ਰੇਬੀਜ਼ ਦੀ ਬਿਮਾਰੀ ਤੋਂ ਬਚਾਅ ਲਈ ਜਾਨਵਰ ਦੇ ਕੱਟੇ ਜਾਂ ਖਰੋਚਾਂ ਨੂੰ ਨਹੀਂ ਕਰਨਾ ਚਾਹੀਦੈ ਨਜ਼ਰਅੰਦਾਜ਼ : ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ

ਰੇਬੀਜ਼
ਰੇਬੀਜ਼ ਦੀ ਬਿਮਾਰੀ ਤੋਂ ਬਚਾਅ ਲਈ ਜਾਨਵਰ ਦੇ ਕੱਟੇ ਜਾਂ ਖਰੋਚਾਂ ਨੂੰ ਨਹੀਂ ਕਰਨਾ ਚਾਹੀਦੈ ਨਜ਼ਰਅੰਦਾਜ਼ : ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ

Sorry, this news is not available in your requested language. Please see here.

– ਰੇਬੀਜ ਦੀ ਰੋਕਥਾਮ ਲਈ ਜਾਗਰੂਕਤਾ ਪੋਸਟਰ ਰਿਲੀਜ਼
– “ਹਲਕਾਅ ਤੋਂ ਨਾ ਡਰੋ, ਤੱਥਾਂ ਨੂੰ ਜਾਣੋ” ਥੀਮ ਨਾਲ ਮਨਾਇਆ ਗਿਆ ਵਿਸ਼ਵ ਰੇਬੀਜ਼ ਦਿਵਸ
ਨਵਾਂਸ਼ਹਿਰ, 28 ਸਤੰਬਰ 2021
 ਸ਼ਹੀਦ ਭਗਤ ਸਿੰਘ ਨਗਰ ਦੇ ਮਾਣਯੋਗ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ ਜਗਦੀਪ ਸਿੰਘ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ ਮਨਦੀਪ ਕਮਲ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਅੱਜ ਵਿਸ਼ਵ ਰੇਬੀਜ ਦਿਵਸ ਮਨਾਇਆ ਗਿਆ, ਇਸ ਸਾਲ ਵਿਸ਼ਵ ਰੇਬੀਜ ਦਿਵਸ ਦਾ ਥੀਮ ਹਲਕਾਅ ਤੋਂ ਨਾ ਡਰੋ, ਤੱਥਾਂ ਨੂੰ ਜਾਣੋ ਸੀ।
ਇਸ ਮੌਕੇ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਕੁੱਤੇ ਤੋਂ ਇਲਾਵਾ ਬਿੱਲੀ, ਬਾਂਦਰ ਜਾਂ ਕਿਸੇ ਹੋਰ ਜਾਨਵਰ ਦੇ ਕੱਟਣ ਨਾਲ ਵੀ ਰੇਬੀਜ਼ ਹੋਣ ਦਾ ਖਤਰਾ ਹੁੰਦਾ ਹੈ। ਇਹ ਵਾਇਰਸ ਨਾਲ ਫੈਲਣ ਵਾਲਾ ਇਕ ਬੇਹੱਦ ਗੰਭੀਰ ਰੋਗ ਹੈ। ਰੇਬੀਜ਼ ਇਕ ਅਜਿਹਾ ਵਾਇਰਸ ਲਾਗ ਹੈ ਜੋ ਆਮ ਤੌਰ ‘ਤੇ ਸੰਕ੍ਰਮਤ ਜਾਨਵਰਾਂ ਦੇ ਕੱਟਣ ਨਾਲ ਫੈਲਦਾ ਹੈ। ਇਸ ਬਿਮਾਰੀ ਦੇ ਵਾਇਰਸ ਵਿਅਕਤੀ ਦੇ ਸਰੀਰ ਵਿਚ ਪ੍ਰਵੇਸ਼ ਕਰ ਜਾਂਦੇ ਹਨ। ਰੇਬੀਜ਼ ਦਾ ਵਾਇਰਸ ਕਈ ਵਾਰ ਪਾਲਤੂ ਜਾਨਵਰ ਦੇ ਚੱਟਣ ਜਾਂ ਖੂਨ ਦਾ ਜਾਨਵਰ ਦੇ ਲਾਰ ਨਾਲ ਸਿੱਧਾ ਸੰਪਰਕ ਵਿਚ ਹੋਣ ਨਾਲ ਵੀ ਫੈਲ ਜਾਂਦਾ ਹੈ। ਰੇਬੀਜ਼ ਇਕ ਜਾਨਲੇਵਾ ਰੋਗ ਹੈ, ਜਿਸ ਦੇ ਲੱਛਣ ਬੇਹੱਦ ਦੇਰ ਨਾਲ ਨਜ਼ਰ ਆਉਂਦੇ ਹਨ। ਜੇਕਰ ਸਮਾਂ ਰਹਿੰਦੇ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਰੋਗ ਜਾਨਲੇਵਾ ਸਾਬਿਤ ਹੋ ਜਾਂਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਹਲਕਾਅ ਦੀ ਬਿਮਾਰੀ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ।
ਇਸ ਮੌਕੇ ਸਿਵਲ ਸਰਜਨ ਡਾ ਗੁਰਿਦਰਬੀਰ ਕੌਰ ਨੇ ਦੱਸਿਆ ਕਿ ਰੇਬੀਜ਼ ਦਾ ਕੋਈ ਇਲਾਜ ਨਹੀਂ ਹੈ, ਸਿਰਫ਼ ਬਚਾਅ ਲਈ ਐਂਟੀ ਰੇਬੀਜ ਦੇ ਚਾਰ ਟੀਕੇ ਲਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿਸੇ ਵੀ ਵਿਅਕਤੀ ਨੂੰ ਕੁੱਤੇ ਜਾਂ ਕਿਸੇ ਹੋਰ ਜਾਨਵਰ ਦੇ ਕੱਟਣ ’ਤੇ ਅਣਗਿਹਲੀ ਨਹੀਂ ਵਰਤਣੀ ਚਾਹੀਦੀ, ਬਲਕਿ ਸਰਕਾਰੀ ਹਸਪਤਾਲਾਂ ਵਿਚ ਮੁਫਤ ਵਿੱਚ ਉਪਲੱਬਧ ਇਲਾਜ ਦਾ ਫਾਇਦਾ ਉਠਾ ਕੇ ਇਸ ਬਿਮਾਰੀ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰੇਬੀਜ ਦੇ 99 ਫੀਸਦੀ ਮਾਮਲੇ ਕੇਵਲ ਕੁੱਤਿਆਂ ਦੇ ਕੱਟਣ ਨਾਲ ਸਬੰਧਤ ਹੁੰਦੇ ਹਨ, ਜਿਸ ਦੇ ਇਲਾਜ ਲਈ ਐਂਟੀ ਰੇਬੀਜ਼ ਵੈਕਸੀਨ ਮੁਫਤ ਲਗਾਈ ਜਾਂਦੀ ਹੈ।
ਡਾ. ਕੌਰ ਨੇ ਅੱਗੇ ਦੱਸਿਆ ਕਿ ਰੇਬੀਜ਼ ਦੇ ਲੱਛਣਾ ਵਿਚ ਰੋਸ਼ਨੀ, ਆਵਾਜ਼ ਅਤੇ ਪਾਣੀ ਤੋਂ ਡਰ ਲੱਗਣਾ, ਦੰਦਲਾ ਪੈਣੀਆਂ, ਬੇਹੋਸ਼ ਹੋ ਜਾਣਾ ਆਦਿ ਸ਼ਾਮਲ ਹਨ। ਉਨ੍ਹਾਂ ਲੋਕਾਂ ਨੂੰ ਦੇਸੀ-ਨੁਸਕਿਆਂ ਦੀ ਬਜਾਏ ਸਹੀ ਇਲਾਜ ਕਰਵਾਉਣ ਦੀ ਸਲਾਹ ਦਿੰਦੇ ਕਿਹਾ ਕਿ ਕੁੱਤੇ ਜਾਂ ਕਿਸੇ ਹੋਰ ਜਾਨਵਰ ਦੇ ਕੱਟਣ ’ਤੇ ਜ਼ਖਮ ’ਤੇ ਮਿਰਚਾਂ ਆਦਿ ਨਹੀਂ ਲਗਾਉਣੀਆਂ ਚਾਹੀਦੀਆਂ। ਅਜਿਹਾ ਕਰਨ ਨਾਲ ਬਿਮਾਰੀ ਘਾਤਕ ਹੋ ਸਕਦੀ ਹੈ। ਕਈ ਵਾਰ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ।
ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ ਜਗਦੀਪ ਸਿੰਘ ਨੇ ਸੁਝਾਅ ਦਿੰਦੇ ਹੋਏ ਦੱਸਿਆ ਕਿ ਮੁੱਢਲੀ ਸਹਾਇਤਾ ਦੇ ਤੌਰ ਉੱਤੇ ਜ਼ਖਮ ਨੂੰ ਵੱਗਦੇ ਪਾਣੀ ਵਿਚ ਸਾਬਣ ਨਾਲ 15 ਮਿੰਟ ਤੱਕ ਧੋਣ ਨਾਲ ਇਸ ਬਿਮਾਰੀ ਦੇ ਜ਼ੋਖਮ ਨੂੰ ਘਟਾਇਆ ਜਾ ਸਕਦਾ ਹੈ।
ਜਖਮ ਨੂੰ ਅਲਕੋਹਲ ਜਾਂ ਆਇਓਡੀਨ ਘੋਲ਼ ਨਾਲ ਰੋਗਾਣੂ ਮੁਕਤ ਕਰੋ ਅਤੇ ਤੁਰੰਤ ਨੇੜਲੀ ਸਿਹਤ ਸੰਸਥਾ ਵਿਚ ਜਾ ਕੇ ਡਾਕਟਰੀ ਸਲਾਹ ਅਨੁਸਾਰ ਬਿਮਾਰੀ ਤੋਂ ਬਚਾਅ ਦੇ ਲਈ ਐਂਟੀ ਰੈਬਿਜ਼ ਦੇ ਟੀਕੇ ਲਗਵਾਓ, ਜਿਸ ਨਾਲ ਰੇਬੀਜ ਬਿਮਾਰੀ ਹੋਣ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ ਮਨਦੀਪ ਕਮਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਵੀ ਕੀਤੀ ਕਿ ਜਿਨ੍ਹਾਂ ਵਿਅਕਤੀਆਂ ਨੇ ਆਪਣੇ ਘਰਾਂ ਵਿਚ ਪਾਲਤੂ ਕੁੱਤੇ ਰੱਖੇ ਹੋਏ ਹਨ, ਉਹ ਉਨ੍ਹਾਂ ਦਾ ਤਿੰਨ ਮਹੀਨਿਆਂ ਦੀ ਉਮਰ ਵਿਚ ਰੇਬੀਜ ਦਾ ਟੀਕਾਕਰਨ ਜ਼ਰੂਰ ਕਰਵਾਉਣ ਅਤੇ ਇਹ ਟੀਕਾਕਰਨ ਹਰ ਸਾਲ ਕਰਵਾਉਂਦੇ ਰਹਿਣ ਤਾਂ ਜੋ ਕੁੱਤੇ ਦੇ ਕੱਟਣ ‘ਤੇ ਲੋਕਾਂ ਨੂੰ ਹਲਕਾਅ ਦੀ ਬਿਮਾਰੀ ਤੋਂ ਬਚਾਇਆ ਜਾ ਸਕੇ।
ਸਮਾਗਮ ਦੇ ਅੰਤ ਵਿਚ ਰੇਬੀਜ ਦੀ ਰੋਕਥਾਮ ਲਈ ਜਾਗਰੂਕਤਾ ਪੋਸਟਰ ਰਿਲੀਜ਼ ਕੀਤਾ ਗਿਆ, ਜਿਸ ਦਾ ਮੁੱਖ ਉਦੇਸ਼ ਰੇਬੀਜ਼ ਦੀ ਬਿਮਾਰੀ ਤੇ ਇਸ ਦੀ ਰੋਕਥਾਮ ਬਾਰੇ ਆਮ ਲੋਕਾਂ ਵਿਚ ਜਾਗਰੂਕਤਾ ਫੈਲਾਉਣਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਿਹਤ ਅਫ਼ਸਰ ਡਾ ਕੁਲਦੀਪ ਰਾਏ, ਡਾ ਸਤਵਿੰਦਰਪਾਲ ਸਿੰਘ, ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਜਗਤ ਰਾਮ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ, ਫਾਰਮੇਸੀ ਅਫ਼ਸਰ ਪ੍ਰਿੰਸ, ਐੱਲ ਐੱਚ ਵੀ ਰਾਜ ਰਾਣੀ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।