ਕੋਰੋਨਾ ਦੇ ਦੌਰ ’ਚ ਈ-ਸੰਜੀਵਨੀ ਓ.ਪੀ.ਡੀ.ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ-ਡਿਪਟੀ ਮੈਡੀਕਲ ਕਮਿਸ਼ਨਰ

Sorry, this news is not available in your requested language. Please see here.

ਕੋਰੋਨਾ ਦੇ ਦੌਰ ’ਚ ਈ-ਸੰਜੀਵਨੀ ਓ.ਪੀ.ਡੀ.ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ-ਡਿਪਟੀ ਮੈਡੀਕਲ ਕਮਿਸ਼ਨਰ
ਕਿਹਾ, ਲੋਕ ਘਰ ਬੈਠੇ ਹੀ ਮੁਫ਼ਤ ਡਾਕਟਰੀ ਸਲਾਹ ਪ੍ਰਾਪਤ ਕਰ ਸਕਦੇ ਹਨ
ਐਸ.ਏ.ਐਸ ਨਗਰ, 30 ਅਪ੍ਰੈਲ , 2021 : ਪੰਜਾਬ ਸਰਕਾਰ ਦੁਆਰਾ ਕੋਵਿਡ ਮਹਾਂਮਾਰੀ ਕਾਰਨ ਸੂਬੇ ਦੇ ਲੋਕਾਂ ਲਈ ਨਿਰਵਿਘਨ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਈ-ਸੰਜੀਵਨੀ ਆਨਲਾਈਨ ਓਪੀਡੀ (ਡਾਕਟਰ ਤੋਂ ਮਰੀਜ਼ ਤੱਕ) ਸੇਵਾ ਪ੍ਰਦਾਨ ਕੀਤੀ ਜਾ ਰਹੀ ਹੈ। ਜ਼ਿਲ੍ਹਾ ਸਿਹਤ ਵਿਭਾਗ ਦੇ ਮਾਹਰ ਡਾਕਟਰ ਲੋਕਾਂ ਨੂੰ ਆਮ ਬੀਮਾਰੀਆਂ, ਇਸਤਰੀ ਰੋਗ ਅਤੇ ਮਾਨਸਿਕ ਰੋਗਾਂ ਸਬੰਧੀ ਮੁਫ਼ਤ ਸਲਾਹ ਦੇ ਰਹੇ ਹਨ। ਸਰਕਾਰ ਵੱਲੋਂ ਉਪਲੱਬਧ ਕਰਵਾਈ ਗਈ ਇਸ ਸੁਵਿਧਾ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ ਪ੍ਰਦੇਸੀ ਨੇ ਦੱਸਿਆ ਕਿ ਸਰਕਾਰ ਦਾ ਇਹ ਉਪਰਾਲਾ ਆਮ ਲੋਕਾਂ ਵਿਸ਼ੇਸ਼ ਕਰਕੇ ਦੂਰ ਦੂਰਾਡੇ ਖੇਤਰ ਦੇ ਲੋਕਾਂ ਲਈ ਵਰਦਾਨ ਹੈ ਕਿਉਂਕਿ ਇਸ ਓ.ਪੀ.ਡੀ ਪ੍ਰਣਾਲੀ ਰਾਹੀਂ ਲੋਕ ਘਰ ਬੈਠੇ ਹੀ ਮਿਆਰੀ ਸਿਹਤ ਸਲਾਹ ਹਾਸਿਲ ਕਰ ਰਹੇ ਹਨ। ਉਨ੍ਹਾਂ ਦਸਿਆ ਕਿ www.esanjeevaniopd.in ’ਤੇ ਜਾ ਕੇ ਇਸ ਸਹੂਲਤ ਦਾ ਲਾਭ ਲਿਆ ਜਾ ਸਕਦਾ ਹੈ। ਇਹ ਪ੍ਰਣਾਲੀ ਵੀਡੀਓ ਕਾਨਫਰੰਂਸਿੰਗ ਰਾਹੀਂ ਮਾਹਿਰ ਡਾਕਟਰਾਂ ਦੇ ਨੈੱਟਵਰਕ ਨਾਲ ਜੁੜਨ ਅਤੇ ਘਰ ਬੈਠੇ ਹੀ ਆਮ ਸਿਹਤ ਸਮੱਸਿਆਵਾਂ ਲਈ ਡਾਕਟਰੀ ਸਲਾਹ ਹਾਸਿਲ ਕਰਨ ਲਈ ਇੱਕ ਪਲੇਟਫ਼ਾਰਮ ਮੁਹੱਈਆ ਕਰਵਾਉਂਦੀ ਹੈ। ਡੀ.ਐਮ.