ਸਿਹਤਯਾਬ ਹੋਣ ਮਗਰੋਂ ਤੁਰੰਤ ਡਿਉਟੀ `ਤੇ ਪਰਤੇ ਸਿਹਤ ਕਰਮਚਾਰੀ
ਫਾਜ਼ਿਲਕਾ, 2 ਜੂਨ 2021
ਬਲਾਕ ਡੱਬਵਾਲਾ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ. ਪੰਕਜ ਚੋਹਾਨ ਨੇ ਦੱਸਿਆ ਕਿ ਕਰੋਨਾ ਕਾਲ ਵਿਚ ਸਿਹਤ ਕਰਮੀਆਂ ਵੱਲੋਂ ਕਰੋਨਾ ਮਹਾਂਮਾਰੀ ਨੂੰ ਕਾਬੂ ਕਰਨ ਲਈ ਮੁੱਢਲੀ ਕਤਾਰ `ਚ ਰਹਿੰਦਿਆਂ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਨੂੰ ਖਤਮ ਕਰਨ ਲਈ ਅਜੇ ਵੀ ਮਾਹਰ ਡਾਕਟਰ ਤੋਂ ਲੈ ਕੇ ਹੇਠਲਾ ਸਿਹਤ ਕਰਮਚਾਰੀ ਵੀ ਦਿਨ ਰਾਤ ਆਪਣੀ ਡਿਉਟੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਸ ਖੁਦ ਸਿਹਤ ਕਰਮਚਾਰੀ ਤੇ ਉਨ੍ਹਾਂ ਦਾ ਪਰਿਵਾਰ ਇਸ ਮਹਾਂਮਾਰੀ ਦੀ ਚਪੇਟ ਵਿਚ ਆ ਗਿਆ ਹੈ ਪਰ ਉਹ ਆਪਣੀ ਡਿਉਟੀ ਤਨਦੇਹੀ ਨਾਲ ਨਿਭਾ ਰਿਹਾ ਹੈ।
ਡਾ. ਪੰਕਜ ਨੇ ਦੱਸਿਆ ਕਿ ਡਬਵਾਲਾ ਕਲਾਂ ਬਲਾਕ ਦੇ ਵੀ ਕਈ ਸਿਹਤ ਕਰਮੀ ਕਰੋਨਾ ਵਾਇਰਸ ਦੀ ਲਪੇਟ ਵਿਚ ਆਏ ਸਨ ਪਰ ਕਿਸੇ ਨੇ ਵੀ ਆਪਦਾ ਹੌਂਸਲਾ ਨਹੀਂ ਹਾਰਿਆ ਤੇ ਬਿਮਾਰੀ ਨੂੰ ਮਾਤ ਦਿੰਦਿਆਂ ਮੁੜ ਡਿਉਟੀ `ਤੇ ਜੁਆਇਨ ਕਰਦਿਆਂ ਲੋੜਵੰਦਾ ਨੂੰ ਸੇਵਾਵਾਂ ਮੁਹੱਈਆ ਕਰਵਾ ਰਹੇ ਹਨ।ਉਨ੍ਹਾਂ ਕਿਹਾ ਕਿ ਸਭਨਾ ਨੂੰ ਪਤਾ ਹੈ ਕਿ ਇਹ ਮਹਾਂਮਾਰੀ ਕਿੰਨੀ ਖਤਰਨਾਕ ਹੈ ਪਰ ਫਿਰ ਵੀ ਸਿਹਤ ਕਰਮੀਆਂ ਵੱਲੋਂ ਇਸ ਮਹਾਂਮਾਰੀ ਨੂੰ ਖਤਮ ਕਰਨ ਲਈ ਪੁਰਜੋਰ ਯਤਨ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਕਈ ਸਿਹਤ ਕਰਮੀਆਂ ਦੇ ਪਰਿਵਾਰਕ ਮੈਂਬਰ ਵੀ ਇਸ ਮਹਾਂਮਾਰੀ ਵਿਚ ਆ ਚੁੱਕੇ ਹਨ ਤੇ ਕਰੋਨਾ `ਤੇ ਫਤਿਹ ਪਾ ਚੁੱਕੇ ਹਨ। 
ਕੋਰੋਨਾ ਮਹਾਂਮਾਰੀ ਨੂੰ ਹਰਾਉਣ ਤੋਂ ਬਾਅਦ ਏ.ਐਨ.ਐਮ. ਰੀਟਾ ਕੁਮਾਰ ਹੈਲਥ ਵੈਲਨੈਸ ਸੈਂਟਰ ਚੁਵਾੜਿਆਂ ਵਾਲੀ ਨੇ ਦੱਸਿਆ ਕਿ ਹਲਕਾ ਬੁਖਾਰ ਤੇ ਖਾਂਸੀ ਹੋਣ `ਤੇ ਉਨ੍ਹਾਂ ਨੇ ਆਪਣਾ ਕਰੋਨਾ ਦਾ ਟੈਸਟ ਕਰਵਾਇਆ ਜਿਸ ਵਿਚ ਉਹ ਪਾਜੀਟਿਵ ਪਾਏ ਗਏ ਸਨ। ਉਸ ਉਪਰੰਤ ਤਿੰਨ ਦਿਨ ਤੱਕ ਤੇਜ਼ ਬੁਖਾਰ ਤੇ ਖਾਂਸੀ ਰਹੀ। ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਉਨ੍ਹਾ ਨੇ ਦੱਸੇ ਅਨੁਸਾਰ ਇਲਾਜ ਲਿਆ ਤੇ ਜਿਸ ਉਪਰੰਤ ਉਹ ਕਰੋਨਾ ਨੂੰ ਹਰਾ ਕੇ ਠੀਕ ਹੋਏ ਅਤੇ ਹੁਣ ਡਿਉਟੀ ਕਰ ਰਹੇ ਹਨ।
ਇਸੇ ਤਰ੍ਹਾਂ ਏ.ਐਨ.ਐਮ. ਮਨਜੀਤ ਕੌਰ, ਰਮੇਸ਼ ਕੁਮਾਰ, ਸੁਨੀਲ ਕੁਮਾਰ, ਰਾਜ ਕੁਮਾਰ, ਦੇਵੀ ਰਾਣੀ, ਮਨਦੀਪ ਸਿੰਘ, ਪਾਰੂਲ, ਵਿਨੋਦ ਸਿੰਘ, ਰਣਜੀਤ ਕੁਮਾਰ, ਰਜਿੰਦਰ, ਸੁਰਿੰਦਰ, ਅੰਜੂ ਬਾਲਾ, ਮਮਤਾ ਰਾਣੀ, ਅਮਨਦੀਪ ਕੌਰ, ਡਾ. ਸ਼ਾਈਨਾ, ਇੰਦਰਜੀਤ ਸਿੰਘ, ਏ.ਐਨ.ਐਮ. ਛਿੰਦਰਪਾਲ ਕੌਰ ਸਮੇਤ ਕਈ ਆਸ਼ਾ ਵਰਕਰ ਕਰੋਨਾ ਮਹਾਮਾਰੀ ਦੀ ਚਪੇਟ ਵਿਚ ਆਉਣ ਤੋਂ ਬਾਅਦ ਕਰੋਨਾ ਨੂੰ ਹਰਾ ਚੁੱਕੇ ਹਨ।

हिंदी






