ਖੁਫੀਆ ਜਾਣਕਾਰੀ ਸਾਂਝੇ ਕੀਤੇ ਜਾਣ ਸਬੰਧੀ ਵੱਖ ਵੱਖ ਪੱਖਾਂ ਉਤੇ ਵਿਸਥਾਰਤ ਚਰਚਾ
ਚੰਡੀਗੜ੍ਹ, 13 ਦਸੰਬਰ
ਪੰਜਾਬ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲੇਕ ਕਲੱਬ ਚੰਡੀਗੜ੍ਹ ਵਿਖੇ ਕਰਵਾਏ ਜਾ ਰਹੇ ਮਿਲਟਰੀ ਲਿਟਰੇਚਰ ਫੈਸਟੀਵਲ ਦੌਰਾਨ ਚੰਡੀਗੜ੍ਹ ਸਮੇਤ ਹੋਰਨਾਂ ਖੇਤਰਾਂ ਦੇ ਸਕੂਲਾਂ ਦੇ ਵੱਡੀ ਗਿਣਤੀ ਵਿਦਿਆਰਥੀਆਂ ਨੇ ਬ੍ਰਿਗੇਡੀਅਰ ਰਾਜੇਸ਼ ਭਾਸਕਰ ਵੱਲੋਂ ਲਿਖੀ ਕਿਤਾਬ-ਮੌਡਰਨਾਈਜਿੰਗ ਨੈਸ਼ਨਲ ਇੰਟੈਲੀਜੈਂਸ ਅਪਰੇਟਸ ਫਾਰ ਇੰਟਰਨਲ ਸਕਿਊਰਿਟੀ ਅਪਰੇਸ਼ਨਜ਼ ਉਤੇ ਕਰਵਾਈ ਗੋਸ਼ਟੀ ਵਿੱਚ ਹਿੱਸ ਲਿਆ।ਇਸ ਮੌਕੇ ਲੋਕਾਂ ਨੂੰ ਇਸ ਕਿਤਾਬ ਦੇ ਵੱਖ ਵੱਖ ਪੱਖਾਂ ਬਾਰੇ ਵਿਸਥਾਰਤ ਜਾਣਕਾਰੀ ਹਾਸਲ ਕਰਨ ਦਾ ਮੌਕਾ ਮਿਲਿਆ।ਕਿਤਾਬ ਦੇ ਲੇਖਕ ਬ੍ਰਿਗੇਡੀਅਰ ਰਾਜੇਸ਼ ਭਾਸਕਰ, ਸੇਵਾ ਮੁਕਤ ਡੀ.ਜੀ.ਪੀ. ਜੇ. ਐਸ. ਔਜਲਾ ਅਤੇ ਰਿਸਰਚ ਐਂਡ ਅਨੈਲਿਸਿਸ ਵਿੰਗ ਦੇ ਸਾਬਕਾ ਡਾਇਰੈਕਟਰ ਕੇ.ਸੀ. ਵਰਮਾ ਨੇ ਇਸ ਗੋਸ਼ਟੀ ਵਿੱਚ ਹਿੱਸਾ ਲਿਆ ਅਤੇ ਉਨ੍ਹਾਂ ਨੇ ਕਿਤਾਬ ਦੇ ਪੱਖ ਤੋਂ ਭਾਰਤ ਦੀਆਂ ਖੁਫੀਆ ਏਜੰਸੀਆਂ, ਖੁਫੀਆ ਦਸਤਾਵੇਜ਼ਾਂ ਅਤੇ ਭਾਰਤ ਦੇ ਅੰਦੂਰਨੀ ਅਤੇ ਭਾਰਤ ਤੋਂ ਬਾਹਰਲੇ ਮਸਲਿਆਂ ਉਤੇ ਵਿਚਾਰ ਵਟਾਂਦਰਾ ਕੀਤਾ।
ਇਸ ਮੌਕੇ ਸ਼੍ਰੀ ਕੇ.ਸੀ. ਵਰਮਾ ਨੇ ਵੱਖ ਵੱਖ ਦੇਸ਼ਾਂ ਵਿੱਚ 30 ਸਾਲ ਬਾਅਦ ਖੁਫੀਆ ਸਰਕਾਰੀ ਕਾਗਜ਼ਾਤ ਨਸ਼ਰ ਕੀਤੇ ਜਾਣ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਇਸ ਮੌਕੇ ਸੋਸ਼ਲ ਮੀਡੀਆ, ਆਧਾਰ ਕਾਰਡ, ਟੈਲੀਫੋਨ ਟੈਪਿੰਗ ਨਾਲ ਸਬੰਧਤ ਵੱਖ ਵੱਖ ਮਸਲਿਆਂ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।
