ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਪੱਟੀ ਸਬ ਜੇਲ ‘ਚ ਪ੍ਰੋਗਰਾਮ ਦਾ ਆਯੋਜਨ

Sorry, this news is not available in your requested language. Please see here.

ਚੀਫ਼ ਜੁਡੀਸ਼ਲ ਮੈਜਿਸਟ੍ਰੇਟ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਤੇ ਜੇਲ ਪ੍ਰਸ਼ਾਸਨ ਵੱਲੋਂ ਉਪਰਾਲਾ
ਭਿੰਦਰਪਾਲ ਨੇ ਚਿੱਤਰਕਲਾ ਅਤੇ ਸਚਿਨ ਨੇ ਲੇਖ ਮੁਕਾਬਲੇ ਵਿੱਚ ਮਾਰੀ ਬਾਜ਼ੀ
ਤਰਨਤਾਰਨ, 21/6/2024
ਸਿਹਤਮੰਦ ਜੀਵਨ ਲਈ ਯੋਗ ਅਭਿਆਸ ਨੂੰ ਪ੍ਰੋਤਸ਼ਾਹਿਤ ਕਰਨ ਦੇ ਟੀਚੇ ਨਾਲ ਜ਼ਿਲ੍ਹਾ ਤਰਨਤਾਰਨ ਦੀ ਪੱਟੀ ਸਬ ਜੇਲ੍ਹ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ, ਜਿਸ ਵਿੱਚ ਜੇਲ੍ਹ ਪ੍ਰਸ਼ਾਸਨ ਸਣੇ ਕੈਦੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਵੱਲੋਂ ਜੇਲ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਯੋਗ ਸੈਸ਼ਨ ਵਿੱਚ ਯੋਗ ਗੁਰੂਆਂ ਦੀ ਅਗੁਵਾਈ ਹੇਠ ਵੱਖੋ ਵੱਖ ਯੋਗ ਆਸਨ ਕਰਵਾਏ ਗਏ।
ਇਸ ਪ੍ਰੋਗਰਾਮ ਵਿੱਚ ਚੀਫ਼ ਜ਼ੁਡੀਸ਼ੀਅਲ ਮੈਜਿਸਟ੍ਰੇਟ ਪ੍ਰਤਿਮਾ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਕਿਹਾ ਕਿ ਲੋਕਾਂ ਨੂੰ ਯੋਗ ਪ੍ਰਤੀ ਜਾਗਰੂਕ ਕਰਨ ਲਈ ਇਹ ਇੱਕ ਚੰਗਾ ਉਪਰਾਲਾ ਹੈ ਤੇ ਯੋਗ ਸਾਡੇ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਸ ਜੇਲ੍ਹ ਵਿੱਚ ਯੋਗ ਦੇ ਜ਼ਰੀਏ ਕਈ ਲੋਕ ਨਸ਼ਾ ਛੱਡ ਚੁੱਕੇ ਨੇ ਅਤੇ ਜੇ ਲੋਕ ਬਿਮਾਰੀਆਂ ਤੋਂ ਬੱਚ ਕੇ ਰਹਿਣਾ ਚਾਹੁੰਦੇ ਨੇ, ਤਾਂ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਯੋਗ ਦਾ ਸਹਾਰਾ ਲੈਣਾ ਚਾਹੀਦਾ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਜੇਲ੍ਹ ਦੇ ਡਿਪਟੀ ਸੁਪਰੀਟੇਂਡੈਂਟ ਜਤਿੰਦਰ ਪਾਲ ਸਿੰਘ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਤੋਂ ਅੰਤਰਰਾਸ਼ਟਰੀ ਯੋਗ ਦਿਵਸ ਨੇ ਕੌਮਾਂਤਰੀ ਪੱਧਰ ਉੱਤੇ ਯੋਗ ਦੀ ਲੋਕਪ੍ਰਿਯਤਾ ਨੂੰ ਹੁਲਾਰਾ ਦਿੱਤਾ ਹੈ। ਉਹਨਾਂ ਕਿਹਾ ਕਿ ਜੇਲ੍ਹ ਵਿੱਚ ਕੈਦੀਆਂ ਵੱਲੋਂ ਵਿਖਾਏ ਗਏ ਅਨੁਸ਼ਾਸਨ ਦੇ ਜ਼ਰੀਏ ਯੋਗ ਨੂੰ ਜੀਵਨ ਦਾ ਹਿੱਸਾ ਬਣਾਉਂਦਿਆਂ ਯੋਗ ਦੇ ਜ਼ਰੀਏ ਕਈ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ।
ਉਥੇ ਹੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਅੰਮ੍ਰਿਤਸਰ ਦੇ ਮੁਖੀ ਗੁਰਮੀਤ ਸਿੰਘ ਨੇ ਕਿਹਾ ਕਿ ਹਰ ਵਿਅਕਤੀ ਨੂੰ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਕੀਤੀ ਗਈ ਸ਼ੁਰੂਆਤ ਨੂੰ ਸਫਲਤਾਪੂਰਵਕ ਅੱਗੇ ਤੋਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੋਗ ਲਈ ਲੋਕਾਂ ਨੂੰ ਵੱਧ ਚੜ੍ਹ ਕੇ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਉਹ ਸਿਹਤਮੰਦ ਜੀਵਨ ਜੀ ਸਕਣ।
ਇਸ ਮੌਕੇ ਪੱਟੀ ਦੇ ਆਈਟੀਆਈ ਵਿੱਚ ਲੇਖ ਅਤੇ ਚਿੱਤਰ ਕਲਾ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਚਿੱਤਰਕਲਾ ਮੁਕਾਬਲੇ ਵਿੱਚ ਭਿੰਦਰਪਾਲ ਨੇ ਪਹਿਲਾ, ਅਮਨਦੀਪ ਕੌਰ ਨੇ ਦੂਜਾ, ਗੁਰਜੰਟ ਨੇ ਤੀਜਾ ਅਤੇ ਰਮਨਦੀਪ ਕੌਰ ਨੇ ਚੌਥਾ ਸਥਾਨ ਹਾਸਲ ਕੀਤਾ, ਜੱਦਕਿ ਲੇਖ ਮੁਕਾਬਲੇ ਵਿੱਚ ਸਚਿਨ ਨੇ ਪਹਿਲੇ, ਨਿਖਿਲ ਨੇ ਦੂਜਾ, ਸਿਮਰਨਪ੍ਰੀਤ ਨੇ ਤੀਜਾ ਅਤੇ ਜੁਗਰਾਜ ਨੇ ਚੌਥਾ ਸਥਾਨ ਹਾਸਿਲ ਕੀਤਾ।
ਅੰਤਰਰਾਸ਼ਟਰੀ ਯੋਗ ਦਿਵਸ ਨੂੰ ਹਰ ਸਾਲ ਮਨਾਉਣ ਦੇ ਹਿੱਸੇ ਵਜੋਂ ਲੱਖਾਂ ਲੋਕਾਂ ਨੂੰ ਯੋਗ ਪ੍ਰਤੀ ਜਾਣੂ ਕਰਵਾਇਆ ਜਾਂਦਾ ਹੈ। ਇਸੇ ਲੜੀ ਦੇ ਤਹਿਤ ਪੱਟੀ ਸਬ ਜੇਲ੍ਹ ਵਿਖੇ ਆਯੋਜਿਤ ਕੀਤਾ ਗਿਆ ਯੋਗਾ ਸੈਸ਼ਨ ਸਫਲ ਹੋ ਨਿਬੜਿਆ, ਜਿਸਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ।