ਭਗਵੰਤ ਮਾਨ ਨੇ ਗ੍ਰਾਮ ਸਭਾਵਾਂ ਵੱਲੋਂ ਪਾਸ ਕੀਤੇ ਮਤਿਆਂ ਨੂੰ ਦੱਸਿਆ ‘ਬ੍ਰਹਮ ਅਸਤਰ'

aap punjab Gram Sabha bulao-Pind bachao

ਕੈਪਟਨ-ਬਾਦਲ-ਮੋਦੀ ਨੇ ਪੈਦਾ ਕੀਤੇ ਅਜਿਹੇ ਹਲਾਤ ਜਵਾਨ ਸ਼ਹੀਦ ਹੁੰਦੇ ਬਾਰਡਰਾਂ ‘ਤੇ, ਕਿਸਾਨ ਆਤਮਹੱਤਿਆ ਕਰਦੇ ਮੋਟਰਾਂ ‘ਤੇ- ਭਗਵੰਤ ਮਾਨ

ਬਰਨਾਲਾ, 2 ਅਕਤੂਬਰ 2020
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਗ੍ਰਾਮ ਸਭਾਵਾਂ ਵੱਲੋਂ ਪਾਸ ਕੀਤੇ ਮਤਿਆਂ ਨੂੰ ‘ਬ੍ਰਹਮ ਅਸਤਰ’ ਕਰਾਰ ਦਿੰਦਿਆ ਕਿਹਾ ਕਿ ਗ੍ਰਾਮ ਸਭਾਵਾਂ ਹੀ ਹਨ, ਜੋ ਖੇਤੀ ਵਿਰੋਧੀ ਕਾਨੂੰਨਾਂ ਨੂੰ ਵਾਪਸ ਕਰਵਾਕੇ ਕਿਸਾਨਾਂ ਸਮੇਤ ਦੇਸ ਦੇ ਹਰ ਵਰਗ ਨੂੰ ਬਚਾਇਆ ਜਾ ਸਕਦਾ ਹੈ। ਜੇਕਰ ਕਿਸਾਨ ਬਰਬਾਦ ਹੋ ਗਏ ਤਾਂ ਸਮਝੋ ਦੇਸ਼ ਦਾ ਹਰ ਵਰਗ ਬਰਬਾਦੀ ਦੀ ਕਗਾਰ ‘ਤੇ ਪਹੁੰਚ ਜਾਣਗੇ। ਬਰਨਾਲਾ ਦੇ ਪਿੰਡ ਚੰਨਣਵਾਲ ਵਿਖੇ ਬੁਲਾਈ ਗਈ ਗ੍ਰਾਮ ਸਭਾ ਦੀ ਬੈਠਕ ਵਿਚ ਪਹੁੰਚੇ ਕਿਸਾਨ ਹਿਤੈਸ਼ੀ ਲੋਕਾਂ ਦੀ ਹਾਜ਼ਰੀ ਵਿਚ ਸਰਬਸੰਮਤੀ ਨਾਲ ਜ਼ਾਲਮ ਸਰਕਾਰਾਂ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਮਤਾ ਵੀ ਪਾਸ ਕੀਤਾ ਗਿਆ। ਇਸ ਮੌਕੇ ਗ੍ਰਾਮ ਸਭਾ ਦੀ ਬੈਠਕ ਵਿਚ ਵਿਧਾਇਕ ਮੀਤ ਹੇਅਰ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਸਥਾਨਕ ਆਗੂ ਵੀ ਹਾਜ਼ਰ ਸਨ।
