ਹਸਪਤਾਲਾਂ ਵਿਚ ਸਟਾਫ ਦੀ ਕਮੀ ਨੂੰ ਕੀਤਾ ਜਾਵੇਗਾ ਪੂਰਾ-ਚੇਅਰਮੈਨ
ਅੰਮ੍ਰਿਤਸਰ 9 ਅਗਸਤ 2021 ਕਰੋਨਾ ਦੀ ਸੰਭਾਵੀ ਤੀਜ਼ੀ ਲਹਿਰ ਨਾਲ ਨਿਪਟਣ ਲਈ ਸਰਕਾਰ ਵਲੋ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਬੱਚਿਆਂ ਲਈ ਵਿਸ਼ੇਸ ਵਾਰਡ ਵੀ ਸਥਾਪਤ ਕੀਤੇ ਗਏ ਹਨ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਨਵੇ ਬਣੇ ਚੇਅਰਮੈਨ ਸ਼੍ਰੀ ਅਸ਼ਵਨੀ ਸੇਖੜੀ ਨੇ ਅੱਜ ਰਣਜੀਤ ਐਵੀਨਿਊ ਵਿਖੇ ਸਥਿਤ ਭਾਈ ਧਰਮ ਸਿੰਘ ਸੈਟੇਲਾਈਟ ਹਸਪਤਾਲ ਦਾ ਅਚਨਚੇਤ ਨਿਰੀਖਣ ਕਰਨ ਉਪਰੰਤ ਕੀਤਾ।
ਅੱਜ ਸਵੇਰੇ ਠੀਕ 10 ਵਜੇ ਸ਼੍ਰੀ ਸੇਖੜੀ ਹਸਪਤਾਲ ਪੁੱਜੇ ਅਤੇ ਹਸਪਤਾਲ ਵਿਖੇ ਵੈਕਸੀਨ ਲਗਵਾਉਣ ਆਏ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਪ੍ਰਬੰਧਾਂ ਤੇ ਆਪਣੀ ਸੰਤੁਸ਼ਟੀ ਪ੍ਰਗਟਾਈ।
ਸ਼੍ਰੀ ਸੇਖੜੀ ਨੇ ਕਿਹਾ ਕਿ ਹਸਪਤਾਲ ਵਿਖੇ ਕੁਝ ਸਟਾਫ ਦੀ ਕਮੀ ਹੈ,ਜਿਸ ਨੂੰ ਕਿ ਜ਼ਲਦ ਪੂਰਾ ਕਰ ਦਿੱਤਾ ਜਾਵੇਗਾ। ਹਸਪਤਾਲ ਵਿਖੇ ਬੰਦ ਪਏ ਪੱਖਿਆਂ ਨੂੰ ਵੇਖ ਕੇ ਸ਼੍ਰੀ ਸੇਖੜੀ ਨੇ ਤੁਰੰਤ ਇੰਨ੍ਹਾਂ ਨੂੰ ਠੀਕ ਕਰਵਾਉਣ ਦੀਆਂ ਹਦਾਇਤਾਂ ਕੀਤੀਆਂ। ਸ਼੍ਰੀ ਸੇਖੜੀ ਨੇ ਦੱਸਿਆ ਕਿ ਨਿਰੀਖਣ ਸਮੇ ਹਸਪਤਾਲ ਦਾ ਪੂਰਾ ਸਟਾਫ ਹਾਜਰ ਸੀ ਅਤੇ ਸਫਾਈ ਵਿਵਸਥਾ ਵੀ ਬਿਲਕੁਲ ਠੀਕ ਸੀ। ਸ਼੍ਰੀ ਸੇਖੜੀ ਨੇ ਮਰੀਜਾਂ ਦੀ ਵੱਧੀ ਹੋਈ ਭੀੜ ਨੂੰ ਦੇਖ ਕੇ ਸੀਨੀਅਰ ਮੈਡੀਕਲ ਅਫਸਰ ਨੂੰ ਨਿਰਦੇਸ ਦਿੱਤੇ ਕਿ ਇੰਨ੍ਹਾਂ ਦੇ ਬੈਠਣ ਲਈ ਪੂਰਾ ਪ੍ਰਬੰਧ ਕੀਤਾ ਜਾਵੇ ਅਤੇ ਕਿਸੇ ਵੀ ਮਰੀਜ਼ ਨੂੰ ਕੋਈ ਮੁਸ਼ਕਲ ਪੇਸ਼ ਨਾ ਆਉਣ ਦਿੱਤੀ ਜਾਵੇ।
ਇਸ ਮੋਕੇ ਸੀਨੀਅਰ ਮੈਡੀਕਲ ਅਫਸਰ ਡਾ: ਕੁਲਦੀਪ ਕੌਰ ਨੇ ਦੱਸਿਆ ਕਿ ਇਸ ਹਸਪਤਾਲ ਵਿਖੇ ਰੋਜਾਨਾ ਲਗਭਗ 800 ਦੇ ਕਰੀਬ ਵਿਅਕਤੀਆਂ ਨੂੰ ਕਰੋਨਾ ਦੀ ਵੈਕਸੀਨ ਲਗਾਈ ਜਾ ਰਹੀ ਹੈ ਅਤੇ ਇਸ ਤੋ ਇਲਾਵਾ ਕਰੋਨਾ ਦੇ ਟੈਸਟ ਵੀ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਖੇ ਜਨਰਲ ਓ ਪੀ ਡੀ ਵੀ ਸ਼ੁਰੂ ਹੋ ਗਈ ਹੈ ਅਤੇ ਵੱਡੀ ਗਿਣਤੀ ਵਿਚ ਗਰਭਵਤੀ ਔਰਤਾਂ ਵੀ ਇਸ ਹਸਪਤਾਲ ਵਿਖੇ ਆਪਣਾ ਚੈਕ ਅਪ ਕਰਾਉਣ ਲਈ ਆਉਦੀਆਂ ਹਨ। ਡਾ: ਕੁਲਦੀਪ ਕੌਰ ਨੇ ਕਿਹਾ ਕਿ ਹਸਪਤਾਲ ਵਿਖੇ ਮਰੀਜਾਂ ਲਈ ਪੂਰੇ ਪ੍ਰਬੰਧ ਮੁਕੰਮਲ ਹਨ ਅਤੇ ਸਟਾਫ ਵਲੋ ਵੀ ਮਰੀਜ਼ਾਂ ਦੀ ਪੂਰੀ ਦੇਖਭਾਲ ਕੀਤੀ ਜਾਂਦੀ ਹੈ।
ਕੈਪਸ਼ਨ: ਚੇਅਰਮੈਨ ਹੈਲਥ ਕਾਰਪੋਰੇਸ਼ਨ ਸ਼੍ਰੀ ਅਸ਼ਵਨੀ ਸੇਖੜੀ ਹਸਪਤਾਲ ਦਾ ਨਿਰੀਖਣ ਕਰਦੇ ਹੋਏ।

हिंदी






