ਕਰੋਨਾਂ ਮਹਾਂਮਾਰੀ ’ਤੇ ਫਤਹਿ ਪਾਉਂਣ ਲਈ ਪੰਚਾਇਤਾਂ ਦਾ ਲਿਆ ਜਾਵੇਗਾ ਸਹਿਯੋਗ : ਰਜੀਵ ਕੁਮਾਰ ਗੁਪਤਾ

Sorry, this news is not available in your requested language. Please see here.

ਮੁੱਖ ਮੰਤਰੀ ਵੱਲੋਂ 100 ਫੀਸਦੀ ਟੀਕਾਕਰਨ ਵਾਲੇ ਪਿੰਡਾਂ ਨੂੰ 10 ਲੱਖ ਦੀ ਗਰਾਂਟ ਦੇਣ ਦਾ ਕੀਤਾ ਐਲਾਨ

ਐਸ.ਏ.ਐਸ. ਨਗਰ, 18 ਮਈ,2021
ਪੇਂਡੂ ਖੇਤਰਾਂ ֺ’ਚ ਵੱਧ ਰਹੇ ਕਰੋਨਾਂ ਮਾਮਲਿਆਂ ’ਨੂੰ ਠੱਲ ਪਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਰਪੰਚਾਂ ਤੋਂ ਮੰਗੇ ਸਹਿਯੋਗ ਦੌਰਾਨ ਆਨਲਾਈਨ ਰੱਖੇ ਪ੍ਰੋਗਰਾਮ ਵਿੱਚ ਇਥੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਰਾਜੀਵ ਕੁਮਾਰ ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਪੰਚਾਇਤਾਂ ਦੇ ਸਹਿਯੋਗ ਨਾਲ ਕੋਵਿਡ-19 ਦੇ ਫੈਲਾਅ ਨੂੰ ਪੂਰੀ ਤਰ੍ਹਾਂ ਰੋਕੇਗੀ । ਇਸ ਤੋਂ ਇਲਾਵਾਂ ਤੇਜ਼ ਗਤੀ ਨਾਲ ਪੈਰ ਪਸਾਰ ਰਹੇ ਕੋਰੋਨਾ ਵਾਇਰਸ ਨੂੰ ਸਾਰਿਆਂ ਦੇ ਸਾਂਝੇ ਯਤਨਾਂ ਸਦਕਾ ਰੋਕਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਚਾਇਤਾਂ ਵਲੋਂ ਕੋਰੋਨਾਂ ਦੀ ਪਹਿਲੀ ਲਹਿਰ ਦੌਰਾਨ ਵੀ ਵਾਇਰਸ ਨੂੰ ਰੋਕਣ ਲਈ ਠਿੱਕਰੀ ਪਹਿਰੇ ਵਰਗੇ ਯਤਨ ਕੀਤੇ ਗਏ ਸਨ ਅਤੇ ਹੁਣ ਮੁੜ ਪੰਚਾਇਤਾਂ ਮਿਸ਼ਨ ਫਤਿਹ ਨੂੰ ਪੂਰੀ ਤਰ੍ਹਾਂ ਕਾਮਯਾਬ ਕਰਨ ਲਈ ਡਟ ਗਈਆਂ ਹਨ । ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿੰਡਾਂ ਵਿੱਚ ਚਲਾਈ ਜਾਗਰੂਕਤਾ ਮੁਹਿੰਮ ਬਾਰੇ ਗੱਲ ਕਰਦਿਆਂ ਇਥੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਰਾਜੀਵ ਕੁਮਾਰ ਗੁਪਤਾ ਨੇ ਕਿਹਾ ਕਿ ਅੱਜ ਲੋੜ ਹੈ ਕਿ ਸਾਰੀਆਂ ਸਮਾਜਿਕ ਜਥੇਬੰਦੀਆਂ, ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਅਤੇ ਯੂਥ ਕਲੱਬਾਂ ਮਿਸ਼ਨ ਫਤਿਹ ਵਿੱਚ ਸਰਕਾਰ ਦੇ ਮੋਢੇ ਨਾਲ ਮੋਢਾ ਲਾ ਕੇ ਲੋਕਾਂ ਨੂੰ ਇਸ ਵਾਇਰਸ ਤੋਂ ਬਚਾਉਣ ਲਈ ਇਕਮੁਠ ਹੋ ਕੇ ਕੰਮ ਕਰਨ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਲੋੜੀਂਦੀਆਂ ਦਵਾਈਆਂ ਅਤੇ ਟੀਕਾਕਰਨ ਕੈਂਪਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾ ਰਿਹਾ ਹੈ ਜਿਸ ਦਾ ਵੱਧ ਤੋਂ ਵੱਧ ਲੋਕਾਂ ਨੂੰ ਲਾਹਾ ਲੈਣਾ ਚਾਹੀਦਾ ਹੈ।

ਮੁੱਖ ਮੰਤਰੀ ਵਲੋਂ 100 ਫੀਸਦੀ ਟੀਕਾਕਰਨ ਕਰਵਾਉਣ ਵਾਲੇ ਪਿੰਡਾਂ ਲਈ 10 ਲੱਖ ਰੁਪਏ ਵਿਸ਼ੇਸ਼ ਗਰਾਂਟ ਵਜੋਂ ਦੇਣ ਦੇ ਐਲਾਨ ਨੂੰ ਸ਼ਲਾਘਾਯੋਗ ਦੱਸਦਿਆਂ ਸ਼੍ਰੀ ਰਾਜੀਵ ਕੁਮਾਰ ਗੁਪਤਾ ਨੇ ਕਿਹਾ ਕਿ ਲੋਕਾਂ ਨੂੰ ਡਰ ਅਤੇ ਵਹਿਮ ਵਿੱਚ ਨਾ ਪੈਂਦਿਆਂ ਟੀਕਾਕਰਨ ਕਰਵਾਉਣਾ ਚਾਹੀਦਾ ਹੈ।

ਇਸ ਮੌਕੇ ਜਿਲ੍ਹਾਂ ਵਿਕਾਸ ਤੇ ਪੰਚਾਇਤ ਅਫਸਰ ਸ਼੍ਰੀ ਸੁਖਚੈਨ ਸਿੰਘ ਪਾਪੜਾ ਨੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਯੋਗ ਲਾਭਪਾਤਰੀ ਜਲਦ ਕੋਵਿਡ ਵੈਕਸੀਨ ਲਗਵਾਉਣ ਤਾਂ ਜੋ ਇਸ ਭਿਆਨਕ ਬਿਮਾਰੀ ਦੀ ਚਪੇਟ ’ਚ ਆਉਂਣ ਤੋਂ ਬਚਿਆਂ ਜਾ ਸਕੇ । ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਉਨ੍ਹਾਂ ਦੇ ਪਿੰਡਾਂ ਵਿੱਚ ਹੀ ਵੈਕਸੀਨ ਲਗਾਈ ਜਾਵੇ ।