— ਆਫਤਾਂ ਤੋਂ ਬਚਣ ਲਈ, ਆਪਣੇ ਆਪ ਨੂੰ ਹਮੇਸ਼ਾ ਤਿਆਰ ਰੱਖੋ : ਸੰਯੁਕਤ ਰਾਸ਼ਟਰ
— ਭੁਚਾਲ ਸਮੇਂ “ਝੁਕੋ-ਢੱਕੋ-ਫੜੋ” ਤਕਨੀਕ ਅਪਨਾਉ: ਹਰਬਖਸ਼ ਸਿੰਘ
ਬਟਾਲਾ, 13 ਅਕਤੂਬਰ:
ਅੰਤਰ-ਰਾਸ਼ਟਰੀ ਦਿਵਸ ‘ਆਫਤਾਂ ਦੇ ਖਤਰਿਆਂ ਨੂੰ ਘੱਟ ਕਰੀਏ’ ਮੌਕੇ ਜਾਗਰੂਕਤਾ ਕੈਂਪ ਬਟਾਲਾ ਵਿਖੇ ਲਗਾਇਆ। ਜਪਾਨ ਦੇ ਸ਼ਹਿਰ ਸੇਂਦੇਈ-2015 ਦੇ ਸੱਤ ਟੀਚਿਆਂ ’ਚ ਵਿਕਾਸਸ਼ੀਲ ਦੇਸ਼ਾਂ ਦੇ ਆਫਤਾਂ ਦੇ ਕਾਰਣ ਤੇ ਉਹਨਾਂ ਨੂੰ ਘਟਾਉਣ ਸਬੰਧੀ ਜਨ-ਜਾਗਰੂਕ ਹਿਤ 13 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਸਕੱਤਰ-ਜਨਰਲ ਸੰਯੁਕਤ ਰਾਸ਼ਟਰ ਐਂਟੋਨੀਓ ਗੁਟੇਰੇਸ ਵਲੋ ਜਾਰੀ ਸੰਦੇਸ਼ ਅਨੁਸਾਰ, ਵਿਸ਼ਵ ਵਿਚ ਕਈ ਭਿਆਨਕ ਆਫਤਾਵਾਂ ਵੱਧ ਰਹੀਆਂ ਹਨ ਇਹਨਾਂ ਕਾਰਣ ਔਰਤਾਂ ਅਤੇ ਲੜਕੀਆਂ ਬਹੁਤ ਜਿਆਦਾ ਪ੍ਰਭਾਵਿਤ ਹੋ ਰਹੀਆਂ ਹਨ ਜੋ ਚਿੰਤਾ ਦਾ ਵਿਸ਼ਾ ਹੈ।
ਇਸ ਮੌਕੇ ਆਫਤ ਪ੍ਰਬੰਧਨ ਮਾਹਰ ਹਰਬਖਸ਼ ਸਿੰਘ ਵਲੋਂ ਪ੍ਰਧਾਨ ਮੰਤਰੀ-10 ਨੁਕਾਤੀ ਏਜੰਡਾ ਦੇ ਤਹਿਤ ਆਫਤਾਂ ਨੂੰ ਨਜਿੱਠਣ ਲਈ ਆਮ ਨਾਗਰਿਕ ਦੀ ਹਿਸੇਦਾਰੀ ਤੇ ਅਗਵਾਈ ਬਾਰੇ ਜਾਗਰੂਕ ਕਰਨ ਉਪਰੰਤ ਸਭ ਤੋਂ ਵੱਧ ਵਿਨਾਸ਼ਕਾਰੀ ਕੁਦਰਤੀ ਆਫਤਾਂ ਵਿੱਚੋਂ ਭੁਚਾਲ ਮੌਕੇ ਕੀ ਕਰੀਏ – ਕੀ ਨਾ ਕਰੀਏ ਬਾਰੇ ਦਸਿਆ। ਭੁਚਾਲ ਕਿਸੇ ਵੀ ਸਮੇਂ, ਦਿਨ ਜਾਂ ਰਾਤ ਨੂੰ ਚਾਣਚੱਕ ਆਉਂਦਾ ਹੈ ਤੇ ਹੱਸਦੇ ਵੱਸਦੇ ਲੋਕ ਜ਼ਖਮੀ ਜਾਂ ਮਰ ਜਾਂਦੇ ਹਨ ।ਭਾਰਤ ਸਰਕਾਰ ਵਲੋਂ ਭੁਚਾਲ ਚੇਤਾਵਨੀ ਸਿਸਟਮ ਵੀ ਸ਼ੁਰੂ ਕੀਤਾ ਗਿਆ ਹੈ ਜਿਸ ਰਾਹੀ ਮੋਬਾਇਲ ਤੇ ਭੁਚਾਲ ਚਿਤਾਵਨੀ ਅਲਰਟ ਆਵੇਗਾ ਤਾਂ ਜੋ ਨਾਗਰਿਕ ਤੁਰੰਤ ਸੁਰੱਖਿਆਂ ਉਪਾਵਾਂ ਨੂੰ ਅਪਨਾ ਸਕਣ।
