ਇਮਾਨਦਾਰੀ, ਵਫ਼ਾਦਾਰੀ ਅਤੇ ਦਿਲਦਾਰੀ ਦਾ ਸੇਠ ਹੈ ‘ਕਸਤੂਰੀ ਲਾਲ ਸੇਠ’

Sorry, this news is not available in your requested language. Please see here.

ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਬਟਾਲਾ।
ਬਟਾਲਾ, 09,ਮਈ,2021 ਜਦੋਂ ਅਸੀਂ ਅੱਜ ਦੇ ਬਟਾਲਾ ਸ਼ਹਿਰ ਦੇ ਰਾਜਨੀਤਿਕਾਂ ਵੱਲ ਨਜ਼ਰ ਮਾਰਦੇ ਹਾਂ ਤਾਂ ਇਨ੍ਹਾਂ ਸਾਰੇ ਲੀਡਰਾਂ ਵਿਚੋਂ ਇੱਕ ਨਾਮ ਸਭ ਤੋਂ ਵੱਧ ਉੱਭਰ ਕੇ ਸਾਹਮਣੇ ਆਉਂਦਾ ਹੈ। ਪਿਛਲੀ ਅੱਧੀ ਸਦੀ ਤੋਂ ਰਾਜਨੀਤੀ ਦੇ ਖੇਤਰ ਵਿੱਚ ਆਪਣੀ ਇਮਾਨਦਾਰੀ ਤੇ ਵਫ਼ਾਦਾਰੀ ਦੀ ਕਸਤੂਰੀ ਵਰਗੀ ਮਹਿਕ ਬਿਖੇਰ ਰਹੇ ਇਸ ਆਗੂ ਨੂੰ ਹਰ ਸ਼ਹਿਰ ਵਾਸੀ ਅਤੇ ਹਰ ਪਾਰਟੀ ਦਾ ਆਗੂ ਬਹੁਤ ਸਤਿਕਾਰ ਦਿੰਦਾ ਹੈ। ਗੱਲ ਕਰ ਰਹੇ ਹਾਂ ਨਗਰ ਸੁਧਾਰ ਟਰੱਸਟ ਬਟਾਲਾ ਦੇ ਚੇਅਰਮੈਨ ਸ੍ਰੀ ਕਸਤੂਰੀ ਲਾਲ ਸੇਠ ਦੀ ਜਿਨ੍ਹਾਂ ਦੇ ਆਪਣੇ ਨਾਮ ਵਾਂਗ ਹਮੇਸ਼ਾਂ ਹੀ ਬਟਾਲੇ ਸ਼ਹਿਰ ਵਿੱਚ ਇਮਾਨਦਾਰੀ ਅਤੇ ਮੁਹੱਬਤ ਖੁਸ਼ਬੋ ਵੰਡੀ ਹੈ ਅਤੇ ਉਹ ਦਿਲ ਦੇ ਵੀ ਸੱਚਮੁੱਚ ਸੇਠ ਹਨ। ਆਪਣੀ ਕਾਂਗਰਸ ਪਾਰਟੀ ਪ੍ਰਤੀ ਵਫ਼ਾਦਾਰੀ ਏਨੀ ਕਿ ਚਾਹੇ ਪਾਰਟੀ ਨੇ ਕਦੀ ਕੁਝ ਦਿੱਤਾ ਜਾਂ ਨਾ ਦਿੱਤਾ ਪਰ ਉਨ੍ਹਾਂ ਕਦੀ ਕੋਈ ਸ਼ਿਕਵਾ ਨਾ ਕੀਤਾ ਅਤੇ ਹਮੇਸ਼ਾਂ ਪਾਰਟੀ ਦੇ ਸੱਚੇ ਸਿਪਾਹੀ ਬਣਕੇ ਸੇਵਾ ਕਰਦੇ ਰਹੇ।
