ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਵਿਖੇ ਹਾੜ੍ਹੀ ਦੀਆਂ ਫ਼ਸਲਾਂ ਤੇ ਆਲੂਆਂ ਦੇ ਪਿੱਛੇਤੇ ਝੁਲਸ ਰੋਗ ਸੰਬੰਧੀ ਕਿਸਾਨ-ਵਿਗਿਆਨਕ ਗੱਲਬਾਤ ਦਾ ਸਫਲ ਆਯੋਜਨ 

Sorry, this news is not available in your requested language. Please see here.

ਰੂਪਨਗਰ, 18 ਜਨਵਰੀ
ਅੱਜ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਵਿਖੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਪੌਦਾ ਰੋਗ ਵਿਭਾਗ ਦੇ ਸਹਿਯੋਗ ਨਾਲ “ਹਾੜ੍ਹੀ ਦੀਆਂ ਫ਼ਸਲਾਂ ਦੀਆਂ ਬਿਮਾਰੀਆਂ ਦੇ ਸੁਚੱਜੇ ਪ੍ਰਬੰਧਨ ਸੰਬੰਧੀ “ਕਿਸਾਨ – ਵਿਗਿਆਨਕ ਗੱਲਬਾਤ” ਦਾ ਸਫਲ ਆਯੋਜਨ ਕੀਤਾ ਗਿਆ।
ਇਹ ਪ੍ਰੋਗਰਾਮ ਡਿਪਟੀ ਡਾਇਰੈਕਟਰ (ਟ੍ਰੇਨਿੰਗ), ਕੇ.ਵੀ.ਕੇ, ਰੋਪੜ ਡਾ. ਸਤਬੀਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿੱਚ ਜ਼ਿਲ੍ਹਾ ਰੋਪੜ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਭਾਗ ਲਿਆ।
ਇਸ ਮੌਕੇ ਡਾ. ਸਤਬੀਰ ਸਿੰਘ ਨੇ ਦੱਸਿਆ ਕਿ ਇਸ ਸਾਲ ਰੋਪੜ ਜ਼ਿਲ੍ਹੇ ਦੇ ਆਲੂ ਉਤਪਾਦਕ ਕਿਸਾਨਾਂ ਨੂੰ ਪਛੇਤੀ ਝੁਲਸ ਰੋਗ ਕਾਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੋਪੜ ਦੇ ਸ੍ਰੀ ਅਨੰਦਪੁਰ ਸਾਹਿਬ ਬਲਾਕ ਵਿੱਚ ਕਣਕ ਵਿੱਚ ਪੀਲੀ ਕੁੰਗੀ ਦੀ ਬਿਮਾਰੀ ਦੀ ਆਮਦ ਸਬਤੋਂ ਪਹਿਲਾ ਦੇਖੀ ਜਾਂਦੀ ਹੈ ਤੇ ਇਸ ਨੂੰ ਸ਼ੁਰੂਆਤੀ ਕੇਂਦਰ ਮੰਨਿਆ ਜਾਂਦਾ ਹੈ ਅਤੇ ਇਸ ਬਿਮਾਰੀ ਦੇ ਫੈਲਾਵ ਨੂੰ ਰੋਕਣ ਲਈ ਨਿਯਮਤ ਸਰਵੇਖਣ ਅਤੇ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ।
ਡਾ.ਅਮਰਜੀਤ ਸਿੰਘ, ਪ੍ਰਮੁੱਖ ਪਸਾਰ ਵਿਗਿਆਨੀ (ਪੌਦਾ ਰੋਗ ਵਿਭਾਗ) ਨੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਬਿਮਾਰੀਆਂ ਦੇ ਪ੍ਰਬੰਧਨ ਦੇ ਵੱਖ-ਵੱਖ ਪਹਿਲੂਆਂ ਬਾਰੇ ਭਾਗੀਦਾਰਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਕਣਕ ਵਿੱਚ ਪੀਲੀ ਕੁੰਗੀ ‘ਤੇ ਵਿਸ਼ੇਸ਼ ਜ਼ੋਰ ਦਿੰਦੇ ਹੋਏ ਵੱਖ-ਵੱਖ ਬਿਮਾਰੀਆਂ ਦੇ ਲੱਛਣਾਂ ਅਤੇ ਪਛਾਣ ਬਾਰੇ ਦੱਸਿਆ, ਜਿਨ੍ਹਾਂ ਨੂੰ ਸਰਵੇਖਣ ਦੌਰਾਨ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਤਾਂ ਜੋ ਫਸਲਾਂ ਦੇ ਵੱਡੇ ਨੁਕਸਾਨ ਨੂੰ ਰੋਕਣ ਲਈ ਉਨ੍ਹਾਂ ਦੇ ਸਮੇਂ ਸਿਰ ਪ੍ਰਬੰਧਨ ਉਪਾਏ ਕੀਤੇ ਜਾ ਸਕਣ।
ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆ ਹੋਏ ਦੱਸਿਆ ਕਿ ਆਲੂਆਂ ਦੇ ਪਿੱਛੇਤੇ ਝੁਲਸ ਰੋਗ ਵਰੇ ਗੱਲਬਾਤ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਸੰਕਰਮਿਤ ਆਲੂ ਦੇ ਬੀਜ਼ਾ ਦੀ ਛਾਂਟੀ ਕਰਨ ਲਈ ਜ਼ੋਰ ਦਿੱਤਾ ਅਤੇ ਰੋਗ ਰਹਿਤ ਆਲੂਆਂ ਦੇ ਬੀਜ਼ ਦੀ ਵਰਤੋਂ ਕਰਨੇ ਦੀ ਸਲਾਹ ਦਿੱਤੀ।
ਉਨ੍ਹਾਂ ਨੇ ਕਿਸਾਨਾਂ ਨੂੰ ਆਲੂਆਂ ਦੇ ਪਿੱਛੇਤੇ ਝੁਲਸ ਦੇ ਪ੍ਰਬੰਧਨ ਲਈ ਵੈੱਬ-ਅਧਾਰਤ ਫੈਸਲਾ ਸਹਾਇਤਾ ਪ੍ਰਣਾਲੀ ਮਾਡਲ ਦੀ ਵਰਤੋਂ ਬਾਰੇ ਵੀ ਵਿਸਤਾਰ ