ਚੰਡੀਗੜ ਦੇ ਸੈਕਟਰ-46 ਸਥਿਤ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਦੇ ਪ੍ਰੋਫ਼ੈਸਰ ਪੰਡਿਤਰਾਓ ਧਰੇਨਵਰ ਨੇ ਵਿਸ਼ਵ ਸਾਈਕਲ ਦਿਵਸ ਅੱਜ ਬੜੇ ਹੀ ਨਿਵੇਕਲੇ ਢੰਗ ਨਾਲ ਮਨਾਇਆ ਜਦੋਂ ਉਹ ਆਪਣੀਆਂ ਔਨਲਾਈਨ ਜਮਾਤਾਂ ਵਿਚ ਲਗਾਤਾਰ ਹਾਜ਼ਰੀ ਭਰਨ ਵਾਲ਼ੇ ਵਿਦਿਆਰਥੀਆਂ ਨੂੰ ਐਨ95 ਮਾਸਕ ਅਤੇ ਇਕ ਮਹੀਨੇ ਦਾ ਇੰਟਰਨੈਟ ਪੈਕ ਵੰਡਣ ਲਈ ਸਾਈਕਲ ਸਵਾਰ ਹੋ ਕੇ ਉਹਨਾਂ ਦੀਆਂ ਬਰੂਹਾਂ ਤੱਕ ਪਹੁੰਚ ਗਏ।
ਪੰਡਿਤਰਾਓ ਧਰੇਨਾਵਰ ਨੇ ਪਿਛਲੇ ਮਹੀਨੇ ਆਪਣੇ ਵਿਦਿਆਰਥੀਆਂ ਨਾਲ਼ ਇਹ ਵਾਅਦਾ ਕੀਤਾ ਸੀ ਕਿ ਜੇ ਉਹ ਔਨਲਾਈਨ ਜਮਾਤਾਂ ਵਿਚ ਬਾਕਾਇਦਾ ਹਾਜ਼ਰੀ ਭਰਨਗੇ ਤਾਂ ਉਹਨਾਂ ਨੂੰ ਐਨ95 ਮਾਸਕ ਅਤੇ ਇਕ ਮਹੀਨੇ ਦੇ ਇੰਟਰਨੈਟ ਪੈਕ ਦੇ ਪੈਸੇ ਦਿੱਤੇ ਜਾਣਗੇ। ਇਹ ਵਾਅਦਾ ਪੂਰਾ ਕਰਨ ਲਈ ਅੱਜ ਉਹ ਉਹਨਾਂ ਵਿਦਿਆਰਥੀਆਂ ਦੇ ਘਰਾਂ ਤੱਕ ਗਏ ਜਿਹੜੇ ਇਕ ਮਹੀਨਾ ਲਗਾਤਾਰ ਔਨਲਾਈਨ ਜਮਾਤ ਵਿਚ ਹਾਜਰੀ ਭਰਦੇ ਰਹੇ ਸਨ।
ਪੰਡਿਤਰਾਓ ਧਰੇਨਵਰ ਨੇ ਇਸ ਵਿਲੱਖਣ ਮੁਹਿੰਮ ਬਾਰੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਉਹਨਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਡਾਇਰੈਕਟਰ ਉਚੇਰੀ ਸਿੱਖਿਆ ਤੋਂ ਪ੍ਰੇਰਨਾ ਲੈਕੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਔਨਲਾਈਨ ਪੜ੍ਹਾਈ ਨੂੰ ਹਲ੍ਹਾਸ਼ੇਰੀ ਦੇਣ ਲਈ ਇਹ ਉਪਰਾਲਾ ਕੀਤਾ ਸੀ।
ਵਿਦਿਆਰਥੀਆਂ ਦੇ ਘਰਾਂ ਤੋਂ ਵਾਪਸ ਆਕੇ ਪੰਡਿਤਰਾਓ ਨੇ ਦੱਸਿਆ ਕਿ ਉਹ ਇਹ ਪਵਿੱਤਰ ਕਾਰਜ ਕਰ ਮਹੀਨੇ ਅਗੋਂ ਵੀ ਜਾਰੀ ਰੱਖਣਗੇ ਤਾਂ ਜੋ ਕੋਵਿਡ ਮਹਾਂਮਾਰੀ ਦੌਰਾਨ ਵਿਦਿਆਰਥੀ ਪੜ੍ਹਾਈ ਪੱਖੋਂ ਯੋਗ ਅਗਵਾਈ ਤੋਂ ਵਾਂਝੇ ਨਾ ਰਹਿ ਜਾਣ।
ਉਹਨਾਂ ਦੱਸਿਆ ਕਿ ਸਾਕਸ਼ੀ ਸਿੰਗਲਾ, ਦੀਪਾਂਜਲੀ, ਪੰਕਜ ਬੋਰਾ, ਮਨੀਸ਼, ਮਨਸਾ ਆਲਮ, ਸਾਰਾਂਸ਼, ਹਰਸ਼ ਰਾਣਾ, ਨਵਜੋਤ ਕੌਰ, ਨੈਨਾ, ਅੰਕੁਰ, ਮਨਿੰਦਰ ਕੌਰ ਅਤੇ ਵੰਦਨਾ, ਇਹ ਵਿਦਿਆਰਥੀ ਇਹ ਪਲੇਠਾ ਇਨਾਮ ਹਾਸਲ ਕਰਨ ਵਿਚ ਕਾਮਯਾਬ ਰਹੇ ਹਨ।

English