50 ਸਾਲ ਪਹਿਲਾਂ 1971 ਵਿੱਚ ਆਪਣਾ ਰਾਜਨੀਤਿਕ ਸਫ਼ਰ ਸ਼ੁਰੂ ਕਰਨ ਵਾਲੇ ਕਸਤੂਰੀ ਲਾਲ ਸੇਠ ਇਸ ਸਮੇਂ ਨਗਰ ਸੁਧਾਰ ਟਰੱਸਟ ਬਟਾਲਾ ਦੇ ਚੇਅਰਮੈਨ ਦੀਆਂ ਸੇਵਾਵਾਂ ਨਿਭਾ ਰਹੇ ਹਨ। ਇਸ ਲੰਮੇ ਅਰਸੇ ਦੌਰਾਨ ਉਨ੍ਹਾਂ ਨੇ ਜ਼ਿੰਦਗੀ ਦੇ ਕਈ ਉਤਰਾਅ-ਚੜਾਅ ਦੇਖੇ ਪਰ ਆਪਣੀ ਮਿਹਤਨ ਤੇ ਸਿਰੜ ਨਾਲ ਉਨ੍ਹਾਂ ਨੇ ਹਰ ਮੰਜ਼ਿਲ ਨੂੰ ਪਾਰ ਕੀਤਾ ਹੈ। ਆਓ ਪੜ੍ਹਦੇ ਹਾਂ ਸੇਠ ਕਸਤੂਰੀ ਲਾਲ ਸੇਠ ਜੀ ਦੇ ਜੀਵਨ ਕੁਝ ਅਣਪੜ੍ਹੇ ਪੰਨਿਆਂ ਨੂੰ।
ਕਸਤੂਰੀ ਲਾਲ ਸੇਠ ਦਾ ਜਨਮ ਸੰਨ 26-7-1947 ਨੂੰ ਪਿਤਾ ਸ੍ਰੀ ਦਵਾਰਕਾ ਦਾਸ ਸੇਠ ਅਤੇ ਮਾਤਾ ਸ੍ਰੀਮਤੀ ਨੰਦ ਰਾਣੀ ਸੇਠ ਦੇ ਘਰ ਧੀਰਾਂ ਮੁਹੱਲਾ ਬਟਾਲਾ ਵਿਖੇ ਹੋਇਆ। ਇਨ੍ਹਾਂ ਦੇ ਪਿਤਾ ਜੀ ਕਿਰਸਾਨੀ ਕਰਦੇ ਸਨ ਅਤੇ ਇਨ੍ਹਾਂ ਦੀ ਜ਼ਮੀਨ ਅਰਮਾਨ ਰਿਜੋਰਟ ਵੱਲ ਬਾਈਪਾਸ ਦੇ ਬਾਹਰਵਾਰ ਸੀ। ਜਦੋਂ ਕਸਤੂਰੀ ਲਾਲ ਸੇਠ ਦਾ ਜਨਮ ਹੋਇਆ ਤਾਂ ਉਸ ਸਮੇਂ ਪੰਜਾਬ ਭਰ ਵਿੱਚ ਦੇਸ਼ ਵੰਡ ਦੀ ਚਰਚਾ ਪੂਰੇ ਜ਼ੋਰਾਂ ’ਤੇ ਸੀ ਅਤੇ ਆਖਰ ਉਨ੍ਹਾਂ ਦੇ ਜਨਮ ਦੇ ਵੀਹ ਦਿਨ ਬਾਅਦ ਹੀ ਪੰਜਾਬ ਵੰਡਿਆ ਗਿਆ। ਹਰ ਪਾਸੇ ਕਤਲੋ-ਗਾਰਤ ਹੋਣ ਲੱਗੀ, ਸਹਿਮ ਤੇ ਡਰ ਦੇ ਮਾਹੌਲ ਬਣ ਗਿਆ। ਇਸੇ ਦੌਰਾਨ 14 ਅਗਸਤ 1947 ਨੂੰ ਬਟਾਲਾ ਸ਼ਹਿਰ ਸਮੇਤ ਪੂਰਾ ਜ਼ਿਲ੍ਹਾ ਗੁਰਦਾਸਪੁਰ ਪਾਕਿਸਤਾਨ ਵਿੱਚ ਚਲਾ ਗਿਆ। ਬਟਾਲਾ ਸ਼ਹਿਰ ਜੋ ਕਿ ਮੁਸਲਿਮ ਬਹੁ-ਵਸੋਂ ਵਾਲਾ ਸ਼ਹਿਰ ਸੀ ਅਤੇ ਇਥੇ ਮਾਹੌਲ ਬਹੁਤ ਤਣਾਅ ਪੂਰਨ ਹੋ ਗਿਆ। ਸ੍ਰੀ ਦਵਾਰਕਾ ਦਾਸ ਸੇਠ ਸਮੇਤ ਸ਼ਹਿਰ ਦੇ ਹੋਰ ਹਿੰਦੂ ਅਤੇ ਸਿੱਖ ਅਜੇ ਬਟਾਲਾ ਸ਼ਹਿਰ ਤੋਂ ਹਿਜ਼ਰਤ ਕਰਨ ਦੀਆਂ ਅਜੇ ਤਰਕੀਬਾਂ ਸੋਚ ਹੀ ਰਹੇ ਸਨ ਕਿ ਪਾਸਾ ਇੱਕ ਦਮ ਪਲਟ ਗਿਆ। 17 ਅਗਸਤ 1947 ਨੂੰ ਹੱਦਬੰਦੀ ਕਮਿਸ਼ਨ ਨੇ ਜ਼ਿਲ੍ਹਾ ਗੁਰਦਾਸਪੁਰ ਦੀ ਇੱਕ ਤਹਿਸੀਲ ਸ਼ਕਰਗੜ੍ਹ ਨੂੰ ਪਾਕਿਸਤਾਨ ਵਿੱਚ ਰਹਿਣ ਦਿੱਤਾ ਜਦਕਿ ਬਾਕੀ ਸਾਰਾ ਜ਼ਿਲ੍ਹਾ ਭਾਰਤ ਦਾ ਹਿੱਸਾ ਬਣ ਗਿਆ। ਹੁਣ ਉਨ੍ਹਾਂ ਮੁਸਲਮਾਨਾਂ ਨੂੰ ਬਟਾਲਾ ਛੱਡ ਕੇ ਜਾਣਾ ਪਿਆ ਜੋ ਮਾਰਧਾੜ ਤੇ ਲੁੱਟਮਾਰ ਦੀਆਂ ਗੱਲਾਂ ਕਰ ਰਹੇ ਸਨ।
