ਪੇਂਡੂ ਤੇ ਸ਼ਹਿਰੀ ਖੇਤਰਾਂ ’ਚ 17 ਮਈ ਤੋਂ 12 ਜੂਨ ਦੇ ਅਰਸੇ ਦੌਰਾਨ ਪਾਜ਼ੇਟਿਵਿਟੀ ਦਰ ਇੱਕ ਸਮਾਨ ਅਰਥਾਤ 4.4 ਫੀਸਦ ਤੱਕ ਰਹੀ – ਚੇਅਰਮੈਨ ਚੀਮਾ

Sorry, this news is not available in your requested language. Please see here.

ਉਦਯੋਗ ਅਤੇ ਸੰਘਣੀ ਆਬਾਦੀ ਵਾਲੇ ਸ਼ਹਿਰੀ ਖੇਤਰਾਂ ਵਿੱਚ ਪੇਂਡੂ ਖੇਤਰਾਂ ਮਕਾਬਲੇ ਕੋਵਿਡ ਦੇ ਜ਼ਿਆਦਾ ਮਾਮਲੇ ਸਾਹਮਣੇ ਆਏ

ਬਟਾਲਾ, 17 ਜੂਨ,2021- ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਦੱਸਿਆ ਹੈ ਕਿ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ 17 ਮਈ -12 ਜੂਨ ਦੇ ਅਰਸੇ ਦੌਰਾਨ ਪਾਜ਼ੇਟਿਵਿਟੀ ਦਰ ਲਗਭਗ ਇਕ-ਸਮਾਨ ਅਰਥਾਤ 4.4 ਫੀਸਦ ਤੱਕ ਰਹੀ ਹੈ। ਇਸ ਰੁਝਾਨ ਤੋਂ ਇਹ ਪਤਾ ਚੱਲਦਾ ਹੈ ਕਿ ਸ਼ਹਿਰੀ ਖੇਤਰ ਜਿੱਥੇ ਉਦਯੋਗ ਹਨ ਜਾਂ ਜ਼ਿਆਦਾ ਆਬਾਦੀ ਘਣਤਾ ਵਾਲੇ ਜ਼ਿਲੇ ਜਿਵੇਂ ਲੁਧਿਆਣਾ, ਅੰਮਿ੍ਰਤਸਰ, ਐਸ.ਏ.ਐਸ.ਨਗਰ ਅਤੇ ਬਠਿੰਡਾ ਵਿੱਚ ਪੇਂਡੂ ਖੇਤਰ ਨਾਲੋਂ ਕੋਵਿਡ ਦੇ ਜ਼ਿਆਦਾ ਗਿਣਤੀ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਛੋਟੇ ਜ਼ਿਲੇ ਜਿਵੇਂ ਰੋਪੜ, ਮਾਨਸਾ ਅਤੇ ਮੁਕਤਸਰ ਦੇ ਪੇਂਡੂ ਖੇਤਰਾਂ ਵਿੱਚ ਸ਼ਹਿਰੀ ਖੇਤਰਾਂ ਦੀ ਤੁਲਨਾ ’ਚ ਕੋਵਿਡ ਦੇ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਪਿਛਲੇ ਹਫ਼ਤੇ ਸਾਰੇ ਜ਼ਿਲਿਆਂ ਵਿੱਚ 5 ਫੀਸਦ ਤੋਂ ਘੱਟ ਪਾਜ਼ੇਟਿਵਿਟੀ ਦਰ ਪਾਈ ਗਈ।

ਚੇਅਰਮੈਨ ਸ. ਚੀਮਾ ਨੇ ਦੱਸਿਆ ਕਿ ਜਨਵਰੀ ਤੋਂ ਅਪ੍ਰੈਲ 2021 ਦੇ ਅੰਕੜੇ ਦਰਸਾਉਂਦੇ ਹਨ ਕਿ ਇਸ ਸਾਲ 21 ਤੋਂ 40 ਸਾਲ ਤੱਕ ਦੀ ਅਬਾਦੀ ਦੂਜੇ ਉਮਰ ਵਰਗਾਂ ਨਾਲੋਂ ਵਧੇਰੇ ਪ੍ਰਭਾਵਤ ਹੋਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸੀ.ਐੱਫ.ਆਰ. (ਮੌਤ ਦਰ) ਦਰ ਇਸ ਸਮੇਂ ਦੌਰਾਨ ਸ਼ਹਿਰੀ ਇਲਾਕਿਆਂ ਨਾਲੋਂ ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚ ਵਧੇਰੇ ਰਹੀ ਹੈ। ਇਹ ਰੁਝਾਨ ਮਈ 2021 ਦੇ ਅੱਧ ਤੋਂ ਬਾਅਦ ਉਲਟ ਗਿਆ ਅਤੇ ਸ਼ਹਿਰੀ ਖੇਤਰਾਂ ਵਿਚ ਸੀ.ਐਫ.ਆਰ. ਪੇਂਡੂ ਖੇਤਰਾਂ ਨਾਲੋਂ ਵਧ ਗਈ। ਉਨਾਂ ਕਿਹਾ ਕਿ ਇਸ ਲਈ ਸਾਰੀ ਯੋਗ ਅਬਾਦੀ ਨੂੰ ਟੀਕਾ ਲਗਵਾਉਣ ਦੀ ਜ਼ਰੂਰਤ ਹੈ ਅਤੇ ਸੂਬੇ ਵਿੱਚ ਸੀ.ਐੱਫ.ਆਰ. ਨੂੰ ਘਟਾਉਣ ਲਈ ਆਈ.ਈ.ਸੀ. / ਬੀ.ਸੀ.ਸੀ ਗਤੀਵਿਧੀਆਂ ’ਤੇ ਧਿਆਨ ਕੇਂਦਰਿਤ ਕਰਨਾ ਸਮੇਂ ਦੀ ਲੋੜ ਹੈ।

ਚੇਅਰਮੈਨ ਸ. ਚੀਮਾ ਨੇ ਕਿਹਾ ਕਿ ਸਿਵਲ ਸਰਜਨਾਂ ਨੂੰ ਟੀਕਾਕਰਨ ਮੁਹਿੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਪੰਜਾਬ ਸਰਕਾਰ ਨੇ ਨਿਰਧਾਰਤ ਟੀਚੇ ਨੂੰ ਪੂਰਾ ਕਰਨ ਲਈ ਟੀਕਿਆਂ ਦੀ ਸਪਲਾਈ ਵਧਾਉਣ ਵਾਸਤੇ ਭਾਰਤ ਸਰਕਾਰ ਨੂੰ ਪਹਿਲਾਂ ਹੀ ਆਖ ਦਿੱਤਾ ਹੈ।