ਲੋਕ ਆਪਣੀਆਂ ਸ਼ਿਕਾਇਤਾਂ 104 ਹੈਲਪ ਲਾਈਨ ’ਤੇ ਕਰਵਾ ਸਕਦੇ ਹਨ ਦਰਜ਼
ਬਟਾਲਾ, 18 ਮਈ , 2021 – ਕੋਵਿਡ-19 ਮਹਾਂਮਾਰੀ ਦੌਰਾਨ ਮਰੀਜਾਂ ਦੀ ਮਜਬੂਰੀ ਦਾ ਫਾਇਦਾ ਚੁਕਦਿਆਂ ਜੇਕਰ ਕਿਸੇ ਨਿੱਜੀ ਹਸਪਤਾਲ ਨੇ ਮਰੀਜ਼ਾਂ ਦੀ ਆਰਥਿਕ ਲੁੱਟ ਕੀਤੀ ਤਾਂ ਸਰਕਾਰ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਕਿਹਾ ਕੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਸਰਕਾਰ ਦੁਆਰਾ ਤਹਿ ਰੇਟਾਂ ਤੋਂ ਵੱਧ ਪੈਸੇ ਵਸੂਲਣ ਦੀ ਕਈ ਸ਼ਿਕਾਇਤਾਂ ਆ ਰਹੀਆਂ ਹਨ ਅਤੇ ਅਜਿਹਾ ਕਰਨ ਵਾਲੇ ਕਿਸੇ ਵੀ ਹਸਪਤਾਲ ਨੂੰ ਬਖਸ਼ਿਆ ਨਹੀਂ ਜਾਵੇਗਾ ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਜੋ ਵੀ ਕੰਮ ਕੀਤਾ ਜਾਵੇ ਉਹ ਸਰਬੱਤ ਦੇ ਭਲੇ ਲਈ ਹੋਵੇ ਪਰ ਜੇਕਰ ਕੋਈ ਹਸਪਤਾਲ ਜਾਂ ਡਾਕਟਰ ਕਿਸੇ ਵੀ ਮਰੀਜ਼ ਦੀ ਲੁੱਟ-ਖਸੁੱਟ ਕਰਦੇ ਹਨ ਤਾਂ ਸਰਕਾਰ ਨੂੰ ਉਨਾਂ ਖਿਲਾਫ ਸਖਤ ਕਾਰਵਾਈ ਲਈ ਮਜਬੂਰ ਹੋਣਾ ਪਵੇਗਾ। ਮਹਾਂਮਾਰੀ ਐਕਟ ਦੇ ਅਧੀਨ ਸਰਕਾਰ ਦੇ ਕੋਲ ਇਹ ਅਧਿਕਾਰ ਹੈ ਕਿ ਅਜਿਹਾ ਕਰਨ ਵਾਲੇ ਹਸਪਤਾਲਾਂ ਨੂੰ ਸਰਕਾਰ ਬੰਦ ਕਰ ਸਕਦੀ ਹੈ ਜਾਂ ਫਿਰ ਆਪਣੇ ਅਧੀਨ ਲੈ ਕੇ ਚਲਾ ਸਕਦੀ ਹੈ।
ਚੇਅਰਮੈਨ ਚੀਮਾ ਨੇ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਮਰੀਜ਼ ਦੀ ਮਜਬੂਰੀ ਦਾ ਫਾਇਦਾ ਨਾ ਚੁੱਕਿਆ ਜਾਵੇ। ਉਨਾਂ ਕਿਹਾ ਕਿ ਇਸ ਔਖੀ ਘੜੀ ਦੌਰਾਨ ਸਾਡੇ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ (ਜਿਸ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਾਰੇ ਸ਼ਾਮਿਲ ਹਨ) ਨੇ ਲੋਕਾਂ ਦੀ ਸੇਵਾ ਦੀ ਇੱਕ ਵਧੀਆ ਉਦਾਹਰਣ ਪੇਸ਼ ਕੀਤੀ ਹੈ ਅਤੇ ਜੀਅ-ਜਾਨ ਨਾਲ ਲੋਕਾਂ ਦੀ ਸੇਵਾ ਕਰ ਰਹੇ ਹਨ, ਪਰ ਕੁਝ ਕਾਲੀਆਂ ਭੇਡਾਂ ਹਨ ਜੋ ਇਹਨਾਂ ਹਾਲਾਤਾਂ ਦਾ ਗ਼ਲਤ ਫਾਇਦਾ ਚੁੱਕ ਕੇ ਲੋਕਾਂ ਨੂੰ ਠੱਗ ਰਹੀਆਂ ਹਨ ਜਿਸ ਨਾਲ ਕਿ ਪੂਰੇ ਪੇਸ਼ੇ ਦਾ ਅਕਸ ਖਰਾਬ ਹੋ ਸਕਦਾ ਹੈ। ਉਨਾਂ ਅਜਿਹੇ ਗੈਰ ਕਾਨੂੰਨੀ ਅਨਸਰਾਂ ਨੂੰ ਸਖਤ ਸ਼ਬਦਾਂ ਵਿੱਚ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਉਹ ਤੁਰੰਤ ਪ੍ਰਭਾਵ ਨਾਲ ਗ਼ਲਤ ਕਾਰਵਾਈਆਂ ਨੂੰ ਬੰਦ ਕਰਨ ਅਤੇ ਨਹੀਂ ਤਾਂ ਉਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਚੇਅਰਮੈਨ ਚੀਮਾ ਨੇ ਕਿਹਾ ਕਿ ਜੇਕਰ ਕਿਸੇ ਵੀ ਮਰੀਜ਼ ਨੂੰ ਨਿੱਜੀ ਹਸਪਤਾਲਾਂ ਜਾਂ ਸਰਕਾਰੀ ਸਿਹਤ ਸੇਵਾਵਾਂ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਉਹ 104 ਹੈਲਪ ਲਾਈਨ ਉੱਪਰ ਦਰਜ ਕਰਵਾ ਸਕਦੇ ਹਨ।

हिंदी