ਸੀ. ਨੇ ਅੱਗੇ ਦੱਸਿਆ ਕਿ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ‘ਚ ਟੈਲੀਮੈਡੀਸਨ ਸੇਵਾਵਾਂ ਤੋਂ ਇਲਾਵਾ ਪ੍ਰਸ਼ਾਸਨਿਕ ਸੁਧਾਰਾਂ ਅਤੇ ਲੋਕ ਸ਼ਿਕਾਇਤਾਂ ਵਿਭਾਗ ਦੇ ਸਰਗਰਮ ਸਹਿਯੋਗ ਨਾਲ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਇਸ ਪ੍ਰੋਗਰਾਮ ਨੂੰ ਸੂਬੇ ਭਰ ਵਿੱਚ ਲਾਗੂ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਇਸ ਓ.ਪੀ.ਡੀ ਪ੍ਰਣਾਲੀ ਵਿੱਚ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਟੋਕਨ ਜਨਰੇਸ਼ਨ, ਕਤਾਰ ਪ੍ਰਬੰਧਨ, ਸਬੰਧਿਤ ਡਾਕਟਰ ਨਾਲ ਆਡਿਓ-ਵੀਡੀਓ ਮਸ਼ਵਰਾ, ਈ-ਪ੍ਰੈਸਕਰਪਿਸ਼ਨ, ਐਸ.ਐਮ.ਐਸ/ਈਮੇਲ ਨੋਟੀਫ਼ਿਕੇਸ਼ਨ ਅਤੇ ਸੂਬੇ ਦੇ ਡਾਕਟਰਾਂ ਵੱਲੋਂ (ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ) ਪੂਰੀ ਤਰਾਂ ਮੁਫ਼ਤ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਡਾਕਟਰ ਪਿਛਲੇ ਇੱਕ ਦਹਾਕੇ ਤੋਂ ਈ- ਸੰਜੀਵਨੀ (ਡਾਕਟਰ ਤੋਂ ਡਾਕਟਰ) ਪ੍ਰਣਾਲੀ ਦਾ ਇਸਤੇਮਾਲ ਕਰ ਰਹੇ ਹਨ, ਇਸ ਲਈ ਈ-ਸੰਜੀਵਨੀ -ਆਨਲਾਈਨ ਓ.ਪੀ.ਡੀ. (ਡਾਕਟਰ ਤੋਂ ਮਰੀਜ਼) ਪਲੇਟਫ਼ਾਰਮ ਅਪਣਾਉਣ ਵਿੱਚ ਉਨ੍ਹਾਂ ਨੂੰ ਬਹੁਤਾ ਸਮਾਂ ਨਹੀਂ ਲੱਗਾ।
ਡਾ. ਪ੍ਰਦੇਸੀ ਨੇ ਕਿਹਾ ਕਿ ਇਹ ਤਕਨੀਕ ਕੋਵਿਡ -19 ਮਹਾਂਮਾਰੀ ਦੌਰਾਨ ਮਿਆਰੀ ਡਾਕਟਰੀ ਸਲਾਹ ਅਤੇ ਇਲਾਜ ਮੁਹੱਈਆ ਕਰਨ ਵਿੱਚ ਸਹਾਇਤਾ ਕਰ ਰਹੀ ਹੈ। ਇਹ ਵਿਸ਼ੇਸ਼ਤਾ ਕੋਵਾ ਮੋਬਾਇਲ ਐਪ ਵਿੱਚ ਵੀ ਉਪਲੱਬਧ ਹੈ। ਈ-ਸੰਜੀਵਨੀ ਓ.ਪੀ.ਡੀ. ਦਾ ਲਾਭ ਲੈਣ ਲਈ ਮਰੀਜ਼/ਵਿਅਕਤੀ ਕੋਲ ਇੱਕ ਕੰਪਿਊਟਰ,ਲੈਪਟਾਪ ਜਾਂ ਟੈਬ ਦੇ ਨਾਲ ਇੱਕ ਵੱਖਰਾ ਜਾਂ ਇਨਬਿਲਟ ਵੈੱਬਕੈਮ, ਮਾਈਕ, ਸਪੀਕਰ ਅਤੇ ਇੱਕ ਤੇਜ਼ ਇੰਟਰਨੈੱਟ ਕੁਨੈਕਸ਼ਨ (2 ਐਮ.ਬੀ, ਪੀ.ਐਸ ਜਾਂ ਵੱਧ) ਹੋਣਾ ਚਾਹੀਦਾ ਹੈ। ਮੁਫ਼ਤ ਸਲਾਹ ਪ੍ਰਦਾਨ ਕਰਨ ਲਈ ਸਿਹਤ ਵਿਭਾਗ ਦੇ ਡਾਕਟਰਾਂ ਦੀ ਟੀਮ ਸੋਮਵਾਰ ਤੋਂ ਸਨਿੱਚਰਵਾਰ ਸਵੇਰੇ 8 ਤੋਂ 2 ਵਜੇ ਤੱਕ ਉਪਲੱਬਧ ਹੈ।ਵਧੇਰੇ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਫ਼ੋਟੋ ਕੈਪਸ਼ਨ : ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ ਪ੍ਰਦੇਸੀ।