ਕੋਵਿਡ ਦੇ ਔਖੇ ਸਮੇਂ ਮਿਲਕਫੈਡ ਨੇ ਦੁੱਧ ਉਤਪਾਦਕਾਂ ਦੀ ਬਾਂਹ ਫੜੀ-ਸਹਿਕਾਰਤਾ ਮੰਤਰੀ ਸ. ਰੰਧਾਵਾ

Sorry, this news is not available in your requested language. Please see here.

ਗੁਰਦਾਸਪੁਰ, 1 ਜੁਲਾਈ 2021 ਸ. ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਮੰਤਰੀ ਪੰਜਾਬ ਨੇ ਦੱਸਿਆ ਕਿ ਕੋਵਿਡ ਦੇ ਔਖੇ ਸਮੇਂ ਵਿੱਚ ਮਿਲਕਫੈਡ ਪੰਜਾਬ ਵੱਲੋਂ ਡੇਅਰੀ ਧੰਦੇ ਨਾਲ ਜੁੜੇ ਕਿਸਾਨਾਂ ਲਈ ਖੁਸ਼ੀ ਵਾਲੀ ਖਬਰ ਹੈ ਕਿ ਪਹਿਲੀ ਜੁਲਾਈ ਤੋਂ ਕਿਸਾਨਾਂ ਤੋਂ ਦੁੱਧ ਦੇ ਖਰੀਦ ਭਾਅ ਵਿੱਚ 20 ਰੁਪਏ ਪ੍ਰਤੀ ਕਿਲੋ ਫੈਟ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਨਾਲ ਦੁੱਧ ਉਤਪਾਦਕਾਂ ਨੂੰ ਫਾਇਦਾ ਮਿਲੇਗਾ।
ਕੈਬਨਿਟ ਮੰਤਰੀ ਸ. ਰੰਧਾਵਾ ਨੇ ਕਿਹਾ ਕਿ ਮਿਲਕਫੈਡ ਪੰਜਾਬ ਨੇ ਹਮੇਸ਼ਾ ਹੀ ਡੇਅਰੀ ਧੰਦੇ ਨਾਲ ਜੁੜੇ ਕਿਸਾਨਾਂ ਦੀ ਹਮੇਸ਼ਾਂ ਬਾਂਹ ਫੜੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਅੱਗੇ ਵਧ ਕੇ ਮੱਦਦ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਸਮੇਂ ਦੌਰਾਨ ਜਦੋਂ ਕੁਝ ਪ੍ਰਾਈਵੇਟ ਖਰੀਦਦਾਰਾਂ ਨੇ ਦੁੱਧ ਖਰੀਦਣਾ ਬੰਦ ਕਰ ਦਿੱਤਾ ਸੀ ਅਤੇ ਬਾਕੀਆਂ ਨੇ ਦੁੱਧ ਦੇ ਭਾਅ ਘਟਾ ਦਿੱਤੇ ਸਨ ਤਾਂ ਮਿਲਕਫੈਡ ਨੇ ਆਪਣੇ ਸੀਮਤ ਸਾਧਨਾਂ ਦੇ ਬਾਵਜੂਦ ਨਾ ਸਿਰਫ਼ ਸਾਰਾ ਦੁੱਧ ਹੀ ਖਰੀਦਿਆ ਸਗੋਂ ਦੁੱਧ ਦੇ ਭਾਅ ਵੀ ਨਹੀਂ ਘਟਾਏ।
ਪਿਛਲੇ ਕੁਝ ਸਮੇਂ ਦੌਰਾਨ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਦੇ ਵਾਧੇ ਦੇ ਨਾਲ-ਨਾਲ ਪਸ਼ੂ ਖੁਰਾਕ ਵਿੱਚ ਵਰਤੇ ਜਾਣ ਵਾਲੇ ਕੱਚੇ ਮਾਲ ਜਿਵੇਂ ਸੋਇਆਬੀਨ, ਖਲਾਂ, ਵੜੇਵਿਆਂ ਆਦਿ ਦੀਆਂ ਕੀਮਤਾਂ ਵਿੱਚ ਹੋਏ ਬੇਤਹਾਸ਼ਾ ਵਾਧੇ ਨਾਲ ਦੁੱਧ ਉਤਪਾਦਕਾਂ ਦਾ ਮੁਨਾਫਾ ਘਟਣ ਦੀ ਸੰਭਾਵਨਾ ਬਣਦੀ ਜਾ ਰਹੀ ਸੀ ਜਿਸ ਕਰਕੇ ਮਿਲਕਫੈਡ ਵੱਲੋਂ ਆਪਣੇ ਨਾਲ ਜੁੜੇ 2.5 ਲੱਖ ਦੁੱਧ ਉਤਪਾਦਕਾਂ ਦੀ ਆਰਥਿਕ ਹਾਲਤ ਦੀ ਬਿਹਤਰੀ ਲਈ 20 ਰੁਪਏ ਪ੍ਰਤੀ ਕਿੱਲੋ ਫੈਟ ਦੁੱਧ ਦੇ ਭਾਅ ਵਧਾਉਣ ਨਾਲ ਮੌਜੂਦਾ ਦੁੱਧ ਉਤਪਾਦਕਾਂ ਨੂੰ ਲਾਭ ਹੋਵੇਗਾ।
ਇਸ ਤੋਂ ਇਲਾਵਾ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨ ਦੁੱਧ ਉਤਪਾਦਨ ਵੱਲ ਪ੍ਰੇਰਿਤ ਹੋ ਕੇ ਆਪਣੇ ਘਰਾਂ ਵਿੱਚ ਡੇਅਰੀ ਧੰਦਾ ਸ਼ੁਰੂ ਕਰਕੇ ਸਵੈ ਰੁਜ਼ਗਾਰ ਹਾਸਲ ਕਰਨਗੇ ਅਤੇ ਇਸ ਨਾਲ ਫਸਲੀ ਵਿਭਿੰਨਤਾ ਵੀ ਵਧੇਗੀ। ਉਨਾਂ ਸਮੂਹ ਦੁੱਧ ਉਤਪਾਦਕਾਂ ਨੂੰ ਅਪੀਲ ਕੀਤੀ ਕਿ ਉਹ ਵੇਰਕਾ ਦੀਆਂ ਪਿੰਡ ਪੱਧਰੀ ਦੁੱਧ ਸਹਿਕਾਰੀ ਸਭਾਵਾਂ ਨਾਲ ਜੁੜਨ ਅਤੇ ਸਹਿਕਾਰਤਾ ਲਹਿਰ ਨੂੰ ਮਜ਼ਬੂਤ ਕਰਨ ਵਿੱਚ ਸਹਾਈ ਹੋਣ।