ਅਗਾਂਹਵਧੂ ਕਿਸਾਨ ਮਲਕੀਤ ਸਿੰਘ ਨੇ ਵਾਤਾਵਰਨ ਨਾਲ ਪਾਈ ਪ੍ਰੀਤ  

Sorry, this news is not available in your requested language. Please see here.

ਅਗਾਂਹਵਧੂ ਕਿਸਾਨ ਮਲਕੀਤ ਸਿੰਘ ਨੇ ਵਾਤਾਵਰਨ ਨਾਲ ਪਾਈ ਪ੍ਰੀਤ  
—-ਤਿੰਨ ਪੁੱਤਾਂ ਸਮੇਤ 18 ਏਕੜ ‘ਚ ਕਰਦਾ ਹੈ ਵਾਹੀ, 5 ਸਾਲਾਂ ਤੋਂ ਫਸਲੀ ਰਹਿੰਦ-ਖੂੰਹਦ ਨੂੰ ਨਹੀਂ ਲਾਈ ਅੱਗ
ਮਹਿਲ ਕਲਾਂ, 26 ਅਕਤੂਬਰ:
ਜ਼ਿਲ੍ਹਾ ਬਰਨਾਲਾ ਦੇ ਬਲਾਕ ਮਹਿਲ ਕਲਾਂ ਦਾ ਅਗਾਂਹਵਧੂ ਕਿਸਾਨ ਮਲਕੀਤ ਸਿੰਘ ਹੋਰਨਾਂ ਕਿਸਾਨਾਂ ਲਈ ਮਿਸਾਲ ਹੈ, ਜੋ ਆਪਣੇ ਤਿੰਨ ਪੁੱਤਾਂ ਸਮੇਤ ਕਰੀਬ 18 ਏਕੜ ਵਿੱਚ ਵਾਹੀ ਕਰਦਾ ਹੈ ਅਤੇ ਚਾਰਾਂ ਪਿਓ-ਪੁੱਤਾਂ ਨੇ ਕਰੀਬ ਪੰਜ ਸਾਲ ਤੋਂ ਫਸਲੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਈ ਹੈ।
ਕਿਸਾਨ ਮਲਕੀਤ ਸਿੰਘ (67 ਸਾਲ) ਪੁੱਤਰ ਬਖਤੌਰ ਸਿੰਘ ਵਾਸੀ ਮਹਿਲ ਕਲਾਂ ਨੇ ਦੱਸਿਆ ਕਿ ਉਹ ਮੌਜੂਦਾ ਸਮੇਂ ਵਿਚ ਕਰੀਬ 18 ਕਿੱਲਿਆਂ ਵਿੱਚ ਖੇਤੀ ਕਰ ਰਹੇ ਹਨ ਅਤੇ ਝੋਨੇ ਤੋਂ ਇਲਾਵਾ ਆਲੂ, ਮੂੰਗੀ, ਮੱਕੀ ਆਦਿ ਲਾਉਂਦੇ ਹਨ। ਉਨ੍ਹਾਂ ਦੱਸਿਆ ਕਿ 5 ਸਾਲ ਪਹਿਲਾਂ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਝੋਨੇ ਅਤੇ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਾ ਕੇ ਜਿੱਥੇ ਧਰਤੀ ਦਾ ਸੀਨਾ ਬਲਦਾ ਹੈ, ਉਥੇ ਅਸਮਾਨ ਵੀ ਗੰਧਲਾ ਹੁੰਦਾ ਹੈ ਅਤੇ ਇਸ ਨਾਲ ਬਿਮਾਰੀਆਂ ਵੀ ਲੱਗਦੀਆਂ ਹਨ। ਇਸ ਮਗਰੋਂ ਉਨ੍ਹਾਂ ਨੇ ਖੇਤੀਬਾਡ਼ੀ ਵਿਭਾਗ ਤੇ ਹੋਰਨਾਂ ਥਾਵਾਂ ਤੋਂ ਜਾਣਕਾਰੀ ਲੈ ਕੇ ਮਲਚਰ ਤੇ ਉਲਟਾਵੇਂ ਹਲ ਆਦਿ ਮਸ਼ੀਨਰੀ ਸਬਸਿਡੀ ‘ਤੇ ਲਈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਤਿੰਨ ਪੁੱਤ ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ ਤੇ ਪਰਮਜੀਤ ਸਿੰਘ ਵੀ ਉਨ੍ਹਾਂ ਨਾਲ ਖੇਤੀ ਕਰਦੇ ਹਨ। ਉਨ੍ਹਾਂ ਚਾਰਾਂ ਨੇ ਪਹਿਲਾਂ ਮਲਚਰ ਤੇ ਉਲਟਾਵੇਂ ਹਲਾਂ ਨਾਲ ਪਰਾਲੀ ਦਾ ਜ਼ਮੀਨ ‘ਚ ਨਿਬੇੜਾ ਸ਼ੁਰੂ ਕੀਤਾ ਤੇ ਉਸ ਮਗਰੋਂ ਹੁਣ ਪਰਾਲੀ ਦੀ ਤੂੜੀ ਬਣਾ ਕੇ ਅੱਗੇ ਵੇਚਦੇ ਹਨ। ਉਨ੍ਹਾਂ ਦੱਸਿਆ ਕਿ ਉਹ ਪਰਾਲੀ ਦੀ ਤੂੜੀ ਬਣਾ ਕੇ ਆਪਣੀ ਜ਼ਮੀਨ ਵਿੱਚ ਆਲੂ ਬੀਜ ਚੁੱਕੇ ਹਨ। ਇਸ ਤੋਂ ਇਲਾਵਾ ਓਹ ਮੱਕੀ ਅਤੇ ਮੂੰਗੀ ਆਦਿ ਵੀ ਲਾਉਂਦੇ ਹਨ।
ਉਨ੍ਹਾਂ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਪਰਾਲੀ ਨੂੰ ਅੱਗ ਲਾਉਣੀ ਬੰਦ ਕੀਤੀ ਹੈ, ਉਦੋਂ ਤੋਂ ਮਿੱਟੀ ਦਾ ਸਿਹਤ ਸੁਧਾਰ ਹੋਇਆ ਹੈ ਅਤੇ ਖੇਤੀ ਖਰਚੇ ਘਟੇ ਹਨ ਤੇ ਆਮਦਨ ਵਧੀ ਹੈ। ਉਨ੍ਹਾਂ ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਨੂੰ ਵੀ ਫਸਲੀ ਰਹਿੰਦ ਖੂੰਹਦ ਦਾ ਵਾਤਾਵਰਨ ਪੱਖੀ ਨਿਬੇੜਾ ਕਰਨ ਦੀ ਅਪੀਲ ਕੀਤੀ।
ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਖੇਤੀਬਾਡ਼ੀ ਅਧਿਕਾਰੀਆਂ ਨੇ ਵੀ ਕਿਸਾਨ ਮਲਕੀਤ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ ਅਤੇ ਮਲਕੀਤ ਸਿੰਘ ਨੂੰ ਹੋਰਨਾਂ ਕਿਸਾਨਾਂ ਨੂੰ ਵੀ ਪ੍ਰੇਰਿਤ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਮੁੱਖ ਖੇਤੀਬਾਡ਼ੀ ਅਫਸਰ ਡਾ. ਵਰਿੰਦਰ ਕੁਮਾਰ ਅਤੇ ਬਲਾਕ ਖੇਤੀਬਾਡ਼ੀ ਅਫਸਰ ਜਸਮੀਨ ਸਿੱਧੂ ਨੇ ਆਖਿਆ ਕਿ ਕਿਸਾਨ ਮਲਕੀਅਤ ਸਿੰਘ ਤੇ ਉਨ੍ਹਾਂ ਦੇ ਤਿੰਨੇ ਪੁੱਤ ਬਾਕੀ ਕਿਸਾਨਾਂ ਲਈ ਵੱਡੀ ਉਦਾਹਰਣ ਹਨ, ਜੋ ਵਾਤਾਵਰਨ ਸੰਭਾਲ ਵਿੱਚ ਯੋਗਦਾਨ ਪਾ ਰਹੇ ਹਨ ਤੇ ਖੇਤੀਬਾਡ਼ੀ ਮਹਿਕਮੇ ਦਾ ਇਸ ਮੁਹਿੰਮ ਵਿੱਚ ਸਾਥ ਦੇ ਰਹੇ ਹਨ।