ਸੈਕਟਰੀ ਮੰਡੀ ਬੋਰਡ ਵੱਲੋਂ ਤਰਨਤਾਰਨ ਜਿਲ੍ਹੇ ਦੀਆਂ ਮੰਡੀਆਂ ਦਾ ਦੌਰਾ
ਤਰਨਤਾਰਨ, 8 ਅਕਤੂਬਰ 2021
ਜਿਲ੍ਹੇ ਵਿਚ ਚੱਲ ਰਹੀ ਝੋਨੇ ਦੀ ਖਰੀਦ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ਉਤੇ ਪੁੱਜੇ ਸੈਕਟਰੀ ਮੰਡੀ ਬੋਰਡ ਸ੍ਰੀ ਰਵੀ ਭਗਤ ਨੇ ਖਡੂਰ ਸਾਹਿਬ ਮੰਡੀ ਵਿਚ ਪਏ ਝੋਨੇ, ਜਿਸ ਦੀ ਅਜੇ ਖਰੀਦ ਨਹੀਂ ਹੋਈ, ਬਾਰੇ ਸਪੱਸ਼ਟ ਕੀਤਾ ਹੈ ਕਿ ਉਕਤ ਝੋਨੇ ਦੀ ਖਰੀਦ ਲਈ ਐਸ ਡੀ ਐਮ ਦੀ ਅਗਵਾਈ ਹੇਠ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ, ਜੋ ਕਿ ਬੋਰੀਆਂ ਵਿਚ ਪਏ ਝੋਨੇ ਨੂੰ ਦੁਬਾਰਾ ਖਾਲੀ ਕਰਵਾ ਕੇ ਸਬੰਧਤ ਕਿਸਾਨ, ਜਿਸ ਵੱਲੋਂ ਇਹ ਪੈਦਾ ਕੀਤਾ ਗਿਆ ਹੈ, ਦੇ ਬਿਆਨ ਤੇ ਆੜਤੀਏ ਦੇ ਬਿਆਨ ਲੈ ਕੇ ਸਰਕਾਰੀ ਬੋਲੀ ਲਈ ਤਿਆਰ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਸ ਕਮੇਟੀ ਵਿਚ ਜਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਅਤੇ ਮੰਡੀ ਸੈਕਟਰੀ ਵੀ ਮੈਂਬਰ ਹੋਣਗੇ, ਜੋ ਕਿ ਦੋਵਾਂ ਧਿਰਾਂ ਦੇ ਬਿਆਨ ਲੈਣ ਤੋਂ ਇਲਾਵਾ ਉਕਤ ਕਿਸਾਨ ਦੀ ਜ਼ਮੀਨ ਦਾ ਵੇਰਵਾ ਵੀ ਪ੍ਰਾਪਤ ਕਰਨਗੇ, ਜੋ ਤਸਵੀਰ ਦਾ ਸਹੀ ਪੱਖ ਪੇਸ਼ ਕਰੇਗਾ। ਉਨਾਂ ਕਿਹਾ ਕਿ ਜੇਕਰ ਕਿਸੇ ਵੀ ਆੜਤੀਏ ਨੇ ਇਸ ਵਿਚ ਕਿਸਾਨਾਂ ਨਾਲ ਧੋਖਾ ਕੀਤਾ ਹੋਇਆ ਪਾਇਆ ਗਿਆ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਹੋਰ ਪੜ੍ਹੋ :-ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਦੇ ਸਬੰਧ ਵਿੱਚ ਕਾਨੂੰਨੀ ਸਾਖਰਤਾ ਸੈਮੀਨਾਰਾਂ ਦਾ ਆਯੋਜਨ
ਸ੍ਰੀ ਭਗਤ ਨੇ ਇਸ ਦੌਰਾਨ ਖਡੂਰ ਸਾਹਿਬ ਤੋਂ ਇਲਾਵਾ ਤਰਨਤਾਰਨ ਅਨਾਜ ਮੰਡੀ ਦਾ ਵੀ ਦੌਰਾ ਕੀਤਾ । ਉਨਾਂ ਨੇ ਮੰਡੀ ਵਿਚ ਆਏ ਝੋਨੇ ਦੀ ਖਰੀਦ ਅਤੇ ਚੁਕਾਈ ਬਾਬਤ ਆੜਤੀਆਂ, ਮੰਡੀ ਅਧਿਕਾਰੀਆਂ ਤੇ ਖਰੀਦ ਏਜੰਸੀਆਂ ਦੇ ਮੈਨੇਜਰਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨਾਂ ਹਾਜ਼ਰ ਕਿਸਾਨਾਂ ਕੋਲੋਂ ਵੀ ਮੰਡੀ ਬਾਰੇ ਰੈਅ ਲਈ, ਪਰ ਸਾਰੇ ਕਿਸਾਨਾਂ ਨੇ ਖਰੀਦ ਉਤੇ ਤਸੱਲੀ ਪ੍ਰਗਟਾਈ। ਸ੍ਰੀ ਭਗਤ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਉਪਜ ਦਾ ਇਕ-ਇਕ ਦਾਣਾ ਖਰੀਦ ਕਰੇਗੀ, ਪਰ ਇਸ ਲਈ ਜ਼ਰੂਰੀ ਹੈ ਕਿ ਨਿਰਧਾਰਤ ਨਮੀ ਤੋਂ ਵੱਧ ਗਿੱਲਾ ਝੋਨਾ ਮੰਡੀ ਵਿਚ ਨਾ ਲਿਆਂਦਾ ਜਾਵੇ। ਉਨਾਂ ਕਿਹਾ ਕਿ ਸਾਡੇ ਕੋਲ ਬਾਰਦਾਨੇ ਦੀ ਕੋਈ ਕਮੀ ਨਹੀਂ ਹੈ, ਮੰਡੀ ਵਿਚੋਂ ਝੋਨਾ ਸ਼ੈਲਰਾਂ ਤੱਕ ਭੇਜਣ ਲਈ ਟੈਂਡਰ ਹੋ ਚੁੱਕੇ ਹਨ, ਸੋ ਕਿਸੇ ਵੀ ਤਰਾਂ ਦੀ ਕਾਹਲੀ ਦੀ ਲੋੜ ਨਹੀਂ।
ਉਨਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਆਪਣੇ ਖੇਤਾਂ ਦੀ ਉਪਜਾਊ ਸ਼ਕਤੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਜਰਖੇਜ਼ ਧਰਤੀ ਛੱਡਣ ਵਾਸਤੇ ਇਹ ਵੀ ਜ਼ਰੂਰੀ ਹੈ ਕਿ ਪਰਾਲੀ ਨੂੰ ਅੱਗ ਹਰਗਿਜ਼ ਨਾ ਲਗਾਈ ਜਾਵੇ, ਸਗੋਂ ਇਸ ਨੂੰ ਖੇਤ ਵਿਚ ਵਾਹਉਣ ਦੇ ਉਪਰਾਲੇ ਕੀਤੇ ਜਾਣ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਵਾਸਤੇ ਸਹਿਕਾਰੀ ਸੁਸਾਇਟੀਆਂ, ਕਿਸਾਨ ਗਰੁੱਪਾਂ ਤੇ ਨਿੱਜੀ ਤੌਰ ਉਤੇ ਵੀ ਕਿਸਾਨਾਂ ਨੂੰ ਵਧੀਆ ਖੇਤੀ ਮਸ਼ੀਨਰੀ ਸਬਸਿਡੀ ਉਤੇ ਦਿੱਤੀ ਹੈ, ਸੋ ਇਸ ਦੀ ਵਰਤੋਂ ਕਰੋ ਤੇ ਆਪਣੀਆਂ ਜ਼ਮੀਨਾਂ, ਜੋ ਕਿ ਸਹੀ ਅਰਥਾਂ ਵਿਚ ਕਿਸਾਨ ਦੀ ਪੂੰਜੀ ਹੈ, ਨੂੰ ਬਚਾਇਆ ਜਾਵੇ। ਇਸ ਮੌਕੇ ਮੰਡੀ ਬੋਰਡ ਦੇ ਜਨਰਲ ਮੈਨੇਜਰ ਸ. ਸੁਖਬੀਰ ਸਿੰਘ ਸੋਢੀ ਵੀ ਉਨਾਂ ਨਾਲ ਹਾਜ਼ਰ ਸਨ। ਤਰਨਤਾਰਨ ਮੰਡੀ ਵਿਚ ਮਾਰਕੀਟ ਕਮੇਟੀ ਦੇ ਚੇਅਰਮੈਨ ਸ. ਸੁਬੇਗ ਸਿੰਘ ਧੁੰਨ ਨੇ ਸ੍ਰੀ ਭਗਤ ਤੇ ਸ੍ਰੀ ਸੋਢੀ ਦਾ ਸਨਮਾਨ ਕੀਤਾ।

English






