ਤਰਨ ਤਾਰਨ, 12 ਦਸੰਬਰ :
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਹਿਯੋਗ ਨਾਲ ਆਤਮਾ ਸਕੀਮ ਤਹਿਤ ਜਿਲ੍ਹਾ ਤਰਨ ਤਾਰਨ ਦੇ ਮੁੱਖ ਖੇਤੀਬਾੜੀ ਅਫਸਰ ਡਾ. ਕੁਲਜੀਤ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਖੇਤੀਬਾੜੀ ਅਫਸਰ-ਕਮ-ਬੀ. ਟੀ. ਟੀ. ਇੰਚਾਰਜ ਡਾ. ਜਗਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪਿੰਡ ਸੇਰੋਂ ਦੇ ਨੌਜਵਾਨ ਕਿਸਾਨ ਸ੍ਰ. ਬਿਕਰਮਜੀਤ ਸਿੰਘ ਪੁੱਤਰ ਸ੍ਰ. ਕੁਲਜੀਤ ਸਿੰਘ ਦੇ ਖੇਤ ਵਿੱਚ ਆਤਮਾ ਤਹਿਤ ਸੁਪਰ ਸੀਡਰ ਨਾਲ ਕਣਕ ਦਾ ਪ੍ਰਦਰਸ਼ਨੀ ਪਲਾਟ ਲਗਵਾਇਆ ਗਿਆ, ਜਿਸ ਦਾ ਸਮੇਂ-ਸਮੇਂ ਤੇ ਖੇਤੀਬਾੜੀ ਅਤੇ ਆਤਮਾ ਸਟਾਫ ਵੱਲੋਂ ਮੁਆਇਨਾ ਕੀਤਾ ਜਾਂਦਾ ਹੈ।
ਪ੍ਰਦਰਸ਼ਨੀ ਪਲਾਟ ਦਾ ਜਾਇਜਾ ਲੈਂਦਿਆਂ ਮੌਕੇ ‘ਤੇ ਪੁੱਜੇ ਕਿਸਾਨਾਂ ਨੂੰ ਬਲਾਕ ਟੈਕਨਾਲੋਜੀ ਮੈਨੇਜਰ ਰਮਨਪ੍ਰੀਤ ਕੌਰ ਵੱਲੋਂ ਦੱਸਿਆ ਗਿਆ ਕਿ ਸੁਪਰ ਸੀਡਰ ਨਾਲ ਬਿਜਾਈ ਕਰਨ ਤੇ ਪਰਾਲੀ ਪ੍ਰਬੰਧਨ ਸੁਚੱਜੇ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਅਤੇ ਇਸ ਨਾਲ ਸਮੇਂ ਦੀ ਬੱਚਤ ਦੇ ਨਾਲ-ਨਾਲ ਕਿਸਾਨੀ ਖਰਚੇ ਵੀ ਘੱਟਦੇ ਹਨ। ਪਰਾਲੀ ਜ਼ਮੀਨ ਵਿੱਚ ਰਲਾਉਣ ਨਾਲ ਜਿੱਥੇ ਹਵਾ ਪ੍ਰਦੂਸ਼ਣ ਘੱਟਦਾ ਹੈ, ਉਥੇ ਹੀ ਜਮੀਨ ਦੀ ਉਪਜਾਊ ਸ਼ਕਤੀ ਵਧਣ ਨਾਲ ਖਾਦਾਂ ਦੀ ਖਪਤ ਵਿੱਚ ਕਮੀ ਆਉਂਦੀ ਹੈ ਅਤੇ ਫਸਲ ਦੇ ਝਾੜ ਵਿੱਚ ਵਾਧਾ ਹੁੰਦਾ ਹੈ।
ਇਸ ਮੌਕੇ ਖੇਤੀਬਾੜੀ ਉਪ-ਨਿਰੀਖਕ ਸ਼੍ਰੀ ਨਿਰਭੈ ਸਿੰਘ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਅਨੁਸਾਰ ਖਾਦਾਂ ਦੀ ਲੋੜ ਅਨੁਸਾਰ ਵਰਤੋਂ ਪੱਤਾ ਰੰਗ ਚਾਰਟ ਦੀ ਮੱਦਦ ਨਾਲ ਕਰਨ ਅਤੇ ਨਦੀਨ ਨਾਸ਼ਕਾਂ ਦੇ ਛਿੜਕਾਅ ਲਈ ਫਲੈਟ ਫੈਨ ਜਾਂ ਫਲੱਡ ਜੈਟ ਨੋਜ਼ਲ ਨੂੰ ਤਰਜੀਹ ਦੇਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਹਾਇਕ ਤਕਨੀਕੀ ਮੈਨੇਜਰ ਸ਼੍ਰੀ ਧਰਮਿੰਦਰ ਸਿੰਘ ਵੱਲੋਂ ਆਤਮਾ ਅਧੀਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਵੱਧ ਤੋਂ ਵੱਧ ਕਿਸਾਨਾਂ ਨੂੰ ਵਿਭਾਗ ਨਾਲ ਜੁੜਨ ਦੀ ਅਪੀਲ ਕੀਤੀ ਗਈ ਤਾਂ ਜੋ ਕਿਸਾਨ ਵੱਖ-ਵੱਖ ਸਕੀਮਾਂ ਦਾ ਲਾਹਾ ਲੈ ਸਕਣ।

हिंदी





