ਅਧਿਆਪਕ ਦਿਵਸ ਮਨਾਉਣ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ‘ਚ ਪੂਰਾ ਉਤਸ਼ਾਹ

Happy Teacher Day

Sorry, this news is not available in your requested language. Please see here.

-ਵਧਾਈ ਸੰਦੇਸ਼ਾਂ ਦਾ ਸਰੂਪ ਬਦਲਿਆ
-ਅਧਿਆਪਕ ਦਿਵਸ ਸਬੰਧੀ ਤਿੰਨ ਦਿਨ ਪਹਿਲਾ ਆਰੰਭ ਹੋਏ ਜਸ਼ਨ
ਪਟਿਆਲਾ 4 ਸਤੰਬਰ:
ਅਧਿਆਪਕ ਦਿਵਸ ਹਰ ਸਾਲ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ‘ਚ ਬਹੁਤ ਹੀ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਜਾਂਦਾ ਹੈ, ਜਿਸ ਤਹਿਤ ਵਿਦਿਆਰਥੀ ਆਪਣੇ ਅਧਿਆਪਕਾਂ ਨੂੰ ਸਤਿਕਾਰ ਦੇਣ ਲਈ ਪ੍ਰੋਗਰਾਮ ਪੇਸ਼ ਕਰਨ ਦੇ ਨਾਲ-ਨਾਲ ਅਧਿਆਪਕਾਂ ਦੀਆਂ ਅਸੀਮ ਕੋਸ਼ਿਸ਼ਾਂ ਪ੍ਰਤੀ ਧੰਨਵਾਦ ਕਰਨ ਲਈ ਕਾਰਡ ਅਤੇ ਆਪਣੀ ਸਮਰੱਥਾ ਅਨੁਸਾਰ ਤੋਹਫ਼ੇ ਭੇਟ ਕਰਦੇ ਹਨ,ਪਰ ਇਸ ਵਾਰ ਸਕੂਲ ਬੰਦ ਹੋਣ ਕਾਰਨ ਅਤੇ ਵਿਦਿਆਰਥੀਆਂ ਨੂੰ ਆਨਲਾਈਨ ਸਿਖਲਾਈ ਦੇ ਨਾਲ ਜੁੜੇ ਰਹਿਣ ਕਾਰਨ ਜਸ਼ਨ ਥੋੜ੍ਹੇ ਵੱਖਰੇ ਰੂਪ ‘ਚ ਮਨਾਏ ਜਾ ਰਹੇ ਹਨ। ਜਦੋਂ ਕਿ ਭਲਕੇ ਅਧਿਆਪਕ ਦਿਵਸ 5 ਸਤੰਬਰ ਨੂੰ ਮਨਾਇਆ ਜਾਣਾ ਹੈ, ਪਰ ਇਸ ਸਬੰਧੀ ਗਤੀਵਿਧੀਆਂ ਪੂਰੇ ਪੰਜਾਬ ਵਿਚ ਲਗਭਗ ਤਿੰਨ ਦਿਨ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਹਨ।
ਪ੍ਰਿੰ. ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਨੇ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਆਪਣੇ ਅਧਿਆਪਕਾਂ ਲਈ ਆਪ-ਮੁਹਾਰੇ ਹੀ ਵਧਾਈਆਂ ਵਾਲੇ ਆਪਣੇ ਹੱਥੀ ਬਣਾਏ ਕਾਰਡ, ਡਿਜੀਟਲ ਕਾਰਡ, ਛੋਟੇ-ਛੋਟੇ ਵੀਡੀਓਜ਼ ਰਾਹੀਂ ਸੁਨੇਹੇ ਅਤੇ ਵਿਸ਼ੇਸ਼ ਨੋਟ ਵੀ ਤਿਆਰ ਕਰਕੇ, ਸੋਸ਼ਲ ਮੀਡੀਆ ਰਾਹੀਂ ਆਪਣੇ ਅਧਿਆਪਕਾਂ ਨੂੰ ਭੇਜੇ ਜਾ ਰਹੇ ਹਨ। ਸੈਂਟਰ ਹੈਡ ਟੀਚਰ ਜਤਿਨ ਮਿਗਲਾਨੀ ਦਾ ਕਹਿਣਾ ਹੈ ਕਿ ਇਸ ਵਾਰ ਘਰਾਂ ‘ਚ ਬੈਠੇ ਵਿਦਿਆਰਥੀਆਂ ਦੀਆਂ ਅਧਿਆਪਕ ਦਿਵਸ ਸਬੰਧੀ ਗਤੀਵਿਧੀਆਂ ਨੂੰ ਦੇਖਕੇ, ਮਾਪੇ ਵੀ ਆਪਣੇ ਬੱਚਿਆਂ ਦੇ ਅਧਿਆਪਕਾਂ ਨੂੰ ਵਧਾਈਆਂ ਤੇ ਸ਼ੁਭਕਾਮਨਾਵਾਂ ਭੇਜ ਰਹੇ ਹਨ।
ਵਿਦਿਆਰਥੀ ਹਰਜੀਤ ਸਿੰਘ ਮਾੜੂ ਨੇ ਦੱਸਿਆ ਕਿ ਉਹ ਸਕੂਲ ਵਿਚ ਹਰ ਸਾਲ ਆਪਣੇ ਅਧਿਆਪਕਾਂ ਲਈ ਕੋਈ ਨਾ ਕੋਈ ਪ੍ਰੋਗਰਾਮ ਪੇਸ਼ ਕਰਦੇ ਸਨ। ਇਸ ਵਾਰ ਉਹ ਆਪਣੇ ਘਰ ਬੈਠਕੇ ਹੀ ਕਾਰਡਾਂ ਰਾਹੀਂ ਅਧਿਆਪਕਾਂ ਨਾਲ ਖੁਸ਼ੀਆਂ ਸਾਂਝੀਆਂ ਕਰ ਰਹੇ ਹਾਂ। 12ਵੀਂ ਜਮਾਤ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਤਾਣਾ ਦਾ ਕਹਿਣਾ ਹੈ ਕਿ ਇਸ ਵਾਰ ਉਸ ਨੇ ਆਪਣੇ ਅਧਿਆਪਕਾਂ ਨੂੰ ਇੱਕ ਬਹੁਤ ਹੀ ਖੂਬਸੂਰਤ ਕਵਿਤਾ ਦੀ ਵੀਡੀਓ ਬਣਾਕੇ, ਸਤਿਕਾਰ ਭੇਟ ਕੀਤਾ ਹੈ। ਜਿਸ ਨੂੰ ਉਸ ਦੇ ਅਧਿਆਪਕਾਂ ਨੇ ਬਹੁਤ ਪਸੰਦ ਕੀਤਾ ਹੈ। ਵਿਦਿਆਰਥੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਡਿਜੀਟਲ ਕਾਰਡ ਬਣਾਕੇ, ਆਪਣੇ ਅਧਿਆਪਕਾਂ ਨੂੰ ਮੁਬਾਰਕਾਂ ਦਿੱਤੀਆਂ ਹਨ।
ਦੇਖਣ ‘ਚ ਆ ਰਿਹਾ ਹੈ ਕਿ ਛੋਟੀਆਂ ਜਮਾਤਾਂ ਦੇ ਵਿਦਿਆਰਥੀ ਹੱਥੀ ਕਾਰਡ ਬਣਾਕੇ, ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਰਾਹੀਂ ਆਪਣੇ ਅਧਿਆਪਕਾਂ ਨੂੰ ਵਧਾਈ ਸੰਦੇਸ਼ਾਂ ਦੇ ਰੂਪ ‘ਚ ਭੇਜ ਰਹੇ ਹਨ। ਵਿਦਿਆਰਥਣ ਮੁਸਕਾਨ ਰਾਜਪੁਰਾ ਨੇ ਕਿਹਾ ਕਿ ਸਾਡੇ ਅਧਿਆਪਕਾਂ ਨੇ ਤਾਲਾਬੰਦੀ ਦੌਰਾਨ ਆਪਣੇ ਵਿਦਿਆਰਥੀਆਂ ਅਤੇ ਮਾਪਿਆਂ ਦੀ ਸਹਾਇਤਾ ਨਾਲ ਸਖ਼ਤ ਮਿਹਨਤ ਰਾਹੀਂ ਪੜ੍ਹਾਉਣ ਲਈ ਨਵੇਂ-ਨਵੇਂ ਤਰੀਕੇ ਲੱਭੇ ਹਨ ਅਤੇ ਸਕੂਲ ਬੰਦ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਵਧੀਆ ਪੜ੍ਹਾਈ ਕਰਵਾਈ ਹੈ। ਜਿਸ ਕਰਕੇ ਉਨ੍ਹਾਂ ਦਾ ਅਧਿਆਪਕਾਂ ਲਈ ਹੋਰ ਵੀ ਸਤਿਕਾਰ ਵੱਧ ਗਿਆ ਹੈ ਅਤੇ ਉਨ੍ਹਾਂ ਦੇ ਮਾਪੇ ਵੀ ਅਧਿਆਪਕਾਂ ਦੇ ਕੰਮ ਦੀ ਤਾਰੀਫ ਕਰ ਰਹੇ ਹਨ। ਇਸ ਕਰਕੇ ਅਧਿਆਪਕ ਦਿਵਸ ਮੌਕੇ ਮੇਰੇ ਤੋਂ ਇਲਾਵਾ ਮੇਰੇ ਮਾਪਿਆਂ ਨੇ ਵੀ ਅਧਿਆਪਕਾਂ ਨੂੰ ਵਧਾਈਆਂ ਤੇ ਸ਼ੁਭਕਾਮਨਾਵਾਂ ਭੇਜੀਆਂ ਹਨ।
ਡੱਬੀ:- ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਸ੍ਰੀਮਤੀ ਹਰਿੰਦਰ ਕੌਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜ. ਅਮਰਜੀਤ ਸਿੰਘ ਨੇ ਦੱਸਿਆ ਕਿ ਭਲਕੇ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਪੁਰਸਕਾਰ ਵੰਡ ਸਮਾਰੋਹ ਵੈਬੀਨਾਰ (ਵੀਡੀਓ ਕਾਨਫ਼ਰੰਸ) ਰਾਹੀਂ ਕਰਵਾਇਆ ਜਾਵੇਗਾ। ਜਿਸ ਤਹਿਤ ਸਟੇਟ ਐਵਾਰਡਜ਼ ਲਈ ਚੁਣੇ ਗਏ ਪਟਿਆਲਾ ਜ਼ਿਲ੍ਹੇ ਦੇ ਅਧਿਆਪਕ ਇੱਥੇ ਜ਼ਿਲ੍ਹਾ ਹੈਡਕੁਆਰਟਰਜ਼ ‘ਤੇ ਐਮ.ਆਈ.ਐਸ. ਕੇਂਦਰਾਂ ਵਿਖੇ ਇਕੱਤਰ ਹੋਣਗੇ। ਜਿੱਥੇ ਵੈਬੀਨਾਰ ਰਾਹੀਂ ਮੁੱਖ ਦਫ਼ਤਰ ਤੋਂ ਪੁਰਸਕਾਰ ਹਾਸਲ ਕਰਨ ਵਾਲੇ ਅਧਿਆਪਕ ਦੇ ਸਨਮਾਨ ‘ਚ ਸੰਬੋਧਨ ਕੀਤਾ ਜਾਵੇਗਾ ਅਤੇ ਉਸ ਦੇ ਨਾਲ ਹੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤੇ ਐਲੀਮੈਂਟਰੀ ਅਧਿਆਪਕ ਨੂੰ ਪੁਰਸਕਾਰ ਭੇਂਟ ਕਰਨਗੇ। ਅਧਿਆਪਕ ਦੇ ਸਨਮਾਨ ਪੱਤਰ ਪਹਿਲਾ ਹੀ ਜ਼ਿਲ੍ਹਾ ਹੈਡਕੁਆਰਟਰਜ਼ ‘ਤੇ ਪੁੱਜਦੇ ਕਰ ਦਿੱਤੇ ਗਏ ਹਨ।