ਭਗਵੰਤ ਮਾਨ ਨੇ ਕਿਹਾ ਕਿ ਗ੍ਰਾਮ ਸਭਾ ਵਿੱਚ ਪਿੰਡ ਦਾ ਹਰ ਵੋਟਰ ਜਿਸ ਦੀ ਉਮਰ 18 ਸਾਲ ਤੋਂ ਉੱਪਰ ਹੁੰਦੀ ਹੈ, ਆਪਣੇ ਆਪ ਹੀ ਇਸ ਦਾ ਮੈਂਬਰ ਨਾਮਜ਼ਦ ਹੋ ਜਾਂਦਾ ਹੈ। ਇਸ ਪਿੱਛੋਂ ਕਿਸੇ ਵੀ ਮੁੱਦੇ ‘ਤੇ ਵੋਟਿੰਗ ਕਰਵਾਈ ਜਾਂਦੀ ਹੈ ਅਤੇ ਨਤੀਜਾ ਕੱਢਿਆ ਜਾਂਦਾ ਹੈ ਅਤੇ ਇਸ ਸਾਰੀ ਪ੍ਰਕਿਰਿਆ ਨੂੰ ਪੰਚਾਇਤ ਦੇ ਕਾਰਵਾਈ ਰਜਿਸਟਰ ਵਿੱਚ ਲਿਖਿਆ ਜਾਂਦਾ ਹੈ, ਜੋ ਇੱਕ ਕਾਨੂੰਨੀ ਦਸਤਾਵੇਜ਼ ਬਣ ਜਾਂਦਾ ਹੈ ਅਤੇ ਮਾਣਯੋਗ ਸੁਪਰੀਮ ਕੋਰਟ ਤੱਕ ਇਹ ਦਸਤਾਵੇਜ਼ ਪ੍ਰਵਾਨ ਹੁੰਦਾ ਹੈ, ਕਿਉਂਕਿ ਇਹ ਸਿੱਧੇ ਤੌਰ ‘ਤੇ ਲੋਕਾਂ ਦੀ ਰਾਇ ਹੁੰਦੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕਿਸੇ ਪਿੰਡ ਦੀ ਪੰਚਾਇਤ ਦਾ ਫ਼ੈਸਲਾ ਪਿੰਡ ਵਾਸੀਆਂ ਨੂੰ ਸਹੀ ਨਹੀਂ ਲੱਗਦਾ ਜਾਂ ਪੰਚਾਇਤ ਨੇ ਗ਼ਲਤ ਮਤਾ ਪਾਸ ਕਰ ਦਿੱਤਾ ਹੈ ਤਾਂ ਪਿੰਡ ਵਾਸੀ ਗ੍ਰਾਮ ਸਭਾ ਬੁਲਾ ਕੇ ਮਤੇ ‘ਤੇ ਵਿਚਾਰ-ਚਰਚਾ ਕਰ ਸਕਦੇ ਹਨ ਅਤੇ ਜੇਕਰ ਮਤੇ ਦੇ ਖ਼ਿਲਾਫ਼ ਜ਼ਿਆਦਾ ਸੰਖਿਆ ਵਿਚ ਪਿੰਡ ਵਾਸੀ ਖ਼ਿਲਾਫ਼ ਹਨ ਤਾਂ ਪੰਚਾਇਤ ਦਾ ਫ਼ੈਸਲਾ ਬਦਲਿਆ ਜਾ ਸਕਦਾ ਹੈ। ਮਾਨ ਨੇ ਕਿਹਾ ਕਿ ਗ੍ਰਾਮ ਸਭਾ ਪੰਚਾਇਤ ਤੋਂ ਵੱਡੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਗਰਾਮ ਸਭਾ ਇੱਕ ਬਹੁਤ ਵੱਡਾ ਸਬੂਤ ਹੁੰਦਾ ਹੈ, ਜਿਸ ਨੂੰ ਕੋਈ ਵੀ ਅਣਦੇਖਿਆ ਨਹੀਂ ਕਰ ਸਕਦਾ। ਲੋਕ ਉਨ੍ਹਾਂ ਕਿਹਾ ਕਿ ਅਸੀਂ ਸਮੁੱਚੇ ਪੰਜਾਬ ਦੇ 12 ਹਜ਼ਾਰ ਤੋਂ ਜ਼ਿਆਦਾ ਪਿੰਡਾਂ ਦੀਆਂ ਪੰਚਾਇਤਾਂ ਨੂੰ ਮੀਡੀਆ ਰਾਹੀਂ ਅਪੀਲ ਕਰਦੇ ਹਾਂ ਕਿ ਉਹ ਵੀ ਆਪੋ ਆਪਣੇ ਪਿੰਡਾਂ ਵਿੱਚ ਗਾ੍ਰਮ ਸਭਾਵਾਂ ਦੇ ਇਜਲਾਸ ਤੁਰੰਤ ਬੁਲਾਉਣ ਅਤੇ ਤਿੰਨੋਂ ਖੇਤੀ ਵਿਰੋਧੀ ਆਰਡੀਨੈਂਸਾਂ ਦੇ ਖ਼ਿਲਾਫ਼ ਮਤੇ ਪਾਉਣ ਤਾਂ ਕਿ ਦੇਸ ਦੇ ਅੰਨਦਾਤਾ ਕਿਸਾਨਾਂ ਨੂੰ ਬਚਾਇਆ ਜਾ ਸਕੇ।
ਭਗਵੰਤ ਮਾਨ ਨੇ ਕਿਹਾ ਕਿ ਕੈਪਟਨ-ਬਾਦਲ-ਮੋਦੀ ਨੇ ਜੋ ਇਹ ਕਿਸਾਨ ਵਿਰੋਧੀ ਕਾਲੇ ਕਾਨੂੰਨ ਪਾਸ ਕੀਤੇ ਹਨ, ਇਹ ਕਿਸਾਨ ਵਿਰੋਧੀ ਨਹੀਂ ਬਲਕਿ ਲੋਕ ਵਿਰੋਧੀ ਹਨ, ਕਿਉਂਕਿ ਇਨ੍ਹਾਂ ਕਾਨੂੰਨਾਂ ਨਾਲ ਇੱਕ ਕੜੀ ਦੇ ਤਹਿਤ ਕਿਸਾਨ ਦੇ ਬਰਬਾਦ ਹੋਣ ਨਾਲ ਆੜ੍ਹਤੀਆ, ਮੁਨੀਮ, ਪੱਲੇਦਾਰ, ਟਰਾਂਸਪੋਰਟਰ, ਛੋਟੇ ਦੁਕਾਨਦਾਰ, ਕਾਰੋਬਾਰੀ ਦੇ ਨਾਲ-ਨਾਲ ਇੱਕ ਸਮਾਂ ਅਜਿਹਾ ਆਵੇਗਾ ਕਿ ਸਾਰੇ ਹੀ ਵਰਗ ਬੇਰੁਜ਼ਗਾਰ ਹੋ ਜਾਣਗੇ।
ਭਗਵੰਤ ਮਾਨ ਨੇ ਕਿਹਾ ਕਿ ਜ਼ਾਲਮ ਸਰਕਾਰਾਂ ਨੇ ਅਜਿਹੇ ਹਲਾਤਾ ਪੈਦਾ ਕਰ ਦਿੱਤੇ ਹਨ ਕਿ  ਜਵਾਨ ਬਾਰਡਰ ‘ਤੇ ਸ਼ਹੀਦ ਹੋ ਰਹੇ ਹਨ ਅਤੇ ਕਿਸਾਨ ਆਪਣੇ ਖੇਤਾਂ ਦੀਆਂ ਮੋਟਰਾਂ ‘ਤੇ ਫਾਹਾ ਲੈ ਕੇ ਆਤਮਹੱਤਿਆ ਕਰ ਰਹੇ ਹਨ। ਕੈਪਟਨ-ਬਾਦਲ-ਮੋਦੀ ਨੇ ਜੋ ਮਿਲੀਭੁਗਤ ਕਰਕੇ ਖੇਤੀ ਵਿਰੋਧੀ ਕਾਲੇ ਕਾਨੂੰਨ ਪਾਸੇ ਕੀਤੇ ਹਨ ਇਸ ਦੇ ਨਤੀਜੇ ਆਉਣ ਵਾਲੇ ਸਮੇਂ ਵਿਚ ਭੁਗਤਣ ਲਈ ਤਿਆਰ ਰਹਿਣ।