ਰੂਪਨਗਰ, 31 ਮਈ 2025
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਵੱਲੋਂ “ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ 2025” ਦੀ ਕੜੀ ਤਹਿਤ ਤੀਜੇ ਦਿਨ ਸ੍ਰੀ ਅਨੰਦਪੁਰ ਸਾਹਿਬ ਬਲਾਕ ਦੇ ਪਿੰਡ ਦਬਖੇੜਾ, ਕਲਿਤਰਾਂ, ਗੰਗੂਵਾਲ, ਤਰਫ ਮਜਾਰਾ, ਨਾਨੋਵਾਲ, ਲਮਲੇਹੜੀ, ਮੀਆਂਪੁਰ ਵਿਖੇ ਕੈਂਪ ਅਤੇ ਨੁੱਕੜ ਮੀਟਿੰਗਾਂ ਦਾ ਅਯੋਜਿਨ ਕੀਤਾ ਗਿਆ।
ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਦੇ ਡਿਪਟੀ ਡਾਇਰੈਕਟਰ ਡਾ. ਸਤਬੀਰ ਸਿੰਘ ਨੇ ਕਿਹਾ ਕੇ ਇਹ ਅਭਿਆਨ ਕਿਸਾਨਾਂ ਨੂੰ ਸਾਉਣੀ ਫ਼ਸਲ ਸੀਜ਼ਨ ਲਈ ਗਿਆਨ ਅਤੇ ਜਾਣਕਾਰੀ ਨਾਲ ਸਸ਼ਕਤ ਕਰਨ ਦੇ ਉਦੇਸ਼ ਨਾਲ ਚਲਾਈ ਜਾਣ ਵਾਲੀ ਇੱਕ ਦੇਸ਼ ਵਿਆਪੀ ਖੇਤੀਬਾੜੀ ਪਹੁੰਚ ਮੁਹਿੰਮ ਹੈ। ਇਹ ਮੁਹਿੰਮ 29 ਮਈ ਤੋਂ 12 ਜੂਨ 2025 ਤੱਕ ਭਾਰਤ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਚਲਾਈ ਜਾਵੇਗੀ।
ਇਨ੍ਹਾਂ ਕੈਂਪਾਂ ਦੌਰਾਨ ਡਾ. ਅਪਰਨਾ ਨੇ ਗਰਮੀਆਂ ਦੇ ਮੌਸਮ ਦੌਰਾਨ ਪਸ਼ੂਆਂ ਦੇ ਪ੍ਰਬੰਧਨ ਦੀ ਮਹੱਤਤਾ ‘ਤੇ ਚਾਨਣਾ ਪਾਇਆ, ਡਾ. ਸੰਜੀਵ ਆਹੂਜਾ ਨੇ ਸਬਜ਼ੀਆਂ ਦੀ ਨਰਸਰੀ ਦੀ ਕਾਸ਼ਤ ਅਤੇ ਸਾਉਣੀ ਦੀਆਂ ਸਬਜ਼ੀਆਂ ਦੀ ਕਾਸ਼ਤ ਬਾਰੇ ਭਾਸ਼ਣ ਦਿੱਤਾ ਗਿਆ। ਡਾ. ੳਰਵੀ ਸ਼ਰਮਾ ਵੱਲੋਂ ਸਾਉਣੀ ਫਸਲਾਂ ਦੀ ਬਿਜਾਈ ਸੰਬੰਧੀ ਨੁਕਤੇ, ਬੀਜ ਸੋਧ, ਸੰਯੁਕਤ ਕੀਟ ਪ੍ਰਬੰਧਨ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ, ਪੋਪਲਰ ਅਤੇ ਤੇਲਬੀਜ ਫਸਲਾਂ ਦੀ ਕਾਸਤ, ਪ੍ਰੋਸੈਸਿੰਗ ਅਤੇ ਪੈਕਿੰਗ ਕਰਕੇ ਮੁੱਲ ਵਧਾਊ ਉਤਪਾਦ ਪੈਦਾ ਕਰਨ ਸੰਬੰਧੀ ਜਾਣਕਾਰੀ ਡਾ. ਅੰਕੁਰਦੀਪ ਪ੍ਰੀਤੀ ਦੁਆਰਾ ਮੁਹੱਈਆ ਕਰਵਾਈ ਗਈ।
ਇਸ ਕੈਂਪ ਵਿੱਚ ਖੇਤੀਬਾੜੀ, ਬਾਗਬਾਨੀ, ਜੰਗਲਾਤ ਅਤੇ ਹੋਰ ਲਾਈਨ ਵਿਭਾਗਾਂ ਦੇ ਅਧਿਕਾਰੀਆਂ ਨੇ ਕਿਸਾਨਾਂ ਦੀ ਭਲਾਈ ਲਈ ਆਪਣੀਆਂ ਵਿਭਾਗੀ ਯੋਜਨਾਵਾਂ ਵੀ ਸਾਂਝੀਆਂ ਕੀਤੀਆਂ। ਇਨ੍ਹਾਂ ਕੈਪਾਂ ਵਿੱਚ 780 ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕਿਸਾਨਾਂ ਦੇ ਖੇਤਾਂ ਦਾ ਦੌਰਾ ਕਰਕੇ ਮੌਕੇ ਤੇ ਸੁਝਾਅ ਦਿੱਤੇ ਗਏ ਅਤੇ ਖੇਤੀ ਸੰਬੰਧੀ ਸਾਹਿਤ ਅਤੇ ਪ੍ਰਕਾਸ਼ਨਾਵਾਂ ਵੀ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਗਈਆਂ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਲਈ ਗਾਹਕ ਸੇਵਾ ਕੇਂਦਰ ਨੇ ਆਨਲਾਈਨ ਅਰਜ਼ੀਆਂ ਵੀ ਭਰੀਆਂ।

English






