ਕੋਈ ਵੀ ਕੇਸਾਧਾਰੀ ਸਿੱਖ ਵੋਟਰ ਐਸ.ਜੀ.ਪੀ.ਸੀ. ਦੀ ਵੋਟ ਬਣਾਉਣ ਤੋਂ ਵਾਝਾਂ ਨਾ ਰਹੇ – ਧੀਮਾਨ

Sorry, this news is not available in your requested language. Please see here.

 ਐਸ.ਜੀ.ਪੀ.ਸੀ. ਦੀਆਂ ਵੋਟਾਂ ਬਣਾਉਣ ਸਬੰਧੀ ਡੀ.ਸੀ. ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਪਾਰਟੀਆ ਅਤੇ ਧਾਰਮਿਕ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ

29 ਫਰਵਰੀ 2024 ਤੱਕ ਕਰਵਾਈ ਜਾ ਸਕਦੀ ਹੈ ਰਜਿਸਟ੍ਰੇਸ਼ਨ:ਡੀ.ਸੀ.

ਫਿਰੋਜ਼ੁਪਰ 19 ਜਨਵਰੀ 2024

            ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਕੇਸਧਾਰੀ ਸਿੱਖਾਂ ਦੀ ਵੋਟਰ ਰਜਿਸਟ੍ਰੇਸ਼ਨ ਦਾ ਕੰਮ 21 ਅਕਤੂਬਰ 2023 ਤੋਂ ਸ਼ੁਰੂ ਹੋਇਆ ਹੈ ਜੋ ਕਿ  29 ਫਰਵਰੀ 2024 ਤੱਕ ਚੱਲੇਗਾ। ਇਸ ਲਈ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਚਾਰ ਚੋਣ ਹਲਕੇ 18-ਮਮਦੋਟ, 19-ਫਿਰੋਜ਼ਪੁਰ,20-ਤਲਵੰਡੀ ਭਾਈ ਅਤੇ 21-ਜ਼ੀਰਾ ਪੈਂਦੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਆਈ.ਏ.ਐੱਸ. ਨੇ ਵੱਖ-ਵੱਖ ਪਾਰਟੀਆ ਅਤੇ ਧਾਰਮਿਕ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਮੌਕੇ ਦਿੱਤੀ। ਇਸ ਮੌਕੇ ਵਿਧਾਇਕ ਜ਼ੀਰਾ ਸ੍ਰੀ ਨਰੇਸ਼ ਕਟਾਰੀਆਂ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

                        ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪ੍ਰਕਿਰਿਆ ਤਹਿਤ ਵੋਟਰ ਰਜਿਸਟ੍ਰੇਸ਼ਨ 29 ਫਰਵਰੀ 2024 ਤੱਕ ਹੋਵੇਗੀ। ਉਨ੍ਹਾਂ ਦੱਸਿਆ ਕਿ 1 ਮਾਰਚ 2024 ਤੋਂ 20 ਮਾਰਚ 2024 ਤੱਕ ਵੋਟਰ ਸੂਚੀਆਂ ਦੀ ਤਿਆਰੀ ਅਤੇ ਪ੍ਰਿਟਿੰਗ ਹੋਵੇਗੀ। ਇਸ ਤੋਂ ਬਾਅਦ 21 ਮਾਰਚ 2024 ਨੂੰ ਵੋਟਰ ਸੂਚੀਆਂ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ ਅਤੇ ਇਸੇ ਹੀ ਦਿਨ ਵੋਟਰ ਸੂਚੀਆਂ ਸਬੰਧੀ ਦਾਅਵੇ ਅਤੇ ਇਦਰਾਜ਼ ਲੈਣ ਸਬੰਧੀ ਚੋਣ ਹਲਕੇ ਅਨੁਸਾਰ ਨਿਯੁਕਤ ਅਧਿਕਾਰੀਆਂ ਦੀ ਸੂਚੀ ਜਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦਾਅਵੇ ਅਤੇ ਇਦਰਾਜ ਪ੍ਰਾਪਤ ਕਰਨ ਦੀ ਆਖਰੀ ਮਿਤੀ 11 ਅਪ੍ਰੈਲ 2024 ਹੋਵੇਗੀ। ਉਨ੍ਹਾਂ ਦੱਸਿਆ ਕਿ 21 ਅਪ੍ਰੈਲ 2024 ਤੱਕ ਦਾਅਵਿਆਂ ਅਤੇ ਇਦਰਾਜ਼ਾਂ ਦਾ ਸਿੱਖ ਗੁਰਦੁਆਰਾ ਬੋਰਡ ਚੋਣਾਂ, 1959 ਦੇ ਰੂਲ ਨੰਬਰ 10(3) ਅਨੁਸਾਰ ਨਿਪਟਾਰਾ ਕੀਤਾ ਜਾਵੇਗਾ। ਇਸ ਤੋਂ ਬਾਅਦ 2 ਮਈ 2024 ਨੂੰ ਸਪਲੀਮੈਂਟਰੀ ਸੂਚੀਆਂ ਦੀ ਤਿਆਰੀ ਅਤੇ ਪ੍ਰਿਟਿੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 3 ਮਈ 2024 ਨੂੰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਜਾਵੇਗੀ।  ਉਨ੍ਹਾਂ ਕਿਹਾ ਕਿ ਐਸ.ਜੀ.ਪੀ.ਸੀ. ਚੋਣਾਂ ਲਈ ਵੋਟਰ ਰਜਿਸਟਰੇਸ਼ਨ ਲਈ ਵਿਅਕਤੀ ਦਾ ਕੇਸਧਾਰੀ ਸਿੱਖ ਹੋਣਾ ਜ਼ਰੂਰੀ ਹੈ। ਜੋ ਵਿਅਕਤੀਆਪਣੀ ਦਾੜੀ ਕਟਵਾਉਂਦਾ ਹੈ ਜਾਂ ਤੰਬਾਕੂ ਜਾਂ ਸ਼ਰਾਬ ਦਾ ਸੇਵਨ ਕਰਦਾ ਹੈ ਵੋਟਰ ਵਜੋਂ ਰਜਿਸਟਰ ਨਹੀਂ ਹੋ ਸਕਦਾ।

            ਉਨ੍ਹਾਂ ਕਿਹਾ ਕਿ ਫਾਰਮ-। ਸਬੰਧਤ ਚੋਣ ਹਲਕੇ ਦੇ ਰਿਵਾਈਜਿੰਗ ਅਫਸਰ ਦੇ ਦਫਤਰ ਵਿਖੇ ਉੱਪਲਬਧ ਹਨ ਤੇ ਜ਼ਿਲ੍ਹੇ ਦੇ 21 ਸਾਲ ਦੇ ਸਮੂਹ ਕੇਸਧਾਰੀ ਸਿੱਖ ਵੋਟਰ ਆਪਣੀ ਵੋਟ ਬਣਾਉਣ ਲਈ ਫਾਰਮ-1 ਭਰਨ ਤੋਂ ਬਾਅਦ ਰਿਵਾਈਜਿੰਗ ਅਫਸਰ, ਸਹਾਇਕ ਰਿਵਾਈਜਿੰਗ ਅਫਸਰ ਦੇ ਦਫਤਰ ਜਾਂ ਆਪਣੇ ਹਲਕੇ ਦੇ ਪਟਵਾਰੀ ਜਾਂ ਤਹਿਸੀਲਦਾਰਾਂ ਪਾਸ ਜਮਾਂ ਕਰਵਾ ਸਕਦੇ ਹਨ। ਵੋਟਰਾਂ ਦੀ ਸਹੂਲਤ ਲਈ ਫਾਰਮ-1 ਜ਼ਿਲ੍ਹੇ ਦੀ ਵੈਬ ਸਾਈਟ www.ferozepur.nic.in ਤੇ ਵੀ ਉਪਲਬਧ ਹੈ। ਉਨ੍ਹਾਂ ਜ਼ਿਲ੍ਹੇ ਦੇ ਵੱਧ ਤੋਂ ਵੱਧ ਕੇਸਧਾਰੀ ਸਿੱਖਾਂ ਨੂੰ ਫਾਰਮਾਂ ਰਾਹੀਂ ਆਪਣੀ ਵੋਟ ਬਣਾਉਣ ਅਤੇ ਆਗਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਹਾਜ਼ਰ ਨੁਮਾਇੰਦਿਆਂ ਨਾਲ ਵੱਧ ਤੋਂ ਵੱਧ ਵੋਟਾਂ ਬਣਾਉਣ ਲਈ ਵਿਚਾਰਾਂ ਵੀ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਦੇ ਸੁਝਾਅ ਵੀ ਪ੍ਰਾਪਤ ਕੀਤੇ।

            ਇਸ ਮੌਕੇ ਐਸ.ਡੀ.ਐਮ. ਗੁਰੂਹਰਸਹਾਏ ਸ੍ਰੀ ਗਗਨਦੀਪ, ਤਹਿਸੀਲਦਾਰ ਚੋਣਾਂ ਸ੍ਰੀ ਚਾਂਦ ਪ੍ਰਕਾਸ਼, ਨਾਇਬ ਤਹਿਸੀਲਦਾਰ ਸ੍ਰੀ ਵਿਨੋਦ ਕੁਮਾਰ, ਸ੍ਰੀ ਬਲਵਿੰਦਰ ਸਿੰਘ, ਸ੍ਰੀ ਗੁਰਚਰਨ ਸਿੰਘ ਨਾਹਰ, ਸ੍ਰੀ ਧਰਮਾਲ ਸਿੰਘ, ਸ੍ਰੀ ਅਮਰ ਸਿੰਘ, ਸ੍ਰੀ ਦਵਿੰਦਰ ਸਿੰਘ ਸੇਖੋਂ, ਸ੍ਰੀ ਜਸਪਾਲ ਸਿੰਘ, ਸ੍ਰੀ ਜਗਮੀਤ ਸਿੰਘ, ਸ੍ਰੀ ਬਲਵਿੰਦਰ ਸਿੰਘ ਮੱਲਵਾਲ, ਸ੍ਰੀ ਜਗਦੇਵ ਸਿੰਘ ਆਦਿ ਵੀ ਹਾਜ਼ਰ ਸਨ।