ਝੰਡੇ ਅਤੇ ਏਜੰਡੇ ਨੂੰ ਪਾਸੇ ਰੱਖ ਕੇ ਕਿਸਾਨ ਅੰਦੋਲਨ ਦਾ ਡਟ ਕੇ ਸਾਥ ਦੇ ਰਹੀ ਹੈ ਆਮ ਆਦਮੀ ਪਾਰਟੀ : ਜਰਨੈਲ ਸਿੰਘ

JARNAIL SINGH
Capt Amarinder is proof of Congress’ and BJP’s double-standard: Jarnail Singh

ਕਿਹਾ, ਕਿਸਾਨ ਅੰਦੋਲਨ ਬਾਰੇ ਪਾਰਟੀ ‘ਚ ਹਰ ਪੱਧਰ ‘ਤੇ ਪਹੁੰਚਾਇਆ ਜਾ ਰਿਹਾ ਹੈ ਕੇਜਰੀਵਾਲ ਦਾ ਸੁਨੇਹਾ
ਚੰਡੀਗੜ, 2 ਅਗਸਤ 2021
ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਸਿੰਘ ਨੇ ਕਿਸਾਨ ਅੰਦੋਲਨ ਬਾਰੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਦੀ ਪਹਿਲੀ ਸਿਆਸੀ ਪਾਰਟੀ ਹੈ, ਜੋ ਬਿਲ ਦਾ ਖਰੜਾ (ਡਰਾਫਿਟ) ਮੌਕੇ ਤੋਂ ਹੀ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦਾ ਹਰ ਪੱਧਰ ‘ਤੇ ਵਿਰੋਧ ਕਰਦੀ ਆ ਰਹੀ ਹੈ।
ਸੋਮਵਾਰ ਨੂੰ ਇੱਥੇ ਪਾਰਟੀ ਦਫ਼ਤਰ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਰਨੈਲ ਸਿੰਘ ਨੇ ਕਿਹਾ ਕਿ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਸਮੇਤ ਸਾਰੇ ਰਾਜਾਂ ਦੇ ਪਾਰਟੀ ਆਗੂਆਂ ਨੂੰ ਸਪੱਸ਼ਟ ਦਿਸ਼ਾ- ਨਿਰਦੇਸ਼ ਦਿੱਤੇ ਹਨ ਕਿ ਕਿਸਾਨ ਅੰਦੋਲਨ ਦੇਸ਼ ਭਰ ਦੇ ਅੰਨਦਾਤਾ ਦੀ ਹੋਂਦ ਅਤੇ ਜ਼ਮੀਨ ਬਚਾਉਣ ਵਾਲਾ ਇੱਕ ਪਵਿੱਤਰ ਅਤੇ ਗੈਰ ਸਿਆਸੀ ਅੰਦੋਲਨ ਹੈ। ਸੋ ਇਸ ਅੰਦੋਲਨ ਦੀ ਹੋਰ ਮਜ਼ਬੂਤੀ ਅਤੇ ਚੜਦੀ ਕਲਾਂ ਲਈ ਪਾਰਟੀ ਦਾ ਹਰ ਆਗੂ ਅਤੇ ਵਲੰਟੀਅਰ ਪਾਰਟੀ ਦੇ ਝੰਡੇ ਅਤੇ ਏਜੰਡੇ ਨੂੰ ਪਾਸੇ ਰੱਖ ਕੇ ਇਸ ਅੰਦੋਲਨ ‘ਚ ਤਨ, ਮਨ ਅਤੇ ਧਨ ਨਾਲ ਹਰ ਪੱਧਰ ਉਤੇ ਉਦੋਂ ਤੱਕ ਮਦਦ ਜਾਰੀ ਰੱਖੇ, ਜਦੋਂ ਤੱਕ ਕਿਸਾਨ ਜਿੱਤ ਦਾ ਪਰਚਮ ਲਹਿਰਾ ਕੇ ਵਾਪਸ ਘਰਾਂ ਨੂੰ ਨਹੀਂ ਪਰਤ ਆਉਂਦੇ।
ਜਰਨੈਲ ਸਿੰਘ ਨੇ ਦੱਸਿਆ ਕਿ ਪਾਰਟੀ ਵੱਲੋਂ ਕੇਜਰੀਵਾਲ ਦੇ ਇਸ ਸੁਨੇਹੇ ਨੂੰ ਪਾਰਟੀ ਦੇ ਹਰ ਪੱਧਰ ਦੇ ਆਗੂਆਂ ਅਤੇ ਵਲੰਟੀਅਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਮੋਦੀ ਸਰਕਾਰ ਨੂੰ ਆਪਣੀ ਜਿੱਦ ਛੱਡ ਕੇ ਖੇਤੀ ਵਿਰੋਧੀ ਤਿੰਨੋਂ ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ। ਇਸ ਮੌਕੇ ਉਨਾਂ ਨਾਲ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਮੀਤ ਹੇਅਰ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਸੂਬਾ ਖਜਾਨਚੀ ਨੀਨਾ ਮਿੱਤਲ ਵੀ ਮੌਜੂਦ ਸਨ।