ਬਟਾਲਾ ਸ਼ਹਿਰ ਜਦੋਂ ਭਾਰਤ ਦਾ ਹਿੱਸਾ ਬਣਿਆ ਤਾਂ ਸ੍ਰੀ ਦਵਾਰਕਾ ਦਾਸ ਸੇਠ ਅਤੇ ਉਨ੍ਹਾਂ ਦੇ ਪਰਿਵਾਰ ਨੇ ਵੀ ਸੁੱਖ ਦਾ ਸਾਹ ਲਿਆ। ਇਸ ਉੱਥਲ-ਪੁਥਲ ਤੋਂ ਬਾਅਦ ਵਾਪਸ ਗੱਡੀ ਲੀਹ ’ਤੇ ਚੜ੍ਹਨੀ ਸ਼ੁਰੂ ਹੋ ਗਈ। ਕਸਤੂਰੀ ਲਾਲ ਸੇਠ ਬਚਪਨ ਵਿੱਚ ਆਪਣੇ ਘਰ ਦੀ ਖੂਹੀ ਵਾਲੀ ਗਲੀ ਵਿੱਚ ਆਪਣੇ ਸਾਥੀ ਬੱਚਿਆਂ ਨਾਲ ਖੇਡਣ ਲੱਗੇ। ਜਦੋਂ ਉਮਰ 6 ਸਾਲਾਂ ਦੀ ਹੋਈ ਤਾਂ ਪਿਤਾ ਸ੍ਰੀ ਦਵਾਰਕਾ ਦਾਸ ਸੇਠ ਨੇ ਉਨ੍ਹਾਂ ਨੂੰ ਸ਼ਹਿਰ ਦੇ ਨਾਮੀ ਸਕੂਲ ਐੱਮ.ਬੀ. ਹਾਈ ਸਕੂਲ (ਮਿਊਂਸੀਪਲ ਬੋਰਡ ਹਾਈ ਸਕੂਲ) ਵਿਖੇ ਪਹਿਲੀ ਜਮਾਤ ਵਿੱਚ ਦਾਖਲ ਕਰਾ ਦਿੱਤਾ। ਇਹ ਓਹੀ ਐੱਮ.ਬੀ. ਹਾਈ ਸਕੂਲ ਸੀ ਜੋ ਅੱਜ ਦਾ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਨੇੜੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਹੈ।
ਕਸਤੂਰੀ ਲਾਲ ਸੇਠ ਆਪਣੇ ਸਕੂਲ ਦਿਨਾਂ ਨੂੰ ਯਾਦ ਕਰਦੇ ਹੋਏ ਦੱਸਦੇ ਹਨ ਕਿ ਜ਼ਿੰਦਗੀ ਦੇ ਉਹ ਸਮਾਂ ਬਹੁਤ ਸੁਨਿਹਰੀ ਸੀ। ਬਚਪਨ ਦੀ ਮੌਜ਼ ਭਲਾ ਕੌਣ ਭੁੱਲ ਸਕਦਾ ਹੈ। ਐੱਮ.ਬੀ. ਹਾਈ ਸਕੂਲ ਵਿੱਚ ਪੜ੍ਹਾਉਂਦੇ ਮਾਸਟਰ ਦੀਨਾ ਨਾਥ, ਜਨਕ ਰਾਜ, ਹਰੀ ਕ੍ਰਿਸ਼ਨ ਸ਼ਰਮਾ, ਰਾਮ ਕ੍ਰਿਸ਼ਨ, ਮਿਲਖੀ ਰਾਮ ਅਤੇ ਹੈੱਡ ਮਾਸਟਰ ਰਾਮ ਚੰਦ ਨੂੰ ਕਸਤੂਰੀ ਲਾਲ ਸੇਠ ਅੱਜ ਤੱਕ ਵੀ ਨਹੀਂ ਭੁੱਲੇ ਅਤੇ ਇਹ ਅਧਿਆਪਕ ਉਨ੍ਹਾਂ ਦੇ ਦਿਲ ਵਿੱਚ ਵੱਸਦੇ ਹਨ। ਉਹ ਆਪਣੇ ਨਾਲ ਪੜ੍ਹਦੇ ਹਰੀਸ਼ ਗੋਇਲ ਇੰਡਸਟਰੀ ਵਾਲੇ ਅਤੇ ਹੋਰ ਸਾਥੀਆਂ ਨੂੰ ਅੱਜ ਵੀ ਯਾਦ ਕਰਦੇ ਹਨ।
