ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਮਿਲੇਗੀ 5 ਲੱਖ ਦੇ ਮੁਫਤ ਇਲਾਜ ਦੀ ਸਹੂਲਤ: ਜਗਦੀਸ਼ ਸਿੰਘ ਜੌਹਲ

Sorry, this news is not available in your requested language. Please see here.

ਨਵਾਂਸ਼ਹਿਰ ਦੇ 17969 ਮਰੀਜ਼ਾਂ ਨੇ ਲਾਭ ਉਠਾਇਆ
ਐੱਸ.ਡੀ.ਐੱਮ. ਸ. ਜਗਦੀਸ਼ ਸਿੰਘ ਜੌਹਲ ਨੇ ਪਿੰਡ ਅਮਰਗੜ੍ਹ ਵਿਖੇ ਈ-ਕਾਰਡ ਬਣਾਉਣ ਲਈ ਲਗਾਏ ਕੈਂਪ ’ਤੇ ਕੰਮਕਾਜ ਦਾ ਲਿਆ ਜਾਇਜ਼ਾ
ਨਵਾਂਸ਼ਹਿਰ, 13 ਜੁਲਾਈ 2021 ਮਾਣਯੋਗ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿਚ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਦੇ ਈ-ਕਾਰਡ ਬਣਾਉਣ ਦਾ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ। ਇਸੇ ਕੜੀ ਤਹਿਤ ਉਪ ਮੰਡਲ ਮੈਜਿਸਟ੍ਰੇਟ, ਨਵਾਂਸਹਿਰ ਸ. ਜਗਦੀਸ਼ ਸਿੰਘ ਜੌਹਲ ਨੇ ਸਿਹਤ ਬਲਾਕ ਮੁਜ਼ੱਫਰਪੁਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਦੀ ਅਗਵਾਈ ਹੇਠ ਪਿੰਡ ਅਮਰਗੜ੍ਹ ਵਿਖੇ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਦੇ ਈ-ਕਾਰਡ ਬਣਾਉਣ ਲਈ ਲਗਾਏ ਗਏ ਕੈਂਪ ਦਾ ਦੌਰਾ ਕੀਤਾ ਅਤੇ ਕੰਮਕਾਜ ਦੀ ਸਮੀਖਿਆ ਕੀਤੀ।
ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਸ. ਜਗਦੀਸ਼ ਸਿੰਘ ਜੌਹਲ ਨੇ ਹਦਾਇਤ ਕਰਦਿਆਂ ਕਿਹਾ ਕਿ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕੋਈ ਵੀ ਲਾਭਪਾਤਰੀ ਈ-ਕਾਰਡ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਹੈ ਅਤੇ 100 ਫੀਸਦੀ ਲਾਭਪਾਤਰੀਆਂ ਦੇ ਈ-ਕਾਰਡ ਬਣਾਏ ਜਾਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ 1,54,619 ਈ-ਕਾਰਡ ਬਣਾਏ ਜਾ ਚੁੱਕੇ ਹਨ, ਜਦੋਂਕਿ ਬਾਕੀ ਰਹਿੰਦੇ ਲਾਭਪਾਤਰੀਆਂ ਦੇ ਈ-ਕਾਰਡ ਵੀ ਛੇਤੀ ਹੀ ਬਣਾ ਦਿੱਤੇ ਜਾਣਗੇ।
ਸ. ਜੌਹਲ ਦੱਸਿਆ ਕਿ ਇਸ ਸਕੀਮ ਅਧੀਨ ਪੰਜੀਕ੍ਰਿਤ ਪਰਿਵਾਰ ਦੇ ਕਿਸੇ ਵੀ ਵਿਅਕਤੀ ਨੂੰ ਪੰਜੀਕ੍ਰਿਤ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖ਼ਲ ਹੋਣ ਦੀ ਸੂਰਤ ਵਿੱਚ ਸਾਲਾਨਾ ਪੰਜ ਲੱਖ ਰੁਪਏ ਤੱਕ ਦੀ ਸਿਹਤ ਬੀਮੇ ਦੀ ਸਹੂਲਤ ਦਿੱਤੀ ਜਾਂਦੀ ਹੈ। ਇਸ ਸਕੀਮ ਅਧੀਨ 1578 ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਕਰਵਾਇਆ ਜਾ ਸਕਦਾ ਹੈ। ਇਸ ਸਕੀਮ ਵਿੱਚ ਕੋਵਿਡ-19 ਦੀ ਮਹਾਂਮਾਰੀ ਦੇ ਇਲਾਜ ਦੀ ਵੀ ਵਿਵਸਥਾ ਕੀਤੀ ਗਈ ਹੈ। ਇਸ ਸਕੀਮ ਅਧੀਨ ਸਮਾਜਿਕ, ਆਰਥਿਕ ਅਤੇ ਜਾਤੀ ਜਨ-ਗਣਨਾ-2011 ਡਾਟਾ ਵਿੱਚ ਸ਼ਾਮਿਲ ਪਰਿਵਾਰ, ਸਮਾਰਟ ਰਾਸ਼ਨ ਕਾਰਡ ਧਾਰਕ ਪਰਿਵਾਰ, ਛੋਟੇ ਵਪਾਰੀ ਜੇ ਫਾਰਮ ਧਾਰਕ ਕਿਸਾਨ ਪਰਿਵਾਰ, ਉਸਾਰੀ ਭਲਾਈ ਬੋਰਡ, ਪੀਲੇ ਕਾਰਡ ਧਾਰਕ ਪੱਤਰਕਾਰਾਂ ਨੂੰ ਵੀ ਕਵਰ ਕੀਤਾ ਗਿਆ ਹੈ। ਇਸ ਸਕੀਮ ਅਧੀਨ ਪੰਜਾਬ ਦੇ ਲਗਭਗ ਲੱਖਾਂ ਪਰਿਵਾਰਾਂ ਰਜ਼ਿਸਟਰਡ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ ਦੂਜੇ ਪਾਲਿਸੀ ਸਾਲ ਤੋਂ 31 ਮਈ ਤੱਕ 2021 ਤੱਕ ਜ਼ਿਲ੍ਹਾ ਨਵਾਂਸ਼ਹਿਰ ਦੇ 17969 ਮਰੀਜ਼ਾਂ ਨੇ ਇਸ ਸਕੀਮ ਦਾ ਲਾਭ ਉਠਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਦੌਰਾਨ 12,84,66,541 ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਈ-ਕਾਰਡ ਬਣਾਉਣ ਲਈ ਸਬੰਧਤ ਕੰਪਨੀ ਵੱਲੋਂ ਮਾਮੂਲੀ ਫੀਸ ਲਈ ਜਾਂਦੀ ਹੈ। ਕਾਰਡ ਬਣਾਉਣ ਲਈ ਯੋਗ ਲਾਭਪਾਤਰੀ ਨੂੰ ਆਪਣਾ ਕੋਈ ਸ਼ਨਾਖਤੀ ਕਾਰਡ ਲੈ ਕੇ ਆਉਣਾ ਪਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।