ਐਨ.ਆਈ.ਵੀ. ਪੁਣੇ ਨੇ ਪੰਜਾਬ ਦੇ 22 ਸ਼ੱਕੀ ਵਿਅਕਤੀਆਂ ਨੂੰ ਕੋਰੋਨਾਵਾਇਰਸ ਲਈ ਨਕਾਰਾਤਮਕ ਦੱਸਿਆ: ਬਲਬੀਰ ਸਿੰਘ ਸਿੱਧੂ

ਚੰਡੀਗੜ•, 4 ਫਰਵਰੀ:
ਇੰਸਟੀਚਿਊਟ ਆਫ ਵਾਇਰੋਲੋਜੀ, ਪੁਣੇ ਨੇ ਇੱਕ ਵੱਡੀ ਰਾਹਤ ਦਿੰਦਿਆਂ 2019-ਐਨਸੀਓਵੀ (ਕੋਰੋਨਾਵਾਇਰਸ) ਦੇ ਸ਼ੱਕੀ ਵਿਅਕਤੀਆਂ ਦੇ ਨੈਸੋਫੈਰੰਜੀਅਲ ਸਵੈਬ ਨਮੂਨਿਆਂ ਨੂੰ ਨਕਾਰਾਤਮਕ ਦੱਸਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ, ਪੁਣੇ ਨੇ 22 ਨਕਾਰਾਤਮਕ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ, ਜਦਕਿ ਫਰੀਦਕੋਟ ਨਾਲ ਸਬੰਧਤ 1 ਮਾਮਲੇ ਦੀ ਰਿਪੋਰਟ ਕੱਲ ਤੱਕ ਆਵੇਗੀ। ਉਨ•ਾਂ ਦੱਸਿਆ ਕਿ ਸੂਬੇ ਵਿੱਚ ਹਾਲੇ ਤੱਕ ਕੋਰੋਨਾ ਵਾਇਰਸ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਅਤੇ ਪੰਜਾਬ ਸਰਕਾਰ ਚੀਨ ਦੀ ਯਾਤਰਾ ਕਰ ਚੁੱਕੇ ਜਾਂ ਚੀਨ ਦੇ ਹਵਾਈ ਅੱਡੇ ‘ਤੇ ਠਹਿਰਨ ਵਾਲੇ ਸਾਰੇ ਵਿਅਕਤੀਆਂ ਦੀ ਵਿਸ਼ੇਸ਼ ਤੌਰ ‘ਤੇ ਸਕਰੀਨਿੰਗ ਕਰਨ ਲਈ ਜੰਗੀ ਪੱਧਰ ‘ਤੇ ਕੰਮ ਕਰ ਰਹੀ ਹੈ।

ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਵਿਚ 85 ਸ਼ੱਕੀ ਮਾਮਲੇ ਸਾਹਮਣੇ ਆਏ ਹਨ, ਜਿਨ•ਾਂ ਵਿਚੋਂ 84 ਮਾਮਲੇ ਨਾਕਾਰਤਮਕ ਪਾਏ ਗਏ ਅਤੇ ਕੁੱਲ 77 ਮਰੀਜ਼ਾਂ ਨੂੰ ਕੜੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਉਹਨਾਂ ਅੱਗੇ ਦੱਸਿਆ ਕਿ ਅੰਮ੍ਰਿਤਸਰ ਹਵਾਈ ਅੱਡੇ ‘ਤੇ 3915 ਯਾਤਰੀਆਂ ਅਤੇ ਮੁਹਾਲੀ ਹਵਾਈ ਅੱਡੇ ‘ਤੇ 4476 ਯਾਤਰੀਆਂ ਦੀ ਸਕਰੀਨਿੰਗ ਕੀਤੀ ਗਈ ਹੈ ਅਤੇ ਸਕਰੀਨਿੰਗ ਦੌਰਾਨ ਕਿਸੇ ਵੀ ਵਿਅਕਤੀ ਵਿੱਚ ਕੋਰੋਨਾਵਾਇਰਸ ਦੇ ਲੱਛਣ ਨਹੀਂ ਪਾਏ ਗਏ।
ਮੰਤਰੀ ਨੇ ਅੱਗੇ ਦੱਸਿਆ ਕਿ ਅਟਾਰੀ ਬਾਰਡਰ ਅਤੇ ਡੇਰਾ ਬਾਬਾ ਨਾਨਕ, ਗੁਰਦਾਸਪੁਰ ‘ਤੇ ਨਜ਼ਰ ਰੱਖਣ ਲਈ ਦੋਵਾਂ ਥਾਵਾਂ ‘ਤੇ ਮੈਡੀਕਲ ਪੋਸਟਾਂ ਲਗਾਈਆਂ ਗਈਆਂ ਹਨ। ਉਨ•ਾਂ ਕਿਹਾ ਕਿ 29 ਜਨਵਰੀ, 2020 ਤੋਂ ਹੁਣ ਤੱਕ ਅਟਾਰੀ ਵਿਖੇ 777 ਯਾਤਰੀਆਂ ਅਤੇ ਡੇਰਾ ਬਾਬਾ ਨਾਨਕ ਵਿਖੇ 1430 ਯਾਤਰੀਆਂ ਦੀ ਸਕ੍ਰੀਨਿੰਗ ਕੀਤੀ ਗਈ ਅਤੇ ਕਿਸੇ ਯਾਤਰੀ ਵਿੱਚ  ਵੀ 2019 ਐਨ.ਸੀ.ਓ.ਵੀ ਦੇ ਲੱਛਣ ਨਹੀਂ ਪਾਏ ਗਏ। ਉਨ•ਾਂ ਦੱਸਿਆ ਕਿ ਇਹ ਮੈਡੀਕਲ ਚੈੱਕ ਪੋਸਟਾਂ ਵਲੋਂ ਪਾਕਿਸਤਾਨ ਤੋਂ ਯਾਤਰਾ ਕਰਕੇ ਆ ਰਹੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਚੀਨ ਦੀ ਯਾਤਰਾ ਕਰ ਚੁੱਕੇ ਲੋਕਾਂ ਨੂੰ ਉਨ•ਾਂ ਦੇ ਯਾਤਰਾ ਇਤਿਹਾਸ ਬਾਰੇ ਸਵੈ-ਘੋਸ਼ਣਾ ਪੱਤਰ ਜਮ•ਾਂ ਕਰਾਉਣ ਸਬੰਧੀ ਗਤੀਵਿਧੀਆਂ ਵੀ ਕੀਤੀਆਂ ਜਾ ਰਹੀਆਂ ਹਨ । ਇਸ ਦੇ ਨਾਲ ਹੀ ਵਾਇਰਸ ਦੇ ਲੱਛਣ ਬਾਰੇ  ਵੀ ਦੱਸਿਆ ਜਾ ਰਿਹਾ ਹੈ।

ਉਨ•ਾਂ ਦੱਸਿਆ ਕਿ ਕੋਰੋਨਾ ਵਾਇਰਸ ਸੰਬੰਧੀ ਜਾਣਕਾਰੀ ਲਈ ਹੈਲਪਲਾਈਨ ਨੰਬਰ 104 ਦੀ  ਸ਼ੁਰੂਆਤ ਕੀਤੀ ਗਈ ਹੈ । ਕੋਰੋਨਾ ਵਾਇਰਸ ਬਿਮਾਰੀ ਨਾਲ ਸਬੰਧਤ ਕਿਸੇ ਵੀ ਜਾਣਕਾਰੀ ਲਈ ਕੋਈ ਵੀ ਨਾਗਰਿਕ ਕਿਸੇ ਵਕਤ ਵੀ ਸੰਪਰਕ ਕਰ ਸਕਦਾ ਹੈ ਇਹ ਨੰਬਰ 24 ਘੰਟੇ ਉਪਲਬਧ ਹੈ। ਮੰਤਰੀ ਨੇ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਚੀਨ ਦੀ ਯਾਤਰਾ ਕਰ ਚੁੱਕਾ ਹੈ ਅਤੇ 1 ਜਨਵਰੀ, 2020 ਤੋਂ ਬਾਅਦ ਭਾਰਤ ਪਰਤਿਆ ਹੈ, ਨੂੰ ਨਜ਼ਦੀਕੀ ਸਰਕਾਰੀ ਹਸਪਤਾਲ ਕੋਲ ਰਿਪੋਰਟ ਕਰਨੀ ਚਾਹੀਦੀ ਹੈ ਜਾਂ ਹੈਲਪਲਾਈਨ ਨੰਬਰ 104 ‘ਤੇ ਫ਼ੋਨ ਕਰਕੇ ਸੂਚਨਾ ਦੇਣੀ ਚਾਹੀਦੀ ਹੈ ਤਾਂ ਜੋ ਸਿਹਤ ਵਿਭਾਗ ਵਲੋਂ ਸ਼ਨਾਖ਼ਤ ਕਰਕੇ ਲੋੜੀਂਦੇ ਉਪਾਅ ਕੀਤੇ ਜਾ ਸਕਣ।