ਮੁੱਖ ਮੰਤਰੀ ਵੱਲੋਂ ਨਰਮਾ ਪੱਟੀ ਦਾ ਤੂਫਾਨੀ ਦੌਰਾ, ਗੁਲਾਬੀ ਸੁੰਡੀ ਦੇ ਹਮਲੇ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਲਿਆ ਜਾਇਜ਼ਾ

CHANNI
CM TAKES WHIRLWIND TOUR OF COTTON BELT FOR ASSESSING DAMAGE DUE TO PINK BOLLWORM ATTACK
ਕੀੜਿਆਂ ਦੇ ਹਮਲੇ ਰੋਕਣ ਲਈ ਬੀਜ ਦੀ ਗੁਣਵੱਤਾ ਦੀ ਪਰਖ ਅਤੇ ਪ੍ਰਮਾਣਿਕਤਾ ਲਈ ਵੱਖ-ਵੱਖ ਥਾਵਾਂ ਉਤੇ ਲੈਬ ਸਥਾਪਤ ਕਰਨ ਦਾ ਐਲਾਨ

ਬਠਿੰਡਾ, 26 ਸਤੰਬਰ 2021

ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਫਸਲਾਂ ਦੇ ਹੋਏ ਨੁਕਸਾਨ ਲਈ ਨਰਮਾ ਉਤਪਾਦਕਾਂ ਨੂੰ ਢੁਕਵਾਂ ਮੁਆਵਜ਼ਾ ਦੇਵੇਗੀ।

ਮੁੱਖ ਮੰਤਰੀ ਨੇ ਅੱਜ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨਾਲ ਫਸਲਾਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਸੂਬੇ ਦੇ ਮਾਲਵੇ ਖਿੱਤੇ ਦੀ ਨਰਮਾ ਪੱਟੀ ਦਾ ਤੂਫਾਨੀ ਦੌਰਾ ਕੀਤਾ।

ਹੋਰ ਪੜ੍ਹੋ :-ਪੰਜਾਬ ਦੇ ਰਾਜਪਾਲ ਨੇ 15 ਕੈਬਨਿਟ ਮੰਤਰੀਆਂ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ

ਪਿੰਡ ਨਸੀਬਪੁਰਾ ਅਤੇ ਕਟਾਰ ਸਿੰਘ ਵਾਲਾ ਵਿਖੇ ਮੁੱਖ ਮੰਤਰੀ ਨੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਬੀਜ ਦੀ ਗੁਣਵੱਤਾ ਦੀ ਪਰਖ ਅਤੇ ਪ੍ਰਮਾਣਿਕਤਾ ਲਈ ਸੂਬਾ ਭਰ ਵਿਚ ਲੈਬ ਸਥਾਪਤ ਕਰਨ ਲਈ ਆਖਿਆ ਤਾਂ ਕਿ ਮੁੜ ਅਜਿਹੇ ਕੀਟ ਹਮਲੇ ਰੋਕੇ ਜਾ ਸਕਣ। ਸ. ਚੰਨੀ ਨੇ ਅਧਿਕਾਰੀਆਂ ਨੂੰ ਬਿਹਤਰ ਕੀਟਨਾਸ਼ਕਾਂ ਮੁਹੱਈਆ ਕਰਵਾਉਣ ਲਈ ਹਰ ਹੀਲਾ ਵਰਤਣ ਲਈ ਕਿਹਾ ਤਾਂ ਕਿ ਕਿਸਾਨ ਦੀ ਬੇਸ਼ਕੀਮਤੀ ਫਸਲ ਕੀੜਿਆਂ ਦੇ ਹਮਲਿਆਂ ਤੋਂ ਬਚਾਈ ਜਾ ਸਕੇ।

ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਸੂਬਾ ਸਰਕਾਰ ਇਸ ਔਖੀ ਘੜੀ ਵਿਚ ਕਿਸਾਨਾਂ ਨਾਲ ਡਟ ਕੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਇਕ-ਇਕ ਪੈਸਾ ਪੰਜਾਬ ਸਰਕਾਰ ਸਿੱਧਾ ਉਨ੍ਹਾਂ ਦੇ ਖਾਤਿਆਂ ਵਿਚ ਪਾਵੇਗੀ। ਸ. ਚੰਨੀ ਨੇ ਅਧਿਕਾਰੀਆਂ ਨੂੰ ਸਰਵੇਖਣ ਦੀ ਪ੍ਰਕਿਰਿਆ ਛੇਤੀ ਤੋਂ ਛੇਤੀ ਮੁਕੰਮਲ ਕਰਨ ਲਈ ਆਖਿਆ ਤਾਂ ਕਿ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਪਹਿਲਾ ਟੀਚਾ ਲੋੜੀਂਦੇ ਇਹਤਿਆਦੀ ਕਦਮਾਂ ਰਾਹੀਂ ਇਸ ਹਮਲੇ ਨੂੰ ਹੋਰ ਫੈਲਣ ਤੋਂ ਰੋਕਣਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਆਪਣੀ ਪੂਰੀ ਵਾਹ ਲਾ ਦੇਣ ਲਈ ਕਿਹਾ ਤਾਂ ਕਿ ਕਿਸਾਨਾਂ ਦਾ ਹੋਰ ਨੁਕਸਾਨ ਨਾ ਹੋਣ ਨੂੰ ਯਕੀਨੀ ਬਣਾਇਆ ਜਾ ਸਕੇ। ਸ. ਚੰਨੀ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਸੰਕਟ ਦੀ ਇਸ ਘੜੀ ਵਿਚ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਪੂਰਨ ਤੌਰ ਉਤੇ ਵਚਨਬੱਧ ਹੈ।