੀਲ ਕਰ ਦਿੱਤੀ ਜਾਵੇਗੀ। ਸਾਰੇ ਵਿਦਿਅਕ ਅਦਾਰੇ ਜਿਵੇਂ ਕਿ ਸਕੂਲ ਅਤੇ ਕਾਲਜ ਬੰਦ ਰਹਿਣਗੇ, ਪਰ ਸਰਕਾਰੀ ਸਕੂਲਾਂ ਦਾ ਸਾਰਾ ਟੀਚਿੰਗ ਸਟਾਫ ਅਤੇ ਨਾਨ ਟੀਚਿੰਗ ਸਟਾਫ ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਆਪਣੀ ਡਿਊਟੀ ’ਤੇ ਹਾਜ਼ਰ ਰਹੇਗਾ। ਸਾਰੇ ਮੈਡੀਕਲ ਅਤੇ ਨਰਸਿੰਗ ਕਾਲਜ ਖੁੱਲੇ ਰਹਿਣਗੇ।
ਸਮੂਹ ਸਰਕਾਰੀ ਦਫ਼ਤਰਾਂ ਵਿੱਚ ਆਨਲਾਈਨ ਮਾਧਿਅਮ ਨੂੰ ਹੀ ਪਹਿਲ ਦਿੱਤੀ ਜਾਵੇ ਅਤੇ ਪਬਲਿਕ ਡੀਲਿੰਗ ਘੱਟ ਤੋਂ ਘੱਟ ਕੀਤੀ ਜਾਵੇ। ਹੁਕਮਾਂ ਅਨੁਸਾਰ ਮਾਲ ਵਿਭਾਗ ਵਿੱਚ ਵੀ ਕੋਸਿਸ਼ ਕੀਤੀ ਜਾਵੇ ਕਿ ਪ੍ਰਾਪਰਟੀ ਦੀ ਸੇਲ/ਪਰਚੇਜ਼ ਦੀਆਂ ਰਜਿਸਟਰੀਆਂ ਕਰਨ ਲਈ ਘੱਟ ਤੋਂ ਘੱਟ ਕੀਤੀ ਜਾਵੇ।
ਉਕਤ ਹਦਾਇਤਾਂ ਦੀ ਉਲੰਘਣਾ ਕਰਨ ਦੀ ਸੂਰਤ ਵਿੱਚ ਆਈਪੀਸੀ ਦੀ ਧਾਰਾ 188 ਅਤੇ ਆਫਤ ਪ੍ਰਬੰਧਨ ਐਕਟ 2005 ਦੀ ਧਾਰਾ 51-60 ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।