ਹੁਣ 18 ਸਾਲ ਤੋਂ ਉੱਪਰ ਦਾ ਹਰੇਕ ਵਿਅਕਤੀ ਕਿਸੇ ਵੀ ਵੈਕਸੀਨ ਸੈਂਟਰ ਤੋਂ ਲਗਵਾ ਸਕਦਾ ਹੈ ਵੈਕਸੀਨ
ਵਿਦੇਸ਼ ਵਿੱਚ ਪੜ੍ਹਾਈ, ਕੰਮਕਾਜ, ਉਲਪਿੰਕ ਖੇਡਾਂ ਵਿੱਚ ਭਾਗ ਲੈਣ ਲਈ ਜਾ ਰਹੇ ਵਿਅਕਤੀਆਂ ਨੂੰ 28 ਦਿਨ ਦੇ ਅੰਦਰ-ਅੰਦਰ ਲਗਾਈ ਜਾਵੇਗੀ ਵੈਕਸੀਨ ਦੀ ਦੂਜੀ ਡੋਜ਼-ਸਿਵਲ ਸਰਜਨ
ਤਰਨ ਤਾਰਨ, 22 ਜੂਨ 2021
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਕੋਵਿਡ ਟੀਕਾਕਰਨ ਬਹੁਤ ਜ਼ਰੂਰੀ ਹੈ।ਉਨ੍ਹਾਂ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਹੁਣ 18 ਸਾਲ ਤੋਂ ਉੱਪਰ ਦਾ ਹਰੇਕ ਵਿਅਕਤੀ ਕਿਸੇ ਵੀ ਵੈਕਸੀਨ ਸੈਂਟਰ ਵਿੱਚ ਜਾ ਕੇ ਵੈਕਸੀਨ ਮੁਫ਼ਤ ਲਗਵਾ ਸਕਦਾ ਹੈ ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਖ਼ਾਸ ਕਰਕੇ ਦੋਧੀਆਂ, ਰੇਹੜੀ ਵਾਲੇ, ਢਾਬਾ ਮਾਲਕ, ਮਕੈਨਿਕ ਅਤੇ ਸਾਰੇ ਯੋਗ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਟੀਕਾਕਰਨ ਲਈ ਅੱਗੇ ਆਉਣ ਅਤੇ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਜ਼ਰੂਰੀ ਬਣਾਉਣ ।
ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਨੇ ਸਮੂਹ ਵਿਭਾਗਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦਾ ਟੀਕਾਕਰਨ ਮੁਹਿੰਮ ਵਿੱਚ ਵੱਧ ਚੜ੍ਹ ਕੇ ਸਹਿਯੋਗ ਦੇਣ ਅਤੇ ਇਸਦੇ ਨਾਲ ਹੀ ਪਿੰਡਾਂ ਦੇ ਨੇੜਲੇ ਧਾਰਮਿਕ ਸੰਸਥਾਵਾਂ ਵਿੱਚ ਕੈਂਪ ਲਗਾਏ ਜਾਣ । ਉਨ੍ਹਾਂ ਵੱਲੋਂ ਹੋਰ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ ਕੋਵਾਸ਼ੀਲਡ ਅਤੇ ਕੋਵੈਕਸੀਨ ਦੀ ਕੋਈ ਕਮੀ ਨਹੀਂ । ਜਿੰਨ੍ਹਾਂ ਲਾਭਪਾਤਰੀਆਂ ਕੋਵੈਕਸੀਨ ਦੀ ਦੂਜੀ ਡੋਜ਼ ਲੱਗਣੀ ਹੈ, ਉਹ ਜਲਦੀ ਤੋਂ ਜਲਦੀ ਨੇੜਲੇ ਸੈਂਟਰ ਤੇ ਜਾ ਕੇ ਵੈਕਸੀਨ ਲਗਵਾਉਣ ।
ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਜੋ ਲੋਕ ਵਿਦੇਸ਼ ਵਿੱਚ ਪੜ੍ਹਾਈ, ਕੰਮਕਾਜ, ਉਲਪਿੰਕ ਖੇਡਾਂ ਵਿੱਚ ਭਾਗ ਲੈਣ ਲਈ ਜਾ ਰਹੇ ਹਨ , ਜਿਨ੍ਹਾਂ ਨੂੰ ਪਹਿਲੀ ਡੋਜ਼ ਲੱਗ ਚੁੱਕੀ ਹੈ, ਉਨ੍ਹਾਂ ਨੂੰ ਦੂਜੀ ਡੋਜ਼ 28 ਦਿਨ ਦੇ ਅੰਦਰ-ਅੰਦਰ ਲਗਾਈ ਜਾਵੇਗੀ । ਦੂਜੀ ਡੋਜ਼ ਲਗਾਉਣ ਲਈ ਲਾਭਪਾਤਰੀ ਦੁਆਰਾ ਆਪਣਾ ਪਾਸਪੋਰਟ, ਆੱਫਰ ਲੇਟਰ, ਵੀਜ਼ੇ ਦੀ ਕਾਪੀ ਆਦਿ ਨਾਲ ਲੈ ਕੇ ਆਉਣ । ਇਹ ਸਹੂਲਤ ਕੇਵਲ ਪ੍ਰਦੇਸ ਜਾਣ ਵਾਲੇ ਵਿਆਕਤੀਆਂ ਨੂੰ ਹੈ ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਰਿੰਦਰਪਾਲ ਕੌਰ ਨੇ ਦੱਸਿਆ ਕਿ ਵੈਕਸੀਨ ਲਗਵਾਉਣ ਤੋਂ ਬਾਅਦ ਵੀ ਤਿੰਨ ਗੱਲਾਂ ਯਾਦ ਰੱਖੋ ਸਮੇਂ ਸਮੇਂ ਤੇ ਸਾਬਣ ਨਾਲ ਹੱਥ ਧੋਵੋ, ਦੋ ਗਜ਼ ਦੀ ਦੂਰੀ ਬਣਾ ਕੇ ਰੱਖੋ ਅਤੇ ਮਾਸਕ ਪਾਓ ।

हिंदी