ਸ੍ਰੀ ਵਰਮਾ ਨੇ ਕਿਹਾ ਕਿ ਖੁਫੀਆ ਏਜੰਸੀਆਂ ਸਬੰਧੀ ਬਹੁਤ ਸਾਰੀ ਜਾਣਕਾਰੀ ਸਾਹਮਣੇ ਨਹੀਂ ਆਉਂਦੀ ਕਿਉਂਕਿ ਖੁਫੀਆ ਏਜੰਸੀਆਂ ਨਾਲ ਸਬੰਧਤ ਲੋਕ ਆਪਣੇ ਕਾਰਜਕਾਲ ਅਤੇ ਸੇਵਾ ਮੁਕਤੀ ਤੋਂ ਬਾਅਦ ਵੀ ਸੌਖਿਆਂ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ। ਉਨ੍ਹਾਂ ਨੇ ਖੁਫੀਆ ਏਜੰਸੀਆਂ ਦੇ ਆਪਸੀ ਤਾਲਮੇਲ, ਭਰਤੀ ਅਤੇ ਟਰੇਨਿੰਗ ਸਬੰਧੀ ਮਸਲਿਆਂ ਉਤੇ ਚਾਨਣਾ ਪਾਇਆ।
ਕਿਤਾਬ ਦੇ ਲੇਖਕ ਸ੍ਰੀ ਰਾਜੇਸ਼ ਭਾਸਕਰ ਨੇ ਕਿਹਾ ਕਿ ਜਾਣਕਾਰੀ ਇਕੱਤਰ ਕਰਨ ਵਿੱਚ ਤਕਨੀਕ ਅਹਿਮ ਭੂਮਿਕਾ ਨਿਭਾਅ ਰਹੀ ਹੈ। ਉਨ੍ਹਾਂ ਕਿਹਾ ਕਿ ਖੁਫੀਆ ਏਜੰਸੀਆਂ ਵੱਲੋਂ ਜਾਣਕਾਰੀ ਸਾਂਝੀ ਕੀਤੇ ਜਾਣ ਦਾ ਘੇਰਾ ਵਧਾਇਆ ਜਾਣਾ ਚਾਹੀਦਾ ਹੈ ਤਾਂ ਜੋ ਤਾਲਮੇਲ ਵਿੱਚ ਹੋਰ ਵਾਧਾ ਹੋ ਸਕੇ। ਉਨ੍ਹਾਂ ਨੇ ਇਸ ਮੌਕੇ ਜਾਣਕਾਰੀ ਸਾਂਝੇ ਕੀਤੇ ਜਾਣ ਸਬੰਧੀ ਫਲੈਟ ਇਨਫਰਮੇਸ਼ਨ ਪੈਟਰਨ ਅਪਣਾਏ ਜਾਣ ਦੀ ਲੋੜ ਉਤੇ ਜ਼ੋਰ ਦਿੱਤਾ।
ਸੇਵਾ ਮੁਕਤ ਡੀ.ਜੀ.ਪੀ. ਜੇ. ਐਸ. ਔਜਲਾ ਕਿਤਾਬ ਦੇ ਵੱਖ ਵੱਖ ਪੱਖਾਂ ਉਤੇ ਵਿਸਥਾਰਤ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜਿਹੜੇ ਵਿਸ਼ੇ ਨੂੰ ਲੇਖਕ ਨੇ ਚੁਣਿਆ ਹੈ ਉਹ ਬਹੁਤ ਹੀ ਡੂੰਘਾ ਤੇ ਜਟਿਲ ਹੈ ਅਤੇ ਲੇਖਕ ਨੇ ਇੱਕ ਵਸੀਹ ਵਿਸ਼ੇ ਨੂੰ ਬਹੁਤ ਘੱਟ ਸ਼ਬਦਾਂ ਵਿੱਚ ਸਮੇਟਣ ਦਾ ਯਤਨ ਕੀਤਾ ਹੈ।ਉਨ੍ਹਾਂ ਕਿਹਾ ਕਿ ਅੰਦਰੂਨੀ ਇੰਟੈਲੀਜੈਂਸ ਅਤੇ ਬਾਹਰੀ ਇੰਟਲੀਜੈਂਸ ਨੂੰ ਸਪਸ਼ਟ ਰੂਪ ਵਿੱਚ ਵੱਖ ਵੱਖ ਕਰ ਕੇ ਨਹੀਂ ਦੇਖਿਆ ਜਾ ਸਕਦਾ।
———–
ਕੈਪਸ਼ਨ: ਕਿਤਾਬ ਉਤੇ ਚਰਚਾ ਕਰਦੇ ਹੋਏ ਲੇਖਕ ਬ੍ਰਿਗੇਡੀਅਰ ਰਾਜੇਸ਼ ਭਾਸਕਰ, ਸੇਵਾ ਮੁਕਤ ਡੀ.ਜੀ.ਪੀ. ਜੇ. ਐਸ. ਔਜਲਾ ਅਤੇ ਰਿਸਰਚ ਐਂਡ ਅਨੈਲਿਸਿਸ ਵਿੰਗ ਦੇ ਸਾਬਕਾ ਡਾਇਰੈਕਟਰ ਕੇ.ਸੀ. ਵਰਮਾ।
———-

English






