ਓਲੰਪਿਕ ਦੇ ਜੇਤੂ ਖਿਡਾਰੀਆਂ ਦਾ ਜ਼ਿਲਾ ਪ੍ਰਸਾਸ਼ਨ ਨੇ ਕੀਤਾ ਗਰਮ ਜੋਸ਼ੀ ਨਾਲ ਸਵਾਗਤ

Sorry, this news is not available in your requested language. Please see here.

ਸਾਰੇ ਖਿਡਾਰੀ ਹੋਏ ਸ੍ਰੀ ਦਰਬਾਰ ਸਾਹਿਬ ਨਤਮਸਤਕ
ਅੰਮ੍ਰਿਤਸਰ 11 ਅਗਸਤ 2021
ਟੋਕੀਓ ਵਿਖੇ ਹੋਈਆਂ ਓਲੰਪਿਕ ਖੇਡਾਂ ਵਿੱਚ ਕਾਂਸੇ ਦਾ ਤਮਗਾ ਜਿੱਤਣ ਵਾਲੀ ਹਾਕੀ ਟੀਮ ਦੇ ਖਿਡਾਰੀ ਸਵੇਰੇ ਹਵਾਈ ਜਹਾਜ ਰਾਹੀ ਤੜਕਸਾਰ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਤੇ ਪੁੱਜੇ ਜਿਥੇ ਗਰਮ ਜ਼ੋਸੀ ਨਾਲ ਵਿਧਾਇਕ ਅਤੇ ਹਾਕੀ ਪੰਜਾਬ ਦੇ ਜਨਰਲ ਸਕੱਤਰ ਸ: ਪ੍ਰਗਟ ਸਿੰਘ, ਵਿਧਾਇਕ ਸ਼੍ਰੀ ਸੁਨੀਲ ਦੱਤੀ, ਮੇਅਰ ਨਗਰ ਨਿਗਮ ਸ: ਕਰਮਜੀਤ ਸਿੰਘ ਰਿੰਟੂ ਅਤੇੇ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਵਲੋ ਉਨ੍ਹਾਂ ਨੂੰ ਬੁੱਕੇ, ਹਾਰ ਪਾ ਕੇ ਭੰਗੜਾ ਟੀਮ ਵੱਲੋਂ ਭੰਗੜਾ ਪਾ ਕੇ ਸਵਾਗਤ ਕੀਤਾ ਗਿਆ।
ਇਸ ਮੌਕੇ ਪੈ੍ਰਸ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ: ਪ੍ਰਗਟ ਸਿੰਘ ਨੇ ਕਿਹਾ ਕਿ 41 ਸਾਲਾਂ ਬਾਅਦ ਹਾਕੀ ਵਿਚ ਮੈਡਲ ਜਿੱਤ ਕੇ ਖਿਡਾਰੀਆਂ ਨੇ ਸਾਡੇ ਦੇਸ਼ ਦਾ ਮਾਣ ਵਧਾਇਆ ਹੈ ਅਤੇ ਪੂਰੀ ਦੁਨੀਆਂ ਵਿੱਚ ਦੇਸ਼ ਦਾ ਨਾਮ ਉਚਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋ ਹਰੇਕ ਹਾਕੀ ਖਿਡਾਰੀ ਨੂੰ 2.51 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ ਅਤੇ ਇਸੇ ਤਰਾਂ ਓਲੰਪਿਕ ਖੇਡਾਂ ਦੇ ਮਹਿਲਾ ਹਾਕੀ ਮੁਕਾਬਲਿਆਂ ਵਿੱਚ ਚੌਥੇ ਸਥਾਨ ਉਤੇ ਆ ਕੇ ਇਤਿਹਾਸ ਰਚਣ ਵਾਲੀ ਭਾਰਤੀ ਟੀਮ ਦੀਆਂ ਦੋ ਪੰਜਾਬੀ ਖਿਡਾਰਨਾ ਗੁਰਜੀਤ ਕੌਰ ਤੇ ਰੀਨਾ ਖੋਖਰ ਅਤੇ ਅਥਲੈਟਿਕਸ ਦੇ ਡਿਸਕਸ ਫਾਈਨਲ ਮੁਕਾਬਲੇ ਵਿੱਚ ਛੇਵਾਂ ਸਥਾਨ ਹਾਸਲ ਕਰਨ ਵਾਲੀ ਕਮਲਪ੍ਰੀਤ ਕੌਰ ਨੂੰ 50-50 ਲੱਖ ਰੁਪਏ ਨਾਲ ਸਨਮਾਨਤ ਕੀਤਾ ਜਾਵੇਗਾ।
ਉਨਾਂ ਅੱਗੇ ਦੱਸਿਆ ਕਿ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਪੰਜਾਬ ਦੇ ਹੋਰਨਾਂ ਖਿਡਾਰੀਆਂ ਮੁੱਕੇਬਾਜ਼ ਸਿਮਰਨਜੀਤ ਕੌਰ, ਨਿਸ਼ਾਨੇਬਾਜ਼ ਅੰਜੁਮ ਮੌਦਗਿਲ ਤੇ ਅੰਗਦਵੀਰ ਸਿੰਘ ਅਤੇ ਅਥਲੀਟ ਤੇਜਿੰਦਰ ਪਾਲ ਸਿੰਘ ਤੂਰ ਤੇ ਗੁਰਪ੍ਰੀਤ ਸਿੰਘ ਅਤੇ ਪੈਰਾਲੰਪਿਕ ਵਿੱਚ ਹਿੱਸਾ ਲੈਣ ਜਾ ਰਹੀ ਬੈਡਮਿੰਟਨ ਖਿਡਾਰਨ ਪਲਕ ਕੋਹਲੀ ਨੂੰ 21-21 ਲੱਖ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਤੋਂ ਸਾਡੀ ਨੌਜਵਾਨ ਪੀੜੀ ਨੂੰ ਸੇਧ ਲੈ ਕੇ ਖੇਡਾਂ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਗੁਰੂ ਨਗਰੀ ਲਈ ਇਹ ਮਾਣ ਵਾਲੀ ਗੱਲ ਹੈ ਕਿ ਹਾਕੀ ਟੀਮ ਦੇ 6 ਖਿਡਾਰੀ ਅੰਮ੍ਰਿਤਸਰ ਜਿਲੇ੍ਹ ਨਾਲ ਸਬੰਧਤ ਸਨ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੇ ਜਿਥੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਉਥੇ ਅੰਮ੍ਰਿਤਸਰ ਦਾ ਨਾਮ ਵੀ ਸੰਸਾਰ ਭਰ ਵਿਚ ਉਜਾਗਰ ਕੀਤਾ ਹੈ।