ਸੰਨ 1965 ਵਿੱਚ ਉਨ੍ਹਾਂ ਨੇ ਦਸਵੀਂ ਦਾ ਇਮਤਿਹਾਨ ਪਾਸ ਕਰ ਲਿਆ ਅਤੇ ਆਪਣੇ ਪਿਤਾ ਸ੍ਰੀ ਦਵਾਰਕਾ ਦਾਸ ਸੇਠ ਨਾਲ ਕਾਰੋਬਾਰ ਵਿੱਚ ਹੱਥ ਵਟਾਉਣਾ ਸ਼ੁਰੂ ਕਰ ਦਿੱੱੱਤਾ। ਇਨ੍ਹਾਂ ਦੇ ਪਿਤਾ ਦੀ ਤੰਬਾਕੂ ਦੀ ਕੰਪਨੀ ਸੀ। ਚੜ੍ਹਦੀ ਜਵਾਨੀ ਵਿੱਚ ਪੈਰ ਰੱਖ ਰਹੇ ਕਸਤੂਰੀ ਲਾਲ ਸੇਠ ਨੇ ਕੁਝ ਹੋਰ ਕੰਮ ਕਰਨ ਦੀ ਸੋਚੀ ਅਤੇ ਉਹ ਗਾਜੀਆਬਾਦ ਚਲੇ ਗਏ ਜਿਥੇ ਉਹ ਸੰਨ 1966 ਤੋਂ 1970 ਤੱਕ ਰਹੇ। ਇਸ ਅਰਸੇ ਦੌਰਾਨ ਉਨ੍ਹਾਂ ਨੇ ਗਾਜੀਆਬਾਦ ਵਿੱਚ ਲੋਹਾ ਉਦਯੋਗ ਨਾਲ ਸਬੰਧਤ ਰੰਦੇ ਆਦਿ ਮਸ਼ੀਨਾਂ ਬਣਾਉਣ ਦਾ ਕੰਮ ਕੀਤਾ। ਇਸ ਤੋਂ ਬਾਅਦ ਸੰਨ 1970 ਵਿੱਚ ਕਸਤੂਰੀ ਲਾਲ ਸੇਠ ਵਾਪਸ ਬਟਾਲਾ ਆ ਗਏ ਅਤੇ ਇਥੇ ਆ ਕੇ ਉਨ੍ਹਾਂ ਨੇ ਬੈਰਿੰਗ ਬਣਾਉਣ ਦਾ ਕੰਮ ਸ਼ੁਰੂ ਕੀਤਾ। ਕਸਤੂਰੀ ਲਾਲ ਸੇਠ ਦਾ ਇਹ ਕੰਮ ਬਹੁਤ ਚੱਲਿਆ ਅਤੇ ਬੈਰਿੰਗ ਬਣਾਉਣ ਦੇ ਖੇਤਰ ਵਿੱਚ ਉਨ੍ਹਾਂ ਦੀ ਵੱਖਰੀ ਪਛਾਣ ਬਣ ਗਈ।
ਕਸਤੂਰੀ ਲਾਲ ਸੇਠ ਦੱਸਦੇ ਹਨ ਕਿ ਰਾਜਨੀਤੀ ਵੱਲ ਉਨ੍ਹਾਂ ਦਾ ਝੁਕਾਅ ਸਕੂਲ ਵਿੱਚ ਪੜ੍ਹਦਿਆਂ ਹੀ ਹੋ ਗਿਆ ਸੀ ਅਤੇ ਸੰਨ 1962 ਵਿੱਚ ਉਨ੍ਹਾਂ ਨੇ ਰਾਜਨੀਤਿਕ ਸਰਗਰਮੀਆਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ, ਪਰ ਸੰਨ 1971 ਵਿੱਚ ਜਦੋਂ ਵਿਸ਼ਵਾਮਿੱਤਰ ਸੇਖੜੀ ਨੇ ਬਟਾਲਾ ਤੋਂ ਵਿਧਾਇਕ ਦੀ ਚੋਣ ਲੜੀ ਸੀ ਤਾਂ ਉਹ ਉਦੋਂ ਤੋਂ ਹੀ ਕਾਂਗਰਸ ਪਾਰਟੀ ਨਾਲ ਜੁੜ ਗਏ ਸਨ। ਹੁਣ ਰਾਜਨੀਤੀ ਵਿੱਚ ਆ ਕੇ ਲੋਕਾਂ ਦੀ ਸੇਵਾ ਹੀ ਕਸਤੂਰੀ ਲਾਲ ਸੇਠ ਦਾ ਮੁੱਖ ਟੀਚਾ ਬਣ ਚੁੱਕਾ ਸੀ। ਉਹ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਦਿਨ-ਰਾਤ ਇੱਕ ਕਰਨ ਲੱਗੇ। ਸੰਨ 1981 ਵਿੱਚ ਪਾਰਟੀ ਹਾਈਕਮਾਨ ਨੇ ਉਨ੍ਹਾਂ ਨੂੰ ਜ਼ਿਲ੍ਹਾ ਯੂਥ ਕਾਂਗਰਸ ਦਾ ਸੈਕਟਰੀ ਬਣਾ ਦਿੱਤਾ। ਸੰਨ 1985 ਵਿੱਚ ਉਨ੍ਹਾਂ ਨੂੰ ਬਟਾਲਾ ਕਾਂਗਰਸ ਦੇ ਸੈਕਟਰੀ ਬਣਾ ਦਿੱਤਾ ਗਿਆ। ਉਨ੍ਹਾਂ ਨੇ ਪੂਰੀ ਮਿਹਨਤ ਤੇ ਲਗਨ ਨਾਲ ਪਾਰਟੀ ਲਈ ਕੰਮ ਕੀਤਾ ਅਤੇ ਸੰਨ 1988 ਵਿੱਚ ਉਹ ਬਟਾਲਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਬਣ ਗਏ।
ਕਸਤੂਰੀ ਲਾਲ ਸੇਠ ਦੱਸਦੇ ਹਨ ਕਿ ਉਨ੍ਹਾਂ ਦਾ ਆਪਣੀ ਪਾਰਟੀ ਨਾਲ ਏਨਾਂ ਪਿਆਰ ਹੈ ਕਿ ਉਹ ਲਗਾਤਾਰ 26 ਸਾਲ ਸਿਟੀ ਕਾਂਗਰਸ ਦੇ ਪ੍ਰਧਾਨ ਰਹੇ। ਇਸ ਅਰਸੇ ਦੌਰਾਨ ਉਨ੍ਹਾਂ ਆਪਣੇ ਘਰ ਤੋਂ ਵੀ ਵੱਧ ਸਮਾਂ ਕਾਂਗਰਸ ਭਵਨ ਵਿੱਚ ਗੁਜ਼ਾਰਿਆ। ਕਸਤੂਰੀ ਲਾਲ ਸੇਠ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜ਼ਿੰਦਗੀ ਵਿੱਚ ਇੱਕ ਹੀ ਟੀਚਾ ਧਾਰਿਆ ਸੀ ਕਿ ਜੋ ਵੀ ਕੰਮ ਕਰਨਾ ਹੈ ਇਮਾਨਦਾਰੀ ਨਾਲ ਕਰਨਾ ਹੈ ਅਤੇ ਜਦੋਂ ਉਹ ਕਾਂਗਰਸ ਪਾਰਟੀ ਵਿੱਚ ਆ ਗਏ ਤਾਂ ਉਨ੍ਹਾਂ ਨੇ ਇਥੇ ਵੀ ਆਪਣੇ ਉਸੇ ਸੰਕਲਪ ਨੂੰ ਦੁਹਰਾਇਆ। ਉਨ੍ਹਾਂ ਦੱਸਿਆ ਕਿ ਇੱਕ ਵਾਰ ਉਨ੍ਹਾਂ ਨੇ ਅਸ਼ਵਨੀ ਸੇਖੜੀ ਕੋਲੋਂ ਕੌਂਸਲਰ ਦੀ ਟਿਕਟ ਮੰਗੀ ਸੀ ਪਰ ਉਨ੍ਹਾਂ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਸੀ। ਟਿਕਟ ਨਾ ਮਿਲਣ ’ਤੇ ਵੀ ਉਹ ਨਰਾਜ਼ ਨਹੀਂ ਹੋਏ ਸਨ ਅਤੇ ਓਸੇ ਤਰਾਂ ਦਿਲੋਂ ਪਾਰਟੀ ਲਈ ਕੰਮ ਕਰਦੇ ਰਹੇ।
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੰਨ 2005 ਵਿੱਚ ਕਸਤੂਰੀ ਲਾਲ ਸੇਠ ਨੂੰ ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਵੀ ਨਾਮਜ਼ਦ ਕੀਤਾ ਗਿਆ। ਇਸ ਤੋਂ ਇਲਾਵਾ ਆਪ ਪਿਛਲੀ ਕਾਂਗਰਸ ਸਰਕਾਰ ਵੇਲੇ ਨਗਰ ਸੁਧਾਰ ਟਰੱਸਟ ਬਟਾਲਾ ਦੇ ਟਰੱਸਟੀ ਵੀ ਰਹੇ।
ਕਸਤੂਰੀ ਲਾਲ ਸੇਠ ਦੀਆਂ ਕਾਂਗਰਸ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਸਿਫ਼ਾਰਸ਼ ਦੇ ਨਗਰ ਸੁਧਾਰ ਟਰੱਸਟ ਬਟਾਲਾ ਦਾ ਚੇਅਰਮੈਨ ਨਿਯੁਕਤ ਕੀਤਾ। ਕਸਤੂਰੀ ਲਾਲ ਸੇਠ ਨੇ 13 ਸਤੰਬਰ 2019 ਨੂੰ ਇੰਪਰੂਵਮੈਂਟ ਟਰੱਸਟ ਦਾ ਚਾਰਜ ਸੰਭਾਲਿਆ। ਜਦੋਂ ਉਨ੍ਹਾਂ ਨੇ ਟਰੱਸਟ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ ਤਾਂ ਨਗਰ ਨੂੰ ਸੁਧਾਰਨ ਵਾਲੀ ਟਰੱਸਟ ਨੂੰ ਖੁਦ ਵੱਡੇ ਸੁਧਾਰਾਂ ਦੀ ਲੋੜ ਸੀ। ਟਰੱਸਟ ਦੇ ਕਰਮਚਾਰੀਆਂ ਨੂੰ 13 ਮਹੀਨੇ ਤੋਂ ਤਨਖਾਹਾਂ ਨਹੀਂ ਮਿਲੀਆਂ ਸਨ ਅਤੇ ਟਰੱਸਟ ਦੇ ਬੈਂਕ ਖਾਤੇ ਵਿੱਚ ਸਿਰਫ 2 ਲੱਖ 65 ਹਜ਼ਾਰ ਰੁਪਏ ਸਨ। ਕਸਤੂਰੀ ਲਾਲ ਸੇਠ ਲਈ ਇਹ ਵੱਡੀ ਚਣੌਤੀ ਸੀ ਕਿ ਟਰੱਸਟ ਨੂੰ ਪੈਰਾਂ ਸਿਰ ਕਿਵੇਂ ਕੀਤਾ ਜਾਵੇ..? ਆਖਰ ਉਨ੍ਹਾਂ ਨੇ ਕੋਸ਼ਿਸ਼ਾਂ ਕਰਕੇ ਟਰੱਸਟ ਦੀ ਆਮਦਨ ਵਧਾਈ ਅਤੇ 2 ਕਰੋੜ ਰੁਪਏ ਤੋਂ ਵੱਧ ਦੀ ਆਮਦਨ ਟਰੱਸਟ ਨੂੰ ਹੋ ਗਈ ਜਿਸ ਵਿੱਚੋਂ ਮੁਲਾਜ਼ਮਾਂ ਦੀ ਤਨਖਾਹਾਂ ਦਿੱਤੀਆਂ ਗਈਆਂ। ਕਸਤੂਰੀ ਲਾਲ ਸੇਠ ਨੇ ਟਰਸੱਟ ਦੇ ਚੇਅਰਮੈਨ ਵਜੋਂ ਤਨਖਾਹ ਲੈਣ ਤੋਂ ਇਹ ਕਹਿਕੇ ਇਨਕਾਰ ਕਰ ਦਿੱਤਾ ਗਿਆ ਸੀ ਕਿ ਸਭ ਤੋਂ ਪਹਿਲਾਂ ਟਰੱਸਟ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਮਿਲਣੀਆਂ ਚਾਹੀਦੀਆਂ ਹਨ।
ਕਸਤੂਰੀ ਲਾਲ ਸੇਠ ਦਾ ਕਹਿਣਾ ਹੈ ਕਿ ਨਗਰ ਸੁਧਾਰ ਟਰੱਸਟ ਦੀਆਂ ਜੋ ਜਾਇਦਾਦਾਂ ਹਨ ਉਨ੍ਹਾਂ ਦੇ ਕੇਸ ਚੱਲ ਰਹੇ ਹਨ ਜਿਸ ਕਾਰਨ ਟਰੱਸਟ ਦੀ ਆਮਦਨ ਰੁਕੀ ਪਈ ਹੈ। ਉਨ੍ਹਾਂ ਵੱਲੋਂ ਅਦਾਲਤਾਂ ਵਿੱਚ ਟਰੱਸਟ ਦੇ ਕੇਸਾਂ ਦੀ ਵਧੀਆ ਢੰਗ ਨਾਲ ਪੈਰਵੀ ਕੀਤੀ ਜਾ ਰਹੀ ਹੈ ਜਿਸ ਤੋਂ ਉਮੀਦ ਹੈ ਕਿ ਜਲਦੀ ਹੈ ਕਿ ਅਦਾਲਤੀ ਫੈਸਲੇ ਟਰੱਸਟ ਦੇ ਹੱਕ ਵਿੱਚ ਆਉਣਗੇ ਅਤੇ ਟਰੱਸਟ ਵੱਲੋਂ ਸ਼ਹਿਰ ਦੇ ਸੁਧਾਰ ਵਿੱਚ ਜਿਕਰਯੋਗ ਰੋਲ ਨਿਭਾਇਆ ਜਾਵੇਗਾ।
ਕਸਤੂਰੀ ਲਾਲ ਸੇਠ ਦੇ ਜੇਕਰ ਪਰਿਵਾਰਕ ਜੀਵਨ ਨੂੰ ਦੇਖੀਏ ਤਾਂ ਉਨ੍ਹਾਂ ਦਾ ਵਿਆਹ ਸ੍ਰੀਮਤੀ ਕਾਮਨੀ ਸੇਠ ਨਾਲ ਸੰਨ 1976 ਵਿੱਚ ਜਲਧੰਰ ਵਿਖੇ ਹੋਇਆ ਸੀ। ਉਨ੍ਹਾਂ ਦੀ ਪਰਿਵਾਰਕ ਫੁਲਵਾੜੀ ਵਿੱਚ ਇੱਕ ਧੀ ਸੈਲੀ ਸੇਠ ਅਤੇ ਦੋ ਪੁੱਤਰ ਗੌਰਵ ਸੇਠ ਤੇ ਗੌਤਮ ਸੇਠ ਗੁੱਡੂ ਮਹਿਕਾਂ ਬਿਖੇਰ ਰਹੇ ਹਨ। ਸ੍ਰੀਮਤੀ ਕਾਮਨੀ ਸੇਠ ਹਾਲ ਹੀ ਵਿੱਚ ਹੋਈ ਨਗਰ ਨਿਗਮ ਬਟਾਲਾ ਦੀਆਂ ਚੋਣਾਂ ਵਿੱਚ ਵਾਰਡ ਨੰਬਰ 31 ਤੋਂ ਕੌਂਸਲਰ ਚੁਣੇ ਗਏ ਹਨ। ਉਨ੍ਹਾਂ ਦੇ ਛੋਟੇ ਬੇਟੇ ਗੌਤਮ ਸੇਠ ਗੁੱਡੂ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਹਨ ਅਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਟੀਮ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।
ਕਸਤੂਰੀ ਲਾਲ ਸੇਠ ਆਪਣੇ ਰਾਜਨੀਤਿਕ ਅਤੇ ਪਰਿਵਾਰਕ ਜੀਵਨ ਤੋਂ ਪੂਰੀ ਤਰਾਂ ਸੰਤੁਸ਼ਟ ਹਨ। ਉਹ ਹਮੇਸ਼ਾਂ ਹੀ ਪਾਰਟੀ ਪ੍ਰਤੀ ਵਫ਼ਾਦਾਰ ਰਹੇ ਹਨ ਅਤੇ ਪਾਰਟੀ ਦੇ ਸਿਟੀ ਪ੍ਰਧਾਨ ਵੱਲੋਂ ਉਨ੍ਹਾਂ ਦੀ ਨਿਭਾਈਆਂ ਸੇਵਾਵਾਂ ਨੂੰ ਦੂਸਰੀਆਂ ਪਾਰਟੀਆਂ ਸਮੇਤ ਸਾਰੇ ਸ਼ਹਿਰ ਦੇ ਲੋਕ ਸਰਾਹਉਂਦੇ ਹਨ। ਉਨ੍ਹਾਂ ਨੂੰ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਅਨੇਕਾਂ ਮਾਣ-ਸਨਮਾਨ ਵੀ ਮਿਲ ਚੁੱਕੇ ਹਨ। ਸੰਨ 2009 ਵਿੱਚ ਕਸਤੂਰੀ ਲਾਲ ਸੇਠ ਦੇ ਨਾਮ ਦੀ ਚੋਣ ‘ਰਾਸ਼ਟਰੀ ਗੌਰਵ ਐਵਾਰਡ’ ਲਈ ਹੋਈ ਅਤੇ ਉਨ੍ਹਾਂ ਨੂੰ ਇਹ ਐਵਾਰਡ ਨਵੀਂ ਦਿੱਲੀ ਵਿਖੇ ਦਿੱੱਤਾ ਜਾਣਾ ਸੀ। ਪਰ ਕਸਤੂਰੀ ਲਾਲ ਸੇਠ ਜੀ ਆਪਣੇ ਸੁਭਾਅ ‘ਨੇਕੀ ਕਰ ਖੂਹ ਮੇਂ ਡਾਲ’ ਦੇ ਅਨੁਸਾਰ ਇਹ ਐਵਾਰਡ ਨਹੀਂ ਲਿਆ। ਉਨ੍ਹਾਂ ਦਾ ਕਹਿਣਾ ਸੀ ਕਿ ਬਟਾਲਾ ਸ਼ਹਿਰ ਉਨ੍ਹਾਂ ਦੀ ਕਰਮਭੂਮੀ ਹੈ ਅਤੇ ਬਟਾਲਾ ਵਾਸੀਆਂ ਦਾ ਪਿਆਰ ਹੀ ਉਨ੍ਹਾਂ ਲਈ ਸਭ ਤੋਂ ਵੱਡਾ ਐਵਾਰਡ ਹੈ।
ਹਰ ਸ਼ਹਿਰ ਵਾਸੀ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੋਣ ਵਾਲੇ ਕਸਤੂਰੀ ਲਾਲ ਸੇਠ ਲਈ ਸਮੁੱਚਾ ਬਟਾਲਾ ਹੀ ਉਨ੍ਹਾਂ ਦਾ ਪਰਿਵਾਰ ਹੈ। ਬਟਾਲਾ ਸ਼ਹਿਰ ਵਿੱਚ ਬਤੌਰ ਰਾਜਨੀਤਿਕ ਜਿਨ੍ਹਾਂ ਪਿਆਰ ਉਨ੍ਹਾਂ ਨੂੰ ਮਿਲਿਆ ਹੈ ਉਹ ਕਿਸੇ ਹੋਰ ਨੂੰ ਨਹੀਂ ਮਿਲਿਆ। ਸਾਡੀ ਦਿਲੀ ਅਰਦਾਸ ਹੈ ਕਿ ਕਸਤੂਰੀ ਲਾਲ ਸੇਠ ਜੀ ਨਿਰੋਗ ਅਤੇ ਲੰਮੀ ਜ਼ਿੰਦਗੀ ਬਸਰ ਕਰਦੇ ਹੋਏ ਬਟਾਲਾ ਸ਼ਹਿਰ ਦੀ ਏਵੇਂ ਹੀ ਸੇਵਾ ਕਰਦੇ ਰਹਿਣ। ਬਟਾਲਾ ਸ਼ਹਿਰ ਵਿੱਚ ਇਮਾਨਦਾਰੀ, ਵਫ਼ਾਦਾਰੀ ਅਤੇ ਦਿਲਦਾਰੀ ਵਾਲੀ ਇਹ ਸਖਸ਼ੀਅਤ ਏਵੇਂ ਹੀ ਆਪਣਾ ਪਿਆਰ ਵੰਡਦੀ ਰਹੇ।