ਏਡਜ਼ ਦੇ ਜ਼ੋਖਿਮ ਤੋਂ ਬਚਣ ਲਈ ਸਰਿੰਜਾਂ ਦੀ ਸਾਂਝੀ ਵਰਤੋਂ ਨਹੀਂ ਕਰਨੀ ਚਾਹੀਦੀ : ਡਾ. ਗੀਤਾਂਜਲੀ ਸਿੰਘ

Sorry, this news is not available in your requested language. Please see here.

ਪਿੰਡ ਲੰਗੜੋਆ ਵਿਖੇ ਏਡਜ਼ ਦੀ ਜਾਂਚ ਲਈ ਵਿਸ਼ੇਸ਼ ਕੈਂਪ ਲਗਾਇਆ
ਨਵਾਂਸ਼ਹਿਰ, 20 ਜੁਲਾਈ 2021 ਮਾਣਯੋਗ ਡਿਪਟੀ ਕਮਿਸ਼ਨਰ ਡਾ ਸ਼ੇਨਾ ਅਗਰਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ. ਗੀਤਾਂਜਲੀ ਸਿੰਘ ਦੀ ਯੋਗ ਅਗਵਾਈ ਹੇਠ ਸਬਸਿਡਰੀ ਹੈਲਥ ਸੈਂਟਰ ਲੰਗੜੋਆ ਵਿਖੇ ਅੱਜ ਐੱਚ.ਆਈ.ਵੀ./ਏਡਜ਼ ਦੀ ਜਾਂਚ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਮੌਕੇ ਸਿਹਤ ਮਾਹਿਰਾਂ ਵੱਲੋਂ ਐਚ.ਆਈ.ਵੀ. ਏਡਜ਼ ਦੇ ਕਾਰਨ, ਲੱਛਣ, ਇਲਾਜ ਅਤੇ ਸਾਵਧਾਨੀਆਂ ਬਾਰੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ।
ਇਸ ਮੌਕੇ ਮੁੱਢਲਾ ਸਿਹਤ ਕੇਂਦਰ ਮੁਜੱਫਰਪੁਰ ਦੇ ਐੱਸ.ਐੱਮ.ਓ. ਡਾ. ਗੀਤਾਂਜਲੀ ਸਿੰਘ ਨੇ ਦੱਸਿਆ ਕਿ ਪਿੰਡ ਲੰਗੜੋਆ ਵਿਖੇ ਏਡਜ਼ ਦੀ ਜਾਂਚ ਲਈ ਲਗਾਏ ਗਏ ਵਿਸ਼ੇਸ਼ ਕੈਂਪ ਵਿੱਚ 50 ਤੋਂ ਵੱਧ ਵਿਅਕਤੀਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ ਕੋਈ ਵੀ ਵਿਅਕਤੀ ਪਾਜੇਟਿਵ ਨਹੀਂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਏਡਜ਼ ਮੁੱਖ ਰੂਪ ਵਿਚ ਅਸੁਰੱਖਿਅਤ ਜਿਸਮਾਨੀ ਸਬੰਧ ਬਣਾਉਣ, ਏਡਜ਼ ਪੀੜਤ ਵਿਅਕਤੀ ਦਾ ਖ਼ੂਨ ਦੂਸਰੇ ਵਿਅਕਤੀ ਨੂੰ ਚੜਾਉਣ, ਗਰਭਵਤੀ ਅਵਸਥਾ ਵਿਚ ਏਡਜ਼ ਪੀੜਤ ਮਾਂ ਵਲੋਂ ਜਨਮ ਦੇਣ ਵਾਲੇ ਬੱਚੇ, ਏਡਜ਼ ਪੀੜਤ ਵਿਅਕਤੀ ਦੀ ਸੂਈਂ ਦੂਸਰੇ ਵਿਅਕਤੀ ‘ਤੇ ਵਰਤਣ ਆਦਿ ਨਾਲ ਹੁੰਦੀ ਹੈ ਜੋ ਕਿ ਮਹਾਂਮਾਰੀ ਦਾ ਰੂਪ ਲੈ ਰਹੀ ਹੈ। ਉਨ੍ਹਾਂ ਦੱਸਿਆ ਕਿ ਏਡਜ਼ (ਐਕਵਾਇਰਡ ਇਮਿਊਨ ਡੈਫੀਸ਼ੈਂਸੀ ਸਿੰਡਰੋਮ) ਕਾਰਨ ਸਰੀਰ ਵਿੱਚ ਸੀ.ਡੀ. 4 ਕੌਸ਼ਿਕਾਵਾਂ ਵਿੱਚ ਕਾਫੀ ਜ਼ਿਆਦਾ ਗਿਰਾਵਟ ਆ ਜਾਂਦੀ ਹੈ।
ਐੱਚ.ਆਈ.ਵੀ.ਪੀੜਤ ਵਿਅਕਤੀ ਵਿੱਚ ਰੋਗਾਂ ਨਾਲ ਲੜਨ ਦੀ ਸਮੱਰਥਾ ਘੱਟ ਜਾਂਦੀ ਹੈ, ਜਿਸ ਕਾਰਨ ਪੀੜਤ ਨੂੰ ਟੀ.ਬੀ. ਸਮੇਤ ਕਈ ਹੋਰ ਬਿਮਾਰੀਆਂ ਹੋਣ ਦਾ ਖਤਰਾ ਵੱਧ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਕ ਸਰਵੇ ਦੀ ਰਿਪੋਰਟ ਅਨੁਸਾਰ ਜਿਨ੍ਹੇ ਲੋਕ ਵਿਸ਼ਵ ਵਿੱਚ ਐੱਚ.ਆਈ.ਵੀ. ਨਾਲ ਪੀੜਤ ਹੁੰਦੇ ਹਨ, ਉਨ੍ਹਾਂ ਵਿੱਚੋਂ ਇੱਕ ਤਿਹਾਈ ਮਰੀਜ਼ ਟੀ.ਬੀ.ਨਾਲ ਵੀ ਪੀੜਤ ਹੁੰਦੇ ਹਨ। ਸਰਵੇ ਮੁਤਾਬਕ ਵਿਸ਼ਵ ਭਰ ਵਿੱਚ 36.6 ਕਰੋੜ ਲੋਕ ਐੱਚ.ਆਈ.ਵੀ. ਸੰਕਮਣ ਨਾਲ ਜੀਅ ਰਹੇ ਹਨ ਤੇ ਸਾਲ 1984 ਵਿਚ ਇਸ ਬਿਮਾਰੀ ਦੀ ਪਛਾਣ ਹੋਣ ਤੋਂ ਬਾਅਦ ਹੁਣ ਤੱਕ 36 ਕਰੋੜ ਤੋਂ ਵੱਧ ਲੋਕ ਏਡਜ਼ ਨਾਲ ਮਰ ਚੁੱਕੇ ਹਨ। ਉਨ੍ਹਾਂ ਫੀਲਡ ਸਟਾਫ ਨੂੰ ਵੀ ਇਸ ਬਿਮਾਰੀ ਪ੍ਰਤੀ ਆਮ ਲੋਕਾਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਜਾਗਰੂਕਤਾ ਫੈਲਾਉਣ ਨੂੰ ਕਿਹਾ।
ਡਾ. ਸਿੰਘ ਨੇ ਅੱਗੇ ਕਿਹਾ ਇਸ ਬਿਮਾਰੀ ਪ੍ਰਤੀ ਜਾਗਰੂਕ ਹੋਣਾ ਹਰ ਵਿਅਕਤੀ ਦਾ ਮੁੱਢਲਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਏਡਜ਼ ਪੀੜਤ ਵਿਅਕਤੀ ਨੂੰ ਵਾਰ-ਵਾਰ ਬੁਖਾਰ ਹੁੰਦਾ ਹੈ, ਥਕਾਵਟ ਹੁੰਦੀ ਹੈ, ਮਾਸ ਪੇਸ਼ੀਆਂ ਵਿਚ ਅਕੜਾਅ ਆਉਂਦਾ ਹੈ, ਜੋੜਾਂ ਵਿਚ ਦਰਦ ਅਤੇ ਸੋਜਿਸ਼ ਹੁੰਦੀ ਹੈ, ਗਲਾ ਖਰਾਬ ਹੋ ਜਾਂਦਾ ਹੈ, ਭਾਰ ਘੱਟਣਾ ਸ਼ੁਰੂ ਹੋ ਜਾਂਦਾ ਹੈ, ਚਮੜੀ ਉੱਪਰ ਲਾਲ ਰੰਗ ਦੇ ਨਿਸ਼ਾਨ ਆ ਜਾਂਦੇ ਹਨ ਅਤੇ ਮਾਨਸਿਕ ਤਣਾਅ ਰਹਿਣ ਲੱਗਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਬਿਮਾਰੀ ਦਾ ਮੁੱਢਲੀ ਅਵਸਥਾ ਵਿੱਚ ਹੀ ਪਤਾ ਲੱਗ ਜਾਵੇ ਤਾਂ ਬਿਮਾਰੀ ਦੀ ਰੋਕਥਾਮ ਲਈ ਲਗਾਤਾਰ ਦਵਾਈਆਂ ਦਾ ਸਹਾਰਾ ਲੈ ਕੇ ਏਡਜ਼ ਪੀੜਤ ਵਿਅਕਤੀ ਲੰਬੀ ਜ਼ਿੰਦਗੀ ਜੀਅ ਸਕਦਾ ਹੈ।
ਇਸ ਦੌਰਾਨ ਕੌਂਸਲਰ ਮਨਦੀਪ ਕੌਰ ਨੇ ਦੱਸਿਆ ਕਿ ਏਡਜ਼ ਇਕ ਤੋਂ ਜ਼ਿਆਦਾ ਵਿਅਕਤੀ ਨਾਲ ਸਰੀਰਕ ਸਬੰਧ ਬਣਾਉਣ, ਦੂਸ਼ਿਤ ਖੂਨ ਦੇਣ, ਦੂਸ਼ਿਤ ਸੂਈਆਂ, ਸਰਿੰਜਾਂ ਦੀ ਵਰਤੋਂ ਅਤੇ ਗਰਭਵਤੀ ਮਾਂ ਤੋਂ ਬੱਚੇ ਨੂੰ ਹੁੰਦਾ ਹੈ। ਇਹ ਹੱਥ ਮਿਲਾਉਣ, ਛੂਹਣ, ਚੁੰਮਣ ਜਾਂ ਕਿਸੇ ਨਾਲ ਬੈਠ ਕੇ ਖਾਣਾ ਖਾਣ ਨਾਲ ਨਹੀਂ ਫੈਲਦਾ ਹੈ, ਇਸ ਲਈ ਸਾਨੂੰ ਏਡਜ਼ ਦੇ ਰੋਗੀ ਨਾਲ ਨਫਰਤ ਨਹੀਂ ਕਰਨੀ ਚਾਹੀਦੀ, ਬਲਕਿ ਉਸਨੂੰ ਸਮਾਜ ਵਿਚ ਬਣਦਾ ਸਤਿਕਾਰ ਦੇਣਾ ਚਾਹੀਦਾ ਹੈ ਤਾਂ ਜੋ ਉਹ ਲੰਬੀ ਅਤੇ ਤੰਦਰੁਸਤ ਜਿੰਦਗੀ ਜੀਅ ਸਕੇ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦਾ ਟੀਚਾ ਸਾਲ 2030 ਤੱਕ ਪੰਜਾਬ ਨੂੰ ਏਡਜ਼ ਤੋਂ ਮੁਕਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਏਡਜ ਇਕ ਅਜਿਹੀ ਬਿਮਾਰੀ ਹੈ, ਜਿਸ ਨਾਲ ਵਿਅਕਤੀ ਦੇ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਬਿਲਕੁੱਲ ਖਤਮ ਹੋ ਜਾਂਦੀ ਹੈ ਅਤੇ ਉਸ ਹਜ਼ਾਰਾਂ ਬਿਮਾਰੀਆਂ ਆਪਣੀ ਜਕੜ ਵਿੱਚ ਲੈ ਲੈਦੀਆਂ ਹਨ।
ਇਸ ਮੌਕੇ ਹਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਬਿਮਾਰੀ ਦੇ ਬਾਰੇ ਜਾਗਰੂਕਤਾ ਦੀ ਕਮੀ ਹੋਣਾ, ਮਰੀਜ਼ ਵਿੱਚ ਇਸ ਬਿਮਾਰੀ ਪ੍ਰਤੀ ਡਰ ਤੇ ਪੀੜਤ ਦਾ ਸਮਾਜਿਕ ਬਾਈਕਾਟ ਬਹੁਤ ਹੀ ਚਿੰਤਾਜਨਕ ਹੈ ਤੇ ਇਹ ਪੀੜਤ ਦੀ ਹਾਲਤ ਨੂੰ ਹੋਰ ਵੀ ਦੁਖਦ ਬਣਾ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਪੀੜਤ ਨਾਲ ਭੇਦਭਾਵ ਨਹੀਂ ਕਰਨਾ ਚਾਹੀਦਾ ਅਤੇ ਏਡਜ਼ ਦੇ ਫੈਲਣ ਨੂੰ ਲੈ ਕੇ ਜੋ ਗਲਤ ਧਾਰਨਾਵਾਂ ਹਨ, ਉਨ੍ਹਾਂ ਤੋਂ ਬਚਣਾ ਚਾਹੀਦਾ ਹੈ।
ਅਖੀਰ ਵਿੱਚ ਲੋਕਾਂ ਨੇ ਏਡਜ਼ ਸਬੰਧੀ ਕਈ ਸਵਾਲ ਵੀ ਪੁੱਛੇ, ਜਿਨ੍ਹਾਂ ਦਾ ਸਿਹਤ ਮਾਹਿਰਾਂ ਨੇ ਵਿਸਥਾਰ ਪੂਰਵਕ ਜਵਾਬ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐੱਲ ਐੱਚ ਵੀ ਕਮਲਾ ਦੇਵੀ, ਓਟ ਕੌਂਸਲਰ ਹਰਪ੍ਰੀਤ ਸਿੰਘ, ਮਨਦੀਪ ਸਿੰਘ, ਰੇਣੁਕਾ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।