ਅਗੇ ਸਾਵਧਾਨੀਆਂ ਬਾਰੇ ਦਸਿਆ ਕਿ ਭੁਚਾਲ ਮੌਕੇ ਜੇਕਰ ਤੁਸੀਂ ਸਕੂਲ ਦੇ ਅੰਦਰ ਹੋ ਤਾਂ ਆਪਣੇ ਡੈਸਕ ਥੱਲੇ ਵੜ ਕੇ ਉਸ ਨੂੰ ਮਜਬੂਤੀ ਨਾਲ ਫੜ ਲਵੋ । ਆਪਣੇ ਘਰ ਜਾਂ ਕਿਸੇ ਮਕਾਨ ਦੇ ਅੰਦਰ ਹੋ ਤਾਂ ਕਿਸੇ ਮਜ਼ਬੂਤ ਜਾਂ ਉਚੇ ਪਲੰਘ (ਬੈਡ) ਥੱਲੇ ਬੈਠੋ ਅਤੇ ਉਥੇ ਉਹਨਾਂ ਚਿਰ ਟਿਕੇ ਰਹੋ ਜਿਨੀ ਦੇਰ ਭੁਚਾਲ ਦੇ ਝਟਕੇ ਖਤਮ ਨਹੀਂ ਹੁੰਦੇ। ਉਪਰੰਤ ਲਿਫਟ ਦੀ ਵਰਤੋਂ ਨਾ ਕਰਦੇ ਹੋਏ ਪੋੜੀਆਂ ਰਸਤੇ ਬਾਹਰ ਖੁਲੇ ਮੈਦਾਨ ਵਿਚ ਜਾਉ। ਫਸਟ ਏਡ ਬਾਕਸ ਤੇ ਐਮਰਜੈਂਸੀ ਕਿਟ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਆਖਰ ਵਿਚ ਸੀ.ਓ. ਅਮਨਦੀਪ ਸਿੰਘ ਅੋਲਖ ਨੇ ਦਸਿਆ ਕਿ ਆਫ਼ਤ ਦੇ ਖਤਰਿਆਂ ਨੂੰ ਘਟਾਉਣ ਲਈ ਅੰਤਰਰਾਸ਼ਟਰੀ ਦਿਨ ਹੈ ਜੋ ਹਰੇਕ ਨਾਗਰਿਕ ਅਤੇ ਸਰਕਾਰ ਨੂੰ ਵਧੇਰੇ ਆਫ਼ਤ-ਸਹਿਣਸ਼ੀਲ ਭਾਈਚਾਰਿਆਂ ਅਤੇ ਰਾਸ਼ਟਰ ਦੇ ਨਿਰਮਾਣ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਦਾ ਹੈ। ਇਸ ਮੌਕੇ ਸੀ.ਡੀ ਵਲੰਟੀਅਰ ਹਰਪ੍ਰੀਤ ਸਿੰਘ ਦੇ ਸਮੇਤ ਕੈਂਪ ਸਟਾਫ ਤੇ 400 ਕੈਡਿਟ ਹਾਜ਼ਰ ਸਨ।
ਇਸ ਕੈਂਪ ਦਾ ਸਹਿਯੋਗ ਵਾਰਡਨ ਸਰਵਿਸ, ਪੋਸਟ ਨੰ 8, ਸਿਵਲ ਡਿਫੈਂਸ, ਪੰਜਾਬ ਅੰਬੈਸਡਰ – ਵਿਲਿਜ਼ ਡਿਜ਼ਾਸਟਰ ਮੈਨੇਜ਼ਮੈਂਟ ਪਲਾਨ, ਜ਼ੋਨ-4-ਸਲੂਸ਼ਨ ਨਵੀ ਦਿੱਲੀ, ਨੋਲੇਜ਼ ਪਾਰਟਨਰ – ਡਿਜ਼ਾਸਟਰ ਮੈਨੇਜ਼ਮੈਂਟ ਕਾਮਰੇਡਸ ਐਂਡ ਚੈਂਪੀਅਨਜ਼ (ਡੀਐਮਸੀਸੀ) ਗਲੋਬਲ ਕਮਿਊਨਿਟੀ ਤੇ ਫਸਟ-ਏਡ, ਹੈਲਥ ਐਂਡ ਸੇਫਟੀ ਅਵੇਅਰਨੈਸ ਮਿਸ਼ਨ ਪਟਿਆਲਾ ਵਲੋਂ ਕੀਤਾ ਗਿਆ।

हिंदी