ਹਾਕੀ ਖਿਡਾਰੀ ਮਨਪ੍ਰੀਤ ਸਿੰਘ, ਰੁਪਿੰਦਰਪਾਲ ਸਿੰਘ, ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਵਰੁਣ ਕੁਮਾਰ, ਦਿਲਪ੍ਰੀਤ ਸਿੰਘ, ਸਿਮਰਨਜੀਤ ਸਿੰਘ, ਗੁਰਜੰਟ ਸਿੰਘ, ਹਾਰਦੀਕ ਸਿੰਘ, ਸ਼ਮਸ਼ੇਰ ਸਿੰਘ, ਕ੍ਰਿਸ਼ਨਾ ਬਹਾਦੁਰ ਪਾਠਕ ਅਤੇ ਗੁਰਜੀਤ ਕੌਰ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਪੁੱਜਣ ਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਸਵਾਗਤ ਕਰਨ ਉਪਰੰਤ ਸਾਰੇ ਖਿਡਾਰੀ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਰਵਾਨਾ ਹੋਏ। ਸਾਰੇ ਖਿਡਾਰੀਆਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਸ਼੍ਰੋਮਣੀ ਗੁਰਦਾਵਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਸਾਰੇ ਖਿਡਾਰੀਆਂ ਨੂੰ 5-5 ਲੱਖ ਰੁਪਏ ਦਾ ਚੈਕ, ਸਿਰੋਪਾਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੁਨਹਿਰੀ ਮਾਡਲ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ। ਸਮਾਗਮ ਉਪਰੰਤ ਇਨ੍ਹਾਂ ਖਿਡਾਰੀਆਂ ਨੂੰ ਇਨ੍ਹਾਂ ਦੇ ਜਿਲਿ੍ਹਆਂ ਲਈ ਪੁਲਿਸ ਟੀਮ ਨਾਲ ਰਵਾਨਾ ਕੀਤਾ ਗਿਆ।
ਇਸ ਮੌਕੇ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਸ੍ਰ ਦਿਲਰਾਜ ਸਿੰਘ ਸਰਕਾਰੀਆ, ਐਸ:ਡੀ:ਐਮ ਸ੍ਰੀ ਰਾਜੇਸ਼ ਸ਼ਰਮਾ, ਡੀ:ਸੀ:ਪੀ ਸ੍ਰੀ ਪੀ:ਸੀ ਭੰਡਾਲ, ਜਿਲ੍ਹਾ ਖੇਡ ਅਫਸਰ ਸ੍ਰ ਗੁਰਲਾਲ ਸਿੰਘ, ਹਾਕੀ ਪੰਜਾਬ ਦਾ ਪ੍ਰਧਾਨ ਸ੍ਰੀ ਨਿਤਿਨ ਕੋਹਲੀ, ਵਾਇਸ ਪ੍ਰਧਾਨ ਗੁਰਵਿੰਦਰ ਸਿੰਘ ਸ਼ੱਮੀ, ਸ੍ਰ ਅਮਰੀਕ ਸਿੰਘ ਪਵਾਰ, ਸ੍ਰੀ ਗੁਰਮੇਲ ਸਿੰਘ, ਰਾਜਬੀਰ ਕੌਰ, ਕੁਲਵਿੰਦਰ ਸਿੰਘ ਸੈਣੀ, ਸ੍ਰ ਸੁਰਿੰਦਰ ਸਿੰਘ ਪਾਪਾ, ਸ੍ਰੀ ਸੰਜੀਵ ਕੁਮਾਰ, ਸ੍ਰ ਬਲਜੀਤ ਸਿੰਘ ਢਿਲੋਂ ਤੋਂ ਇਲਾਵਾ ਖਿਡਾਰੀਆਂ ਦੇ ਪਰਿਵਾਰਕ ਮੈਂਬਰ ਵੀ ਹਾਜਰ ਸਨ।
ਕੈਪਸ਼ਨ ਵਿਧਾਇਕ ਅਤੇ ਹਾਕੀ ਪੰਜਾਬ ਦੇ ਜਨਰਲ ਸਕੱਤਰ ਸ: ਪ੍ਰਗਟ ਸਿੰਘ, ਵਿਧਾਇਕ ਸ਼੍ਰੀ ਸੁਨੀਲ ਦੱਤੀ, ਮੇਅਰ ਨਗਰ ਨਿਗਮ ਸ: ਕਰਮਜੀਤ ਸਿੰਘ ਰਿੰਟੂ ਅਤੇੇ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਹਾਕੀ ਖਿਡਾਰੀਆਂ ਦਾ ਸਵਾਗਤ ਕਰਦੇ ਹੋਏ।
ਵੱਖ ਵੱਖ ਤਸਵੀਰਾਂ।