ਅਜ਼ਾਦੀ ਘੁਲਾਟੀਏ ਜਵਾਹਰ ਲਾਲ ਸ਼ਰਮਾ ਦੇ ਭੋਗ ‘ਤੇ ਪੁੱਜੇ ਪ੍ਰਸ਼ਾਸਨਿਕ ਅਧਿਕਾਰੀ; ਪਰਿਵਾਰ ਨਾਲ ਦੁੱਖ ਵੰਡਾਇਆ

Sorry, this news is not available in your requested language. Please see here.

— ਦੇਸ਼ ਦੀ ਅਜ਼ਾਦੀ ਲਈ ਅਜ਼ਾਦੀ ਸੰਗਰਾਮੀਆਂ ਅਤੇ ਸ਼ਹੀਦਾਂ ਦਾ ਵੱਡਾ ਯੋਗਦਾਨ – ਧੀਮਾਨ

ਫਿਰੋਜ਼ਪੁਰ, 10 ਨਵੰਬਰ 2023.

 ਦੇਸ਼ ਦੀ ਅਜ਼ਾਦੀ ਲਈ ਲੜੇ ਗਏ ਸੰਗਰਾਮ ਮੌਕੇ ਵੱਡੀ ਗਿਣਤੀ ਵਿੱਚ ਸ਼ਹੀਦਾਂ ਨੇ ਜਿੱਥੇ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਦੇਸ਼ ਦੀ ਅਜ਼ਾਦੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਉੱਥੇ ਹੀ ਅਜ਼ਾਦੀ ਸੰਗਰਾਮੀਆਂ ਤੇ ਅਜ਼ਾਦੀ ਘੁਲਾਟੀਆਂ ਦੇ ਸੰਘਰਸ਼ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਅਜ਼ਾਦੀ ਘੁਲਾਟੀਏ ਸ੍ਰੀ ਜਵਾਹਰ ਲਾਲ ਸ਼ਰਮਾ ਜੋ ਪਿਛਲੇ ਦਿਨੀਂ ਸਵਰਗਵਾਸ ਹੋ ਗਏ ਸਨ, ਦੇ ਭੋਗ ਅਤੇ ਅੰਤਿਮ ਅਰਦਾਸ ਸਮੇਂ ਭੇਜੇ ਗਏ ਆਪਣੇ ਸ਼ੋਕ ਸੁਨੇਹੇ ਵਿੱਚ ਪ੍ਰਗਟ ਕੀਤਾ। ਉਨ੍ਹਾਂ ਅਜ਼ਾਦੀ ਘੁਲਾਟੀਏ ਜਵਾਹਰ ਲਾਲ ਸ਼ਰਮਾ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਇਕ ਨੇਕ ਦਿਲ ਇਨਸਾਨ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਵਿੱਚ ਪਾਏ ਗਏ ਯੋਗਦਾਨ ਨੂੰ ਕੱਦੇ ਨਹੀਂ ਭੁਲਾਇਆ ਜਾ ਸਕਦਾ।

ਅਜ਼ਾਦੀ ਘੁਲਾਟੀਏ ਸ੍ਰੀ ਜਵਾਹਰ ਲਾਲ ਸ਼ਰਮਾ ਨਮਿਤ ਅੰਤਿਮ ਅਰਦਾਸ ਅੱਜ ਇੱਥੋਂ ਦੇ ਪਿੰਡ ਕਮੱਗਰ ਵਿਖੇ ਹੋਈ। ਜਿਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਸ੍ਰੀ ਪ੍ਰਦੀਪ ਕੁਮਾਰ, ਮੁਲਾਜਮ ਜਥੇਬਦੀ ਦੇ ਆਗੂ ਸ੍ਰੀ ਮਨੋਹਰ ਲਾਲ ਨੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਵੰਡਾਇਆ। ਤਹਿਸੀਲਦਾਰ ਸ੍ਰੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਅਜ਼ਾਦੀ ਘੁਲਾਟੀਏ ਜਵਾਹਰ ਲਾਲ ਸ਼ਰਮਾ ਨੇ ਭਾਰਤ ਦੇਸ਼ ਅੰਦਰ 1942 ‘ਚ ਦੇਸ਼ ਦੀ ਅਜ਼ਾਦੀ ਦੇ ਅੰਦੋਲਨ ਵਿੱਚ ਆਪਣੇ ਮਾਮਾ ਜੀ ਨਾਲ ਹਿੱਸਾ ਲਿਆ ਅਤੇ ਜੇਲ੍ਹ ਕੱਟੀ ਸੀ। ਉਨ੍ਹਾਂ ਦੀਆਂ 6 ਲੜਕੀਆਂ ਤੇ 1 ਲੜਕਾ ਹੈ।

ਇਸ ਮੌਕੇ ਜਵਾਹਰ ਲਾਲ ਸ਼ਰਮਾ ਜੀ ਦੇ ਛੋਟੇ ਭਰਾ ਸ੍ਰੀ ਕਮਲ ਕੁਮਾਰ ਸਮੇਤ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਇਲਾਕਾ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।