ਪੰਜਾਬ ਵਿਚੋਂ ਪਹਿਲਾਂ ਅਤੇ ਭਾਰਤ ਵਿੱਚ ਤੀਜਾ ਸਥਾਨ ਹਾਸਲ ਕੀਤਾ
ਮੋਬਾਇਲ ਐਪ ਰਾਹੀਂ ਜਿਲ੍ਹੇ ਦੇ ਨਾਗਰਿਕਾਂ ਦੀ ਡੀ.ਸੀ. ਤੇ ਹੋਰ ਨੋਡਲ ਅਧਿਕਾਰੀਆਂ ਤੱਕ ਸਿੱਧੀ ਪਹੁੰਚ ਸਥਾਪਿਤ ਕੀਤੀ ਗਈ
ਐਪ ਵਿੱਚ ਸੰਕਟ ਦੀ ਸਥਿਤੀ ਵਿੱਚ ਪੈਨਿਕ ਬਟਨ ਦਬਾ ਕੇ ਮਦਦ ਲੈਣ ਦਾ ਪ੍ਰਬੰਧ
ਫਰੀਦਕੋਟ 28 ਮਈ 2021 ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਦੀ ਪ੍ਰੇਰਨਾ ਅਤੇ ਅਗਵਾਈ ਸਦਕਾ ਐਨ.ਆਈ.ਸੀ. ਫਰੀਦਕੋਟ ਦੇ ਡੀ.ਆਈ.ਓ. ਸ੍ਰੀ ਅਨਿਲ ਕਟਿਆਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਨਾਗਰਿਕ ਸਹੂਲਤਾਂ ਲਈ ਤਿਆਰ ਕੀਤੇ ਗਏ ਮੋਬਾਇਲ ਐਪ ਐਮ-ਨਿਵਾਰਣ ਜਿਸ ਦਾ ਕਿ ਅਪ੍ਰੈਲ ਮਹੀਨੇ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਲਾਂਚ ਕੀਤਾ ਗਿਆ ਸੀ ਨੂੰ ਭਾਰਤ ਸਰਕਾਰ ਦੇ ਇਲੈਕਟ੍ਰੋਨਿਕ ਅਤੇ ਆਈ.ਟੀ. ਮੰਤਰਾਲੇ ਵੱਲੋਂ ਸਰਬੋਤਮ ਮੋਬਾਇਲ ਐਪ ਡਿਜਾਈਨ ਲਈ ਪੁਰਸਕਾਰ ਵਜੋਂ ਚੋਣ ਕਰਕੇ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਐਨ.ਆਈ.ਸੀ. ਦੀ ਡਾਇਰੈਕਟਰ ਜਨਰਲ ਮੈਡਮ ਨੀਟਾ ਵਰਮਾ ਵੱਲੋਂ ਆਨਲਾਈਨ ਸਮਾਗਮ ਰਾਹੀਂ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਅਤੇ ਸ੍ਰੀ ਅਨਿਲ ਕਟਿਆਰ ਡੀ.ਆਈ.ਓ. ਨੂੰ ਪ੍ਰਦਾਨ ਕੀਤਾ ਗਿਆ ਹੈ ਉਨ੍ਹਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਵੀ ਦਿੱਤੀ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਇਸ ਉਪਰਾਲੇ ਲਈ ਡੀ.ਜੀ. ਐਨ.ਆਈ.ਸੀ. ਤੋਂ ਇਲਾਵਾ ਐਨ.ਆਈ.ਸੀ. ਫਰੀਦਕੋਟ ਦੇ ਡੀ.ਆਈ.ਓ. ਸ੍ਰੀ ਅਨਿਲ ਕਟਿਆਰ ਅਤੇ ਸਮੁੱਚੀ ਟੀਮ ਨੂੰ ਵਧਾਈ ਦਿੰਦੇ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਤੇ ਜਿਲ੍ਹਾ ਵਾਸੀਆਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਵੱਲੋਂ ਕੀਤੀ ਗਈ ਇਸ ਕੋਸ਼ਿਸ਼ ਨੂੰ ਰਾਸ਼ਟਰੀ ਪੱਧਰ ਤੇ ਮਾਨਤਾ ਮਿਲੀ ਹੈ ਅਤੇ ਪੂਰੇ ਭਾਰਤ ਦੇ 441 ਜਿਲ੍ਹਿਆਂ ਵਿੱਚੋਂ ਫਰੀਦਕੋਟ ਨੂੰ ਮੋਬਾਇਨ ਐਪ ਡਿਜਾਇਨ ਵਿੱਚ ਚੋਟੀ ਦੇ 3 ਜਿਲ੍ਹਿਆਂ ਵਿੱਚ ਸ਼ੁਮਾਰ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਫਰੀਦਕੋਟ ਨੇ ਇਹ ਐਵਾਰਡ ਪੰਜਾਬ ਵਿਚੋਂ ਪਹਿਲਾਂ ਅਤੇ ਪੂਰੇ ਦੇਸ਼ ਵਿਚੋਂ ਤੀਜਾ ਸਥਾਨ ਹਾਸਲ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਹ ਐਪ ਨਾਗਰਿਕਾਂ ਅਤੇ ਜਿਲ੍ਹਾ ਪ੍ਰਸ਼ਾਸਨ ਦਰਮਿਆਨ ਪਾਰਦਰਸ਼ੀ 2 ਪੱਖੀ ਸੰਚਾਰ ਸਥਾਪਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਅਤੇ ਕੋਵਿਡ ਦੌਰਾਨ ਵੀ ਜਿਲ੍ਹੇ ਦੇ ਨਾਗਰਿਕਾਂ ਨੂੰ ਟੈਸਟਿੰਗ, ਟੀਕਾਕਰਨ ਕੈਂਪਾਂ, ਟਰੈਕਿੰਗ, ਜਾਗਰੂਕਤਾ ਮੁਹਿੰਮ ਆਦਿ ਸਬੰਧੀ ਯੋਗ ਅਗਵਾਈ ਕਰਦਾ ਹੈ। ਉਨ੍ਹਾਂ ਕਿਹਾ ਕਿ ਐਨ.ਆਈ.ਸੀ. ਅਤੇ ਸਮੁੱਚੀ ਟੀਮ ਵੀ ਕੋਵਿਡ ਮਹਾਂਮਾਰੀ ਦੇ ਸੰਕਟ ਵਿੱਚ ਵਧੀਆ ਕੰਮ ਤੇ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਐਪ ਨਾਲ ਜਿੱਥੇ ਸਿੱਧਾ ਡੀ.ਸੀ. ਦਫਤਰ ਅਤੇ ਨੋਡਲ ਅਫਸਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ, ਉੱਥੇ ਹੀ ਇਸ ਐਪ ਕਾਰਨ ਦਫਤਰਾਂ ਦੇ ਬਾਹਰ ਭੀੜ ਵੀ ਕਾਫੀ ਹੱਦ ਤੱਕ ਘੱਟ ਗਈ ਹੈ।
ਸ੍ਰੀ ਅਨਿਲ ਕਟਿਆਰ ਡੀ.ਆਈ.ਓ. ਐਨ.ਆਈ.ਸੀ. ਨੇ ਕਿਹਾ ਕਿ ਇਸ ਐਪ ਰਾਹੀਂ ਅਸੀਂ ਨਾਗਰਿਕ ਮਦਦ ਲਈ ਹਰ ਪੱਖ ਨੂੰ ਛੂਹਿਆ ਹੈ ਅਤੇ ਅਸੀਂ ਇਸ ਐਪ ਰਾਹੀਂ ਜਿਲ੍ਹੇ ਦੇ ਵੱਖ ਵੱਖ ਦਫਤਰਾਂ ਦੀ ਕਾਰਗੁਜ਼ਾਰੀ, ਸੇਵਾਵਾਂ ਨੂੰ ਦਿੱਤੇ ਗਈ ਰੇਡਿੰਗ ਅਤੇ ਸ਼ਿਕਾਇਤਾਂ ਲਈ ਕੀਤੀ ਗਈ ਕਾਰਵਾਈ ਬਾਰੇ ਫੀਡ ਬੈਕ ਨੂੰ ਵੇਖ ਕੇ ਪ੍ਰਾਪਤ ਕਰਦਾ ਹੈ। ਇਸ ਐਪ ਨੇ ਜਿਲ੍ਹਾ ਪ੍ਰਬੰਧਕਾਂ ਨੂੰ ਨਵੇ ਵਿਚਾਰ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ ਗਈ ਹੈ। ਇਸ ਐਪ ਰਾਹੀਂ ਕੋਵਿਡ-19 ਸਬੰਧੀ ਸਹੀ ਜਾਣਕਾਰੀ, ਜਾਗਰੂਕਤਾ ਮੁਹਿੰਮ ਸਬੰਧੀ ਹਰੇਕ ਪੱਖ ਬਾਰੇ ਆਈ.ਟੀ. ਦੇ ਜਰੀਏ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਐਪ ਨੂੰ ਹੋਰ ਪ੍ਰਭਾਵਸ਼ਾਲੀ ਬਣਾ ਕੇ ਜਨਤਕ ਪ੍ਰਤੀਨਿਧੀਆਂ ਨੂੰ ਇਸ ਐਪ ਰਾਹੀਂ ਲੋਕਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਇਸ ਉਪਰਾਲੇ ਲਈ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਦੇ ਮਾਰਗ ਦਰਸ਼ਨ, ਸਰਗਰਮ ਭਾਗੀਦਾਰੀ ਅਤੇ ਇਸ ਐਪ ਸਬੰਧੀ ਪ੍ਰਚਾਰ ਲਈ ਡੀ.ਪੀ.ਆਰ.ਓ ਦਫਤਰ ਫਰੀਦਕੋਟ ਦਾ ਵੀ ਧੰਨਵਾਦ ਕੀਤਾ।ਇਸ ਪੁਰਸਕਾਰ ਪ੍ਰਾਪਤੀ ਮੌਕੇ ਡੀ.ਪੀ.ਆਰ.ਓ. ਸ: ਅਮਰੀਕ ਸਿੰਘ, ਸ੍ਰੀ ਮਹਿੰਦਰਪਾਲ ,ਸ੍ਰੀ ਤਰਸੇਮ ਚੰਦ ਟੀ.ਪੀ.ਓ. ਤੋਂ ਇਲਾਵਾ ਐਨ.ਆਈ.ਸੀ. ਦਾ ਸਮੂਹ ਸਟਾਫ ਵੀ ਹਾਜ਼ਰ ਸਨ।

हिंदी






