ਕੈਪਟਨ ਅਮਰਿੰਦਰ ਸਿੰਘ ਸਰਕਾਰ 25 ਫਰਵਰੀ ਨੂੰ ਪੇਸ਼ ਕਰੇਗੀ 2020-21 ਦਾ ਬਜਟ

Chief minister captain amrinder singh

20 ਤੋਂ 28 ਫਰਵਰੀ ਨੂੰ ਹੋਵੇਗਾ ਬਜਟ ਇਜਲਾਸ
ਚੰਡੀਗੜ੍ਹ, 31 ਜਨਵਰੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸਾਲ 2020-21 ਦਾ ਬਜਟ ਆਉਂਦੀ 25 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਬਾਰੇ ਫੈਸਲਾ ਅੱਜ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ। ਮੰਤਰੀ ਮੰਡਲ ਨੇ 15ਵੀਂ ਵਿਧਾਨ ਸਭਾ ਦਾ 11ਵਾਂ ਇਜਲਾਸ (ਬਜਟ ਸੈਸ਼ਨ) 20 ਫਰਵਰੀ ਤੋਂ 28 ਫਰਵਰੀ ਨੂੰ ਸੱਦਣ ਦਾ ਫੈਸਲਾ ਕੀਤਾ ਹੈ।
ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਦੌਰਾਨ ਭਾਰਤੀ ਸੰਵਿਧਾਨ ਦੀ ਧਾਰਾ (1) ਦੇ ਕਲਾਜ਼ ਮੁਤਾਬਕ ਇਜਲਾਸ ਸੱਦਣ ਲਈ ਰਾਜਪਾਲ ਨੂੰ ਅਧਿਕਾਰਤ ਕੀਤਾ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਬਜਟ ਸੈਸ਼ਨ 20 ਫਰਵਰੀ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗਾ ਜਿਸ ਦੌਰਾਨ ਵਿਛੜੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ ਦੁਪਹਿਰ 12 ਵਜੇ ਪੰਜਾਬੀ ਭਾਸ਼ਾ ਨਾਲ ਸਬੰਧਤ ਬਿੱਲ ਪੇਸ਼ ਕੀਤਾ ਜਾਵੇਗਾ।
ਇਸ ਤੋਂ ਬਾਅਦ 24 ਫਰਵਰੀ ਨੂੰ ਸਵੇਰੇ 11 ਵਜੇ ਰਾਜਪਾਲ ਦੇ ਭਾਸ਼ਣ ‘ਤੇ ਧੰਨਵਾਦ ਅਤੇ ਬਹਿਸ ਦਾ ਮਤਾ ਪੇਸ਼ ਕੀਤਾ ਜਾਵੇਗਾ ਅਤੇ ਬਾਅਦ ਦੁਪਹਿਰ 2 ਵਜੇ ਭਾਸ਼ਣ ‘ਤੇ ਬਹਿਸ ਮੁੜ ਸ਼ੁਰੂ ਹੋਵੇਗੀ ਜੋ ਸਮਾਪਤ ਹੋਣ ਤੱਕ ਜਾਰੀ ਰਹੇਗੀ।
ਸਾਲ 2018-19 ਲਈ ਭਾਰਤ ਦੇ ਕੰਪਟ੍ਰੋਲਰ ਅਤੇ ਆਡੀਟਰ ਜਨਰਲ ਦੀਆਂ ਰਿਪੋਰਟਾਂ (ਸਿਵਲ, ਵਪਾਰਕ) ਅਤੇ ਸਾਲ 2018-19 ਲਈ ਪੰਜਾਬ ਸਰਕਾਰ ਦੇ ਵਿੱਤੀ ਲੇਖੇ ਅਤੇ ਸਾਲ 2018-19 ਲਈ ਨਮਿੱਤਣ ਲੇਖੇ 25 ਫਰਵਰੀ ਨੂੰ ਸਵੇਰੇ 10 ਵਜੇ ਸਦਨ ਵਿੱਚ ਰੱਖੇ ਜਾਣਗੇ। ਇਸੇ ਦਿਨ ਹੀ ਸਾਲ 2019-20 ਵਾਸਤੇ ਗ੍ਰਾਂਟਾਂ ਲਈ ਅਨੁਪੂਰਕ ਮੰਗਾਂ, ਸਾਲ 2019-20 ਲਈ ਗ੍ਰਾਂਟਾਂ ਲਈ ਨਮਿੱਤਣ ਬਿੱਲ ਅਤੇ ਸਾਲ 2020-21 ਲਈ ਬਜਟ ਅਨੁਮਾਨ ਪੇਸ਼ ਕੀਤੇ ਜਾਣਗੇ। 26 ਫਰਵਰੀ ਨੂੰ ਸਵੇਰੇ 10 ਵਜੇ ਸਾਲ 2020-21 ਲਈ ਬਜਟ ਅਨੁਮਾਨਾਂ ‘ਤੇ ਆਮ ਬਹਿਸ ਸ਼ੁਰੂ ਹੋਵੇਗੀ ਜੋ ਸਮਾਪਤ ਹੋਣ ਤੱਕ ਜਾਰੀ ਰਹੇਗੀ।
27 ਫਰਵਰੀ ਨੂੰ ਸਵੇਰੇ 10 ਵਜੇ ਗੈਰ-ਸਰਕਾਰੀ ਕੰਮਕਾਜ ਹੋਵੇਗਾ ਜਦਕਿ 28 ਫਰਵਰੀ ਨੂੰ ਸਾਲ 2020-21 ਲਈ ਬਜਟ ਅਨੁਮਾਨਾਂ ਦੇ ਸਬੰਧ ਵਿੱਚ ਗ੍ਰਾਂਟਾਂ ਲਈ ਮੰਗਾਂ ‘ਤੇ ਬਹਿਸ ਅਤੇ ਵੋਟਿੰਗ, ਸਾਲ 2020-21 ਲਈ ਬਜਟ ਅਨੁਮਾਨਾਂ ਦੇ ਸਬੰਧ ਵਿੱਚ ਨਮਿੱਤਣ ਬਿੱਲ ਅਤੇ ਵਿਧਾਨਕ ਕੰਮਕਾਜ ਹੋਵੇਗਾ ਅਤੇ ਇਸੇ ਦਿਨ ਹੀ ਸਦਨ ਨੂੰ ਅਣਮਿੱਥੇ ਸਮੇਂ ਲਈ ਉਠਾ ਦਿੱਤਾ ਜਾਵੇਗਾ।