ਪੁਲਿਸ ‘ਤੇ ਹਮਲੇ ਦਾ ਬਚਾਅ ਕਰਨਾ ਬਿਲਕੁਲ ਅਸਵੀਕਾਰਯੋਗ: ਅਰੁਨਾ ਚੌਧਰੀ

minister aruna Choudhary

 ਚੰਡੀਗੜ੍ਹ, 13 ਅਪ੍ਰੈਲ:

ਪੰਜਾਬ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਪਟਿਆਲਾ ਵਿਖੇ ਪੁਲਿਸ ‘ਤੇ ਹੋਏ ਇਸ ਹਮਲੇ ਨੂੰ ਖ਼ਤਰਨਾਕ ਕਰਾਰ ਦਿੱਤਾ ਤੇ ਇਸ ਦੀ ਕੜੀ ਨਿੰਦਾ ਕੀਤੀ। ਉਹਨਾਂ ਕਿਹਾ ਕਿ ਇਹ ਕਾਇਰਤਾ ਦਾ ਕੰਮ ਹੈ ਅਤੇ ਇਸ ਕਾਰਵਾਈ ਦਾ ਬਚਾਅ ਕਰਨਾ ਸਬੰਧਤ ਨੇਤਾਵਾਂ ਦੀ ਅਪ੍ਰੋੜਤਾ ਅਤੇ ਬੁੱਧੀਹੀਣਤਾ ਨੂੰ ਦਰਸਾਉਂਦਾ ਹੈ।

     ਸ੍ਰੀਮਤੀ ਚੌਧਰੀ ਨੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਬਿਆਨ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਗੈਰ ਜ਼ਿੰਮੇਵਾਰਾਨਾ ਕਰਾਰ ਦਿੱਤਾ। ਉਹਨਾਂ ਕਿਹਾ ਕਿ ਉਹ (ਬੈਂਸ) ਇਸ ਕਿਸਮ ਦੀਆਂ ਚਾਲਾਂ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਚਾਹੁੰਦਾ ਸੀ ਜੋ ਕਿ ਬਿਲਕੁਲ ਨਾਵਾਜਬ ਹੈ। ਉਹਨਾਂ ਕਿਹਾ ਕਿ ਜੇ ਉਹ (ਬੈਂਸ) ਪੰਜਾਬ ਪੁਲਿਸ ‘ ਚ ਆਪਣਾ ਭਰੋਸਾ ਗੁਆ ਬੈਠਾ ਹੈ, ਤਾਂ ਉਸਨੂੰ ਆਪਣੇ ਲਈ ਪੰਜਾਬ ਪੁਲਿਸ ਦਾ ਸੁਰੱਖਿਆ ਪ੍ਰਬੰਧ ਛੱਡ ਦੇਣਾ ਚਾਹੀਦਾ ਹੈ।

 ਪੁਲਿਸ ਮੁਲਾਜ਼ਮਾਂ ਦੇ ਸਮਰਪਣ ਅਤੇ ਲਗਨ ਦੀ ਪ੍ਰਸ਼ੰਸਾ ਕਰਦਿਆਂ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਸੰਕਟ ਦੀ ਇਸ ਘੜੀ ਵਿੱਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕਰਫਿਊ ਪਾਬੰਦੀਆਂ ਲਗਾਉਣ ਵਿੱਚ ਮੋਹਰੀ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਨ੍ਹਾਂ ‘ਤੇ ਮਾਣ ਹੈ ਅਤੇ ਪੰਜਾਬ ਸਰਕਾਰ ਸਾਡੇ ਬਹਾਦਰ ਪੁਲਿਸ ਅਫ਼ਸਰਾਂ ਦੇ ਪਿੱਛੇ ਇਕਮੁੱਠ ਹੈ, ਜੋ ਅਮਨ ਤੇ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਸਖ਼ਤ ਮਿਹਨਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਿੰਸਾ ਦੀ ਇਹ ਹਰਕਤ, ਜੋ ਕਿ ਖਾਸ ਤੌਰ ‘ਤੇ ਪੁਲਿਸ ਅਧਿਕਾਰੀਆਂ ਵਿਰੁੱਧ ਕੀਤੀ ਗਈ ਸੀ, ਜਿਸ ਵਿੱਚ ਬਹੁਤ ਸਾਰੇ ਪੁਲਿਸ ਅਧਿਕਾਰੀ ਗੰਭੀਰ ਜ਼ਖਮੀ ਹੋਏ ਸਨ, ਅਸਹਿਣਸ਼ੀਲ ਅਤੇ ਅਸਵੀਕਾਰਯੋਗ ਹਨ।

ਸ੍ਰੀਮਤੀ ਚੌਧਰੀ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਸਾਰੀਆਂ ਹਰੇਕ ਸਥਿਤੀ ਨਾਲ ਨਜਿੱਠਣ ਲਈ ਹਮੇਸ਼ਾਂ ਤਿਆਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਡੀ.ਜੀ.ਪੀ. ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸੂਬੇ ਵਿੱਚ ਕਰਫਿਊ/ਤਾਲਾਬੰਦੀ ਦੀਆਂ ਪਾਬੰਦੀਆਂ ਲਾਗੂ ਕਰਨ ਲਈ ਸਖ਼ਤ ਕਾਰਵਾਈ ਕਰਨ।