332 ਰਜਿਸਟਰਡ ਫਰੰਟ ਲਾਈਨ ਹੈਲਥ ਕੇਅਰ ਵਰਕਰਾਂ ਨੂੰ ਲਗਾਈ ਗਈ ਵੈਕਸੀਨ ਦੀ ਪਹਿਲੀ ਡੋਜ਼
ਤਰਨ ਤਾਰਨ, 19 ਜਨਵਰੀ :
ਕੋਵਿਡ-19 ਵੈਕਸੀਨ ਲਗਾਉਣ ਨਾਲ ਸਰੀਰ ਵਿੱਚ ਬਿਮਾਰੀਆ ਖਾਸ ਕਰਕੇ ਕੋਵਿਡ-19 ਵਾਇਰਸ ਪ੍ਰਤੀ ਲੜਨ ਸਮਰੱਥਾ ਵੱਧ ਜਾਵੇਗੀ ਅਤੇ ਇਹ ਵੈਕਸੀਨ ਪੂਰੀ ਤਰ੍ਹਾ ਸੁਰੱਖਿਅਤ ਹੈ ਅਤੇ ਇਸ ਦਾ ਕੋਈ ਵੀ ਬੁਰਾ ਪ੍ਰਭਾਵ ਨਹੀਂ ਹੈ । ਇਹਨਾਂ ਸਬਦਾਂ ਦਾ ਪ੍ਰਗਟਾਵਾ ਕਰਦਿਆਂ ਸਿਵਲ ਸਰਜਨ ਡਾ. ਰੋਹਿਤ ਮਹਿਤਾ ਨੇ ਕਿਹਾ ਕਿ ਲੋਕਾਂ ਨੂੰ ਕੋਵਿਡ ਵੈਕਸੀਨੇਸ਼ਨ ਸਬੰਧੀ ਸਮਾਜ ਵਿੱਚ ਫੈਲਾਈਆਂ ਜਾ ਰਹੀਆਂ ਗਲਤ ਧਾਰਨਾਵਾਂ ਤੋਂ ਬਚਣ ਦੀ ਲੋੜ ਹੈ।
ਉਹਨਾ ਨੇ ਦੱਸਿਆ ਕਿ ਕੋਵਿਡ ਟੀਕਾਕਰਨ ਤੋਂ ਬਾਅਦ ਵੀ ਸਾਨੂੰ ਸਿਹਤ ਐਡਵਾਈਜ਼ਰੀ ਜਿਵੇਂ ਮਾਸਕ ਲਗਾਉਣਾ, ਸਮਾਜਿਕ ਦੂਰੀ ਰੱਖਣ ਦੇ ਨਿਯਮਾ ਦੀ ਪਾਲਣਾ ਕਰਨੀ ਯਕੀਨੀ ਬਣਾਉਣੀ ਪਵੇਗੀ। ਉਹਨਾ ਨੇ ਇਹ ਵੀ ਕਿਹਾ ਕਿ ਕੋਵਿਡ ਟੀਕਾਕਰਨ ਕਰਵਾਉਣ ਦਾ ਉਹਨਾ ਦਾ ਮਕਸਦ ਸਾਰੇ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਮਨ ਵਿੱਚ ਵੈਕਸੀਨ ਸਬੰਧੀ ਡਰ ਖਤਮ ਕਰਨਾ ਹੈ ਤਾਂ ਜੋ ਕਿ ਪ੍ਰਾਈਵੇਟ ਸਿਹਤ ਸੰਸਥਾਵਾ ਦਾ ਅਮਲਾ ਟੀਕਾਕਰਨ ਕਰਨ ਲਈ ਅੱਗੇ ਆਵੇ ।
ਸਿਵਲ ਸਰਜਨ ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ ਕੋਵਿਡ ਟੀਕਾਕਰਨ ਮੁਹਿੰਮ ਦਾ ਅੱਜ ਤੀਜਾ ਦਿਨ ਹੈ ਅਤੇ ਜਿਲ੍ਹੇ ਵਿੱਚ ਤਿੰਨ ਸਥਾਨਾਂ ਸੀ. ਐਚ. ਸੀ. ਸਰਹਾਲੀ, ਸੀ. ਐਚ. ਸੀ. ਸੁਰਸਿੰਘ ਅਤੇ ਗੁਰੂ ਨਾਨਕ ਦੇਵ ਸੁਪਰਸਪੈਸ਼ਲਿਟੀ ਹਸਪਤਾਲ ਤਰਨ ਤਾਰਨ ਵਿਖੇ ਕੋਵਿਡ ਟੀਕਾਕਰਨ ਹੋ ਰਿਹਾ ਹੈ ।

ਉਹਨਾਂ ਦੱਸਿਆ ਕਿ ਰਜਿਸਟਰਡ ਫਰੰਟ ਲਾਈਨ ਹੈਲਥ ਕੇਅਰ ਵਰਕਰਾਂ ਨੂੰ ਪਹਿਲੇ ਪੜਾਅ ਵਿੱਚ ਲਗਾਈ ਜਾ ਰਹੀ ਹੈ ।ਇਸ ਦੀ ਦੂਸਰੀ ਡੋਜ਼ 28 ਦਿਨਾਂ ਬਾਅਦ ਲਗਾਈ ਜਾਵੇਗੀ । ਇਸ ਵੈਕਸੀਨੇਸ਼ਨ ਲਈ 19 ਵੈਕਸੀਨੇਸ਼ਨ ਸੈਟਰ ਬਣਾਏ ਗਏ ਹਨ, ਜਿੰਨਾਂ ਵਿਚੋਂ ਹਰ ਹਫਤੇ ਵੱਖ-ਵੱਖ ਤਿੰਨ ਸੈਂਟਰਾਂ ਵਿੱਚ ਵੈਕਸੀਨੇਸ਼ਨ ਲਗਾਈ ਜਾਵੇਗੀ । ਇਹਨਾਂ ਸੈਟਰਾ ਵਿੱਚ ਪੈਰਾਮੈਡੀਕਲ ਸਟਾਫ਼ ਅਤੇ ਮੈਡੀਕਲ ਅਫਸਰਾਂ ਦੀ ਡਿਊਟੀ ਮਾਈਕਰੋਪਲਾਨ ਅਨੁਸਾਰ ਲਗਾਈ ਜਾ ਚੁੱਕੀ ਹੈ ।
ਜਿਕਰਯੋਗ ਨੈ ਕਿ 16 ਜਨਵਰੀ 2021 ਤੋਂ ਪੂਰੇ ਭਾਰਤ ਵਿੱਚ ਕੋਵਿਡ-19 ਸਬੰਧੀ ਵੈਕਸੀਨ ਲਗਾਉਣ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਜਿਲ੍ਹਾ ਤਰਨ ਤਾਰਨ ਵਿੱਚ ਇਸ ਦੀ ਰਸਮੀ ਸ਼ੁਰੂਆਤ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਵੱਲੋਂ ਆਪਣਾ ਟੀਕਾਕਰਨ ਕਰਵਾ ਕੇ ਕੀਤੀ ਗਈ ਹੈ।ਹੁਣ ਤੱਕ 332 ਰਜਿਸਟਰਡ ਫਰੰਟ ਲਾਈਨ ਹੈਲਥ ਕੇਅਰ ਵਰਕਰਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਲਗਾਈ ਹੈ।

हिंदी






