ਬਰਨਾਲਾ,8 ਮਈ 2021
ਸੂਬੇ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪਾਠਕ੍ਰਮ ਪੜ੍ਹਾਈ ਵਿੱਚ ਮੋਹਰੀ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਉਪਰਾਲੇ ਜਾਰੀ ਹਨ।ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸਿੱਖਿਆ ਨੂੰ ਗੁਣਾਤਮਕ ਬਣਾਉਣ ਲਈ ਵਿਭਾਗ ਹਰ ਸਮੇਂ ਯਤਨਸ਼ੀਲ ਰਹਿੰਦਾ ਹੈ।
ਵਿਭਾਗ ਵੱਲੋਂ ਪਿਛਲੇ ਸਮੇਂ ਦੌਰਾਨ ਵਿਦਿਆਰਥੀਆਂ ਲਈ ‘ਉਡਾਨ ਪ੍ਰੋਜੈਕਟ’ ਤਹਿਤ ਆਮ ਗਿਆਨ ਅਤੇ ‘ਅੱਜ ਦਾ ਸ਼ਬਦ’ ਐਕਟੀਵਿਟੀ ਤਹਿਤ ਭੁੱਲੀ-ਵਿਸਰੀ ਦੁਰਲੱਭ ਪੰਜਾਬੀ ਸ਼ਬਦਾਵਲੀ ਅਤੇ ਰੋਜ਼ਾਨਾ ਇੱਕ ਅੰਗਰੇਜ਼ੀ ਸ਼ਬਦ ਸਬੰਧੀ ਮਹੱਤਵਪੂਰਨ ਜਾਣਕਾਰੀ ਸਲਾਈਡਾਂ ਦੇ ਰੂਪ ਵਿੱਚ ਭੇਜੀ ਜਾ ਰਹੀ ਹੈ।ਵਿਭਾਗ ਵੱਲੋਂ ਅਜਿਹੀਆਂ ਗਤੀਵਿਧੀਆਂ ਦਾ ਸਮੇਂ-ਸਮੇਂ ‘ਤੇ ਮੁਲਾਂਕਣ ਵੀ ਕੀਤਾ ਜਾਂਦਾ ਹੈ । ਜਿਸ ਮੰਤਵ ਲਈ ਪਿਛਲੇ ਕੁੱਝ ਦਿਨਾਂ ਤੋਂ ਸੈਸ਼ਨ 2020-21 ਦੌਰਾਨ ਭੇਜੀ ਗਈ ਸਮੁੱਚੀ ਸਮੱਗਰੀ ਦੀ ਦੁਹਰਾਈ ਵੀ ਕਰਵਾਈ ਜਾ ਰਹੀ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ ਨੇ ਦੱਸਿਆ ਕਿ ਉਡਾਣ ਪ੍ਰਾਜੈਕਟ ਅਧੀਨ ਰੋਜ਼ਾਨਾ ਭੇਜੇ ਜਾ ਰਹੇ ਪ੍ਰਸ਼ਨ-ਉੱਤਰ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚੋਂ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਦੀ ਸਮਰੱਥਾ ਰੱਖਦੇ ਹਨ। ਰੋਜ਼ਾਨਾ ‘ਅੱਜ ਦਾ ਸ਼ਬਦ’ ਰਾਹੀਂ ਭੇਜੇ ਜਾ ਰਹੇ ਪੰਜਾਬੀ ਭਾਸ਼ਾ ਦੇ ਸ਼ਬਦ ਵਿਦਿਆਰਥੀਆਂ ਦੇ ਮਨ੍ਹਾਂ ਵਿੱਚ ਮਾਤ ਭਾਸ਼ਾ ਪ੍ਰਤੀ ਸਨੇਹ ਅਤੇ ਵਿਦਿਆਰਥੀਆਂ ਨੂੰ ਵਿਰਾਸਤ ਨਾਲ ਜੋੜਨ ਦਾ ਨਿੱਗਰ ਉਪਰਾਲਾ ਹਨ। ‘ਵਰਡ ਆਫ ਦ ਡੇਅ’ ਗਤੀਵਿਧੀ ਅਧੀਨ ਰੋਜ਼ਾਨਾ ਅੰਗਰੇਜ਼ੀ ਦਾ ਸ਼ਬਦ ਭੇਜਦਿਆਂ ਉਸ ਸ਼ਬਦ ਦੇ ਅਰਥ ਅਤੇ ਸ਼ਬਦ ਦੀ ਸ਼ੁਰੂਆਤ ਬਾਰੇ ਵਿਸਥਾਰ ਵਿੱਚ ਜਾਣਕਾਰੀ ਦੇ ਕੇ ਵਿਦਿਆਰਥੀਆਂ ਦਾ ਅੰਗਰੇਜ਼ੀ ਸ਼ਬਦ ਭੰਡਾਰ ਵਿਸ਼ਾਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਗਤੀਵਿਧੀਆਂ ਦੇ ਹੋਣ ਵਾਲੇ ਆਨਲਾਈਨ ਮੁਲਾਂਕਣ ਬਾਰੇ ਜਾਣਕਾਰੀ ਦਿੰਦਿਆਂ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਡਾਇਰੈਕਟਰ ਐੱਸ.ਸੀ.ਈ.ਆਰ.ਟੀ ਵੱਲੋਂ ਜਾਰੀ ਪੱਤਰ ਅਨੁਸਾਰ 10 ਮਈ, 2021 ਨੂੰ ਉਡਾਨ ਪ੍ਰੋਜੈਕਟ ਅਤੇ 12 ਮਈ, 2021 ਨੂੰ ਵਰਡ ਆਫ ਦਾ ਡੇਅ (ਅੰਗਰੇਜ਼ੀ ਅਤੇ ਪੰਜਾਬੀ ) ਦਾ ਮੁਲਾਂਕਣ ਕੀਤਾ ਜਾਵੇਗਾ। ਉਡਾਨ ਪ੍ਰੋਜੈਕਟ ਅਧੀਨ ਸਲਾਈਡ ਰਾਹੀਂ ਭੇਜੇ ਗਏ ਪ੍ਰਸ਼ਨਾਂ ‘ਤੇ ਅਧਾਰਿਤ 20 ਅੰਕਾਂ ਦਾ ਮੁਲਾਂਕਣ ਕੀਤਾ ਜਾਵੇਗਾ। ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਗਰੁੱਪ ਵਾਈਜ਼ 6 ਵੀਂ ਤੋਂ 8 ਵੀਂ ਜਮਾਤ , 9 ਵੀਂ ਤੋਂ 10 ਵੀਂ ਅਤੇ11ਵੀਂ ਤੋਂ 12 ਵੀਂ ਜਮਾਤ ਦੇ ਵੱਖਰੇ-ਵੱਖਰੇ ਤਿੰਨ ਲਿੰਕ ਐੱਸ.ਐੱਸ.ਏ. ਦੀ ਸਾਈਟ ‘ਤੇ ਅਪਲੋਡ ਕੀਤੇ ਜਾਣਗੇ। ਜੋ ਕਿ 48 ਘੰਟੇ ਲਈ ਵਿਦਿਆਰਥੀਆਂ ਲਈ ਖੁੱਲ੍ਹੇ ਰਹਿਣਗੇ। ਵਿਦਿਆਰਥੀ ਆਪਣੀ ਸੁਵਿਧਾ ਅਨੁਸਾਰ ਇਹ ਮੁਲਾਂਕਣ ਆਨਲਾਈਨ ਮੁਕੰਮਲ ਕਰ ਸਕਣਗੇ।
ਹਰਕੰਵਲਜੀਤ ਕੌਰ ਉਪ ਜਿਲਾ ਸਿੱਖਿਆ ਅਫ਼ਸਰ ਸੈਕੰਡਰੀ ਨੇ ‘ਵਰਡ ਆਫ ਦਾ ਡੇਅ’ ਮੁਲਾਂਕਣ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 12 ਮਈ ਨੂੰ ਪਿਛਲੇ ਸਾਲ ਦੇ ਭੇਜੇ ਗਏ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਦੇ ਸ਼ਬਦਾਂ ‘ਤੇ ਅਧਾਰਿਤ 15 ਪ੍ਰਸ਼ਨਾਂ ਦੇ ਅੰਗਰੇਜ਼ੀ ਅਤੇ ਪੰਜਾਬੀ ਦੇ ਵੱਖਰੇ-ਵੱਖਰੇ ਗੂਗਲ ਲਿੰਕ ਵੀ ਵੈਬਸਾਈਟ ‘ਤੇ ਉਪਲੱਬਧ ਕਰਵਾਏ ਜਾਣਗੇ। ਇਸ ਲਿੰਕ ਰਾਹੀਂ ਵੀ ਵਿਦਿਆਰਥੀ ਆਪਣੀ ਸੁਵਿਧਾ ਅਨੁਸਾਰ 48 ਘੰਟਿਆਂ ਦੇ ਵਿੱਚ ਮੁਲਾਂਕਣ ਹੱਲ ਕਰ ਸਕਣਗੇ। ਵਿਭਾਗ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਸੈਕੰਡਰੀ ਅਤੇ ਮਿਡਲ ,ਹਾਈ ਅਤੇ ਸੈਕੰਡਰੀ ਸਕੂਲਾਂ ਦੇ ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਨੂੰ ਇਹਨਾਂ ਮੁਲਾਂਕਣਾਂ ਪ੍ਰਤੀ ਉਤਸ਼ਾਹਿਤ ਕਰਕੇ ਇਹਨਾਂ ਵਿੱਚ ਵੱਧ ਤੋਂ ਵੱਧ ਭਾਗ ਲੈਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਇਸ ਸਬੰਧੀ ਮੁਲਾਂਕਣ ਲਿੰਕ ਵਿਦਿਆਰਥੀਆਂ ਤੱਕ ਪੁੱਜਦਾ ਕਰਨ ਦੀ ਸਮੁੱਚੀ ਜ਼ਿੰਮੇਵਾਰੀ ਸਕੂਲ ਮੁਖੀਆਂ ਅਤੇ ਸਕੂਲ ਅਧਿਆਪਕਾਂ ਦੀ ਹੋਵੇਗੀ। ਹਰੀਸ਼ ਬਾਂਸਲ ਜਿਲ੍ਹਾ ਮੈਂਟਰ ਸਾਇੰਸ, ਅਮਨਿੰਦਰ ਸਿੰਘ ਜਿਲ੍ਹਾ ਮੈਂਟਰ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ, ਕਮਲਦੀਪ ਜਿਲ੍ਹਾ ਮੈਂਟਰ ਗਣਿਤ ਅਤੇ ਬਿੰਦਰ ਸਿੰਘ ਖੁੱਡੀ ਕਲਾਂ ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਨੇ ਇਹਨਾਂ ਆਨਲਾਈਨ ਮੁਲਾਂਕਣਾਂ ਵਿੱਚ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ‘ਤੇ ਜੋਰ ਦਿੰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਲਾਜ਼ਮੀ ਤੌਰ ‘ਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਸਬੱਬ ਬਣਦੀਆਂ ਹਨ।

English





