ਪੰਜਾਬ ਵਿਚ ਘਰੇਲੂ ਇਕਾਂਤਵਾਸ ਅਧੀਨ ਮਰੀਜ਼ਾਂ ਦੀ ਰੋਜ਼ਾਨਾ ਟੈਲੀ ਮੋਨੀਟਰਿੰਗ ਕੱਲ ਤੋਂ ਹੋਵੇਗੀ ਸ਼ੁਰੂ

Punjab Chief Minister Captain Amarinder Singh

ਹੋਰਨਾਂ ਸੂਬਿਆਂ ਦੇ ਤਜਰਬੇ ਵਾਲੇ ਪ੍ਰਾਈਵੇਟ ਸਹਾਇਤਾ ਸਮੂਹ ਦੀਆਂ ਲਈਆਂ ਸੇਵਾਵਾਂ
ਚੰਡੀਗੜ, 1 ਅਕਤੂਬਰ: ਪੰਜਾਬ ਵਿੱਚ ਘਰੇਲੂ ਇਕਾਂਤਵਾਸ ਅਧੀਨ ਬਿਨਾਂ ਲੱਛਣਾਂ ਵਾਲੇ ਅਤੇ ਹਲਕੇ ਲੱਛਣ ਵਾਲੇ ਕੋਵਿਡ ਮਰੀਜਾਂ ਦੀ ਸਖ਼ਤ ਨਿਗਰਾਨੀ ਸ਼ੁੱਕਰਵਾਰ ਤੋਂ ਸ਼ੁਰੂ ਕੀਤੀ ਜਾਵੇਗੀ। ਸੂਬਾ ਸਰਕਾਰ ਵਲੋਂ ਇਹਨਾਂ ਮਰੀਜ਼ਾਂ ਦੀ ਨਿਯਮਤ ਨਿਗਰਾਨੀ ਲਈ ਪੇਸ਼ੇਵਰ ਹੋਮ ਹੈਲਥਕੇਅਰ ਕੰਪਨੀਆਂ ਦੇ ਇੱਕ ਸਹਾਇਤਾ ਸਮੂਹ ਦਾ ਸਹਿਯੋਗ ਲਿਆ ਜਾਵੇਗਾ।
ਇਹ ਜਾਣਕਾਰੀ ਇਕ ਸਰਕਾਰੀ ਬੁਲਾਰੇ ਨੇ ਵੀਰਵਾਰ ਦੁਪਹਿਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਗਈ ਕੋਵਿਡ ਵੀਡੀਓ ਸਮੀਖਿਆ ਉਪਰੰਤ ਦਿੱਤੀ।
ਸਿਹਤ ਸੱਕਤਰ ਹੁਸਨ ਲਾਲ ਨੇ ਮੀਟਿੰਗ ਨੂੰ ਦੱਸਿਆ ਕਿ ਇਸ ਮੰਤਵ ਲਈ ਮੈਸਰਜ਼ ਹੈਲਥ ਵਿਸਟਾ ਪ੍ਰਾਈਵੇਟ ਲਿਮਟਿਡ ਦੀਆਂ ਸੇਵਾਵਾਂ ਲਈਆਂ ਗਈਆਂ ਹਨ ਅਤੇ ਉਨਾਂ ਦੇ ਪੇਸ਼ੇਵਰ ਸਿਹਤ ਦੇਖਭਾਲ ਟੈਲੀਕਾਲਰ ਰੋਜ਼ਾਨਾ 10 ਤੋਂ ਵੀ ਘੱਟ ਦਿਨਾਂ ਲਈ ਘਰੇਲੂ ਇਕਾਂਤਵਾਸ ਅਧੀਨ ਮਰੀਜ਼ਾਂ ਦੀ ਸਿਹਤ ਦੀ ਨਿਗਰਾਨੀ ਕਰਨਗੇ। ਇਸ ਸਮੂਹ ਕੋਲ ਦਿੱਲੀ, ਮੁੰਬਈ, ਚੇਨਈ ਅਤੇ ਕਰਨਾਟਕ ਸਮੇਤ ਹੋਰਨਾਂ ਸੂਬਿਆਂ ਵਿੱਚ ਵੀ ਅਜਿਹੀ ਨਿਗਰਾਨੀ ਦਾ ਤਜ਼ਰਬਾ ਹੈ।
ਬੁਲਾਰੇ ਨੇ ਦੱਸਿਆ ਕਿ ਘਰੇਲੂ ਇਕਾਂਤਵਾਸ ਅਧੀਨ ਮਰੀਜ਼ਾਂ ਦੀ ਜਾਂਚ ਰੋਜ਼ਾਨਾ ਫੋਨ ਨੰਬਰ 01206679850, 08068972066 ਅਤੇ 04068118722 ਰਾਹੀਂ ਕੀਤੀ ਜਾਵੇਗੀ। ਉਹਨਾਂ ਅੱਗੇ ਕਿਹਾ ਕਿ ਇਸ ਪ੍ਰਣਾਲੀ ਤਹਿਤ 40 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਮਰੀਜ਼ਾਂ ਦੀ ਨਿਗਰਾਨੀ ਪਹਿਲ ਦੇ ਅਧਾਰ ’ਤੇ ਕੀਤੀ ਜਾਵੇਗੀ। ਮਰੀਜ਼ਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਦੋਂ ਉਹਨਾਂ ਨੂੰ ਉਪਰੋਕਤ ਨੰਬਰਾਂ ਤੋਂ ਫੋਨ ਆਵੇ ਤਾਂ ਉਹ ਇਨਾਂ ਨੰਬਰਾਂ ਦਾ ਜਵਾਬ ਜ਼ਰੂਰ ਦੇਣ।
ਘਰੇਲੂ ਇਕਾਂਤਵਾਸ (ਐੱਚ.ਆਈ.) ਅਧੀਨ ਇਛੁੱਕ ਮਰੀਜ਼ਾਂ ਲਈ ਵੀਡੀਓ ਕਾਲ ਰਾਹੀਂ ਡਾਕਟਰੀ ਸਲਾਹ-ਮਸ਼ਵਰੇ ਦਾ ਪ੍ਰਬੰਧ ਕੀਤਾ ਜਾਵੇਗਾ। ਘਰੇਲੂ ਇਕਾਂਤਵਾਸ ਅਧੀਨ ਮਰੀਜ਼ਾਂ ਨਾਲ ਉਨਾਂ ਦੇ ਇਕਾਂਤਵਾਸ ਦੌਰਾਨ ਕਿਸੇ ਵੀ ਡਾਕਟਰੀ ਸਹਾਇਤਾ ਅਤੇ ਡਾਕਟਰਾਂ ਨਾਲ ਸਲਾਹ-ਮਸ਼ਵਰੇ ਲਈ ਇੱਕ ਵੱਖਰਾ ਨੰਬਰ ਐਸ.ਐਮ.ਐਸ ਰਾਹੀਂ ਸਾਂਝਾ ਕੀਤਾ ਜਾਵੇਗਾ।
ਕਿਸੇ ਵੀ ਐਮਰਜੈਂਸੀ ਜਾਂ ਐਂਬੂਲੈਂਸ ਦੀ ਜਰੂਰਤ ਲਈ 108 ਜਾਂ 104 ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।