ਐਨ ਸੀ ਸੀ ਕੈਡਿਟਾਂ ਨੇ ਸਵੱਛਤਾ ਦਾ ਸੁਨੇਹਾ ਦਿੰਦਿਆ ਕੱਢਿਆ ਬੈਨਰ ਮਾਰਚ

Sorry, this news is not available in your requested language. Please see here.

ਪਟਿਆਲਾ, 9 ਅਗਸਤ 2021
5 ਪੰਜਾਬ ਬਟਾਲੀਅਨ ਐਨ.ਸੀ.ਸੀ ਕੈਡਿਟਾਂ ਵੱਲੋਂ ਕਰਨਲ ਜੇ.ਐਸ ਧਾਲੀਵਾਲ ਦੀ ਅਗਵਾਈ ‘ਚ ਕੋਵਿਡ 19 ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆ ਪੋਲੋ ਗਰਾਊਂਡ ਤੋਂ ਸਮਾਣਾ ਚੁੰਗੀ ਪਟਿਆਲਾ ਤੱਕ ਸਵੱਛਤਾ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਬੈਨਰ ਮਾਰਚ ਕੱਢਿਆ ਗਿਆ। ਵੱਖ ਵੱਖ ਵਿੱਦਿਅਕ ਸੰਸਥਾਵਾਂ ਦੇ 45 ਦੇ ਕਰੀਬ ਕੈਡਿਟਾਂ ਵੱਲੋਂ ਮਾਰਚ ਦੌਰਾਨ ਪਲਾਸਟਿਕ ਦੀ ਵਰਤੋਂ ਨਾਲ ਹੋਣ ਵਾਲੇ ਨੁਕਸਾਨ, ਰੋਜ਼ਾਨਾ ਵਰਤੋਂ ਵਿੱਚ ਲਿਆਉਣ ਵਾਲੀਆਂ ਵਸਤੂਆਂ ਨੂੰ ਪਲਾਸਟਿਕ ਬੈਗ ਵਿੱਚ ਰੱਖਣ ਜਾਂ ਜਮਾਂ ਨਾ ਕਰਨ ਹਿੱਤ ਸਮਾਜ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਕੈਡਿਟਾਂ ਵੱਲੋਂ ਸੜਕਾਂ ‘ਤੇ ਪਏ ਪਲਾਸਟਿਕ ਅਤੇ ਹੋਰ ਸਮਗਰੀ ਨੂੰ ਇਕੱਠੀ ਕਰਕੇ ਕੂੜੇਦਾਨ ‘ਚ ਸੁੱਟਿਆ ਗਿਆ। ਮਾਰਚ ਦੌਰਾਨ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਏ.ਐਨ.ਓਜ ਲੈਫ਼ਟੀਨੈਂਟ ਮਨਮੋਹਨ ਸਾਮੀ ਵੀ ਹਾਜ਼ਰ ਰਹੇ।
ਇਸ ਮੌਕੇ ਕਰਨਲ ਜੇ.ਐਸ. ਧਾਲੀਵਾਲ ਨੇ ਕੈਡਿਟਾਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਸਾਰੇ ਐਨ.ਸੀ.ਸੀ. ਕੈਡਿਟ ਸਵੱਛਤਾ ਦੀ ਮਹੱਤਤਾ ਅਤੇ ਪਲਾਸਟਿਕ ਦੇ ਖਤਰੇ ਨੂੰ ਨਾ ਸਿਰਫ ਸਮਝਦੇ ਹਨ, ਬਲਕਿ ਕੈਡਿਟਾਂ ਨੇ ਵਿਸ਼ੇਸ਼ ਤੌਰ ‘ਤੇ ਕੋਵਿਡ 19 ਮਹਾਂਮਾਰੀ ਦੀ ਇਸ ਔਖੀ ਘੜੀ ‘ਚ ਇਹਤਿਆਤ ਵਰਤਦੇ ਹੋਏ ਪਲਾਸਟਿਕ ਦੀ ਦੂਰਵਰਤੋਂ ਅਤੇ ਖਤਰੇ ਸਬੰਧੀ ਸਮਾਜ ਨੂੰ ਜਾਗਰੂਕ ਕਰਨ ‘ਚ ਅਹਿਮ ਭੂਮਿਕਾ ਨਿਭਾਈ ਹੈ। ਇਸ ਦੌਰਾਨ ਕੈਡਿਟਾਂ ਵੱਲੋਂ ਹੋਰਨਾਂ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਆਪਣੀ ਭਾਗੀਦਾਰੀ ਦੀਆਂ ਵੀਡੀਓ, ਫੋਟੋਆਂ ਸੋਸ਼ਲ ਮੀਡੀਆ ਪਲੇਟਫਾਰਮ ਵਟਸਐਪ ਤੇ ਫੇਸਬੁੱਕ ‘ਤੇ ਵੀ ਸ਼ੇਅਰ ਕੀਤੀਆਂ ਗਈਆਂ ਤਾਂ ਜੋ ਹੋਰਨਾਂ ਲੋਕਾਂ ਨੂੰ ਵੀ ਇਸ ਮੁਹਿੰਮ ‘ਚ ਸ਼ਾਮਲ ਕੀਤਾ ਜਾ ਸਕੇ।
ਮਾਰਚ ਦੌਰਾਨ 5 ਪੰਜਾਬ ਬਟਾਲੀਅਨ ਐਨ.ਸੀ.ਸੀ. ਦੇ ਸੂਬੇਦਾਰ ਗੁਰਮੀਤ ਸਿੰਘ, ਨੈਬ ਸੂਬੇਦਾਰ ਕੈਲਾਸ਼, ਹਵਲਦਾਰ ਰਾਕੇਸ਼ ਕੁਮਾਰ ਅਤੇ ਸੁਖਵਿੰਦਰ ਸਿੰਘ ਵੀ ਹਾਜ਼ਰ ਰਹੇ।