ਬਰਨਾਲਾ,17 ਨਵੰਬਰ 2021
ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਅਜੋਏ ਸ਼ਰਮਾ ਦੀ ਅਗਵਾਈ ਹੇਠ ਪ੍ਰਾਇਮਰੀ ਸਕੂਲਾਂ ‘ਚ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੇ ਬਾਲ ਮੇਲੇ ਕਰਵਾ ਕੇ ਸੈਸ਼ਨ 2022-23 ਲਈ ਦਾਖਲਿਆਂ ਦੀ ਸ਼ੁਰੂਆਤ ਕੀਤੀ ਗਈ।
ਕੁਲਵਿੰਦਰ ਸਿੰਘ ਸਰਾਏ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਵਸੁੰਧਰਾ ਕਪਿਲਾ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੇ ਦੱਸਿਆ ਕਿ ਜਿਲ੍ਹੇ ਦੇ ਪ੍ਰਾਇਮਰੀ ਸਕੂਲਾ ਵੱਲੋਂ ਵਿਭਾਗੀ ਹਦਾਇਤਾਂ ਅਨੁਸਾਰ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੇ ਬੌਧਿਕ ਅਤੇ ਸਰੀਰਕ ਵਿਕਾਸ ਦੇ ਪ੍ਰਦਰਸ਼ਨ ਲਈ ਬਾਲ ਮੇਲੇ ਕਰਵਾਏ। ਇਹਨਾਂ ਬਾਲ ਮੇਲਿਆਂ ‘ਚ ਵਿਦਿਆਰਥੀਆਂ ਦੇ ਮਾਪਿਆਂ,ਪੰਚਾਇਤੀ ਨੁਮਾਇੰਦਿਆਂ,ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਕਲੱਬਾਂ ਵੱਲੋਂ ਸ਼ਿਰਕਤ ਕੀਤੀ ਗਈ।ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਪ੍ਰੀ-ਪ੍ਰਾਇਮਰੀ ਦੇ ਨੰਨੇ ਮੁੰਨਿਆਂ ਨੇ ਸਭਿਆਚਾਰਕ ਪੇਸ਼ਕਾਰੀਆਂ ਨਾਲ ਸਭ ਦਾ ਮਨ ਮੋਹਿਆ।ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਬਾਲ ਮੇਲਿਆਂ ਦੀਆਂ ਰੌਣਕਾਂ ਦੌਰਾਨ ਨਵੇਂ ਸੈਸ਼ਨ ਲਈ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਦਾਖਲਿਆਂ ਦੀ ਵੀ ਸ਼ੁਰੂਆਤ ਕੀਤੀ ਗਈ। ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਦਾਖਲਿਆਂ ਲਈ ਵਿਸੇਸ਼ ਕਾਊਂਟਰ ਲਗਾ ਕੇ ਮਾਪਿਆਂ ਨੂੰ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ ਦੀ ਜਾਣਕਾਰੀ ਦਿੰਦਿਆਂ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਵਾਉਣ ਲਈ ਪ੍ਰੇਰਿਤ ਕੀਤਾ।
ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਬਾਜਵਾ ਦੇ ਸੈਂਟਰ ਹੈਡ ਟੀਚਰ ਗੁਰਦੀਪ ਸਿੰਘ ਨੇ ਦੱਸਿਆ ਕਿ ਦਾਖਲਿਆਂ ਦੀ ਸ਼ੁਰੂਆਤ ਦੇ ਪਹਿਲੇ ਦਿਨ ਹੀ ਬਾਲ ਮੇਲੇ ਦੌਰਾਨ ਪ੍ਰੀ-ਪ੍ਰਾਇਮਰੀ ਜਮਾਤਾਂ ‘ਚ 20 ਨਵੇਂ ਬੱਚਿਆਂ ਦਾ ਦਾਖਲਾ ਕੀਤਾ ਗਿਆ। ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਸੋਹਲਾਂ ਦੇ ਹੈਡ ਟੀਚਰ ਕਰਤਾਰ ਸਿੰਘ ਨੇ ਦੱਸਿਆ ਕਿ ਬਾਲ ਮੇਲੇ ਦੌਰਾਨ 2 ਬੱਚਿਆਂ ਦੇ ਦਾਖਲਿਆਂ ਨਾਲ ਨਵੇ ਦਾਖਲਿਆਂ ਦੀ ਸ਼ੁਰੂਆਤ ਕੀਤੀ ਗਈ। ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਜਵਾਹਰ ਬਸਤੀ ਦੇ ਹੈਡਟੀਚਰ ਪਰਮਿੰਦਰ ਸਿੰਘ ਸਮੇਤ ਬਹੁਤ ਸਾਰੇ ਸਕੂਲਾਂ ਦੇ ਮੁਖੀਆਂ ਨੇ ਦੱਸਿਆ ਕਿ ਨਵੇਂ ਦਾਖਲਿਆਂ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ।ਪੜ੍ਹੋ ਪੰਜਾਬ ਦੇ ਜਿਲ੍ਹਾ ਕੋ-ਆਰਡੀਨੇਟਰ ਕੁਲਦੀਪ ਸਿੰਘ ਭੁੱਲਰ ਅਤੇ ਸਹਾਇਕ ਕੋ-ਆਰਡੀਨੇਟਰ ਨਰਿੰਦਰ ਕੁਮਾਰ ਵੱਲੋਂ ਵੀ ਵੱਖ ਵੱਖ ਸਕੂਲਾਂ ਦਾ ਦੌਰਾ ਕਰਦਿਆਂ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ‘ਚ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ।
ਕੈਪਸ਼ਨ:ਸਕੂਲ ਦੇ ਬਾਲ ਮੇਲੇ ਦਾ ਦ੍ਰਿਸ਼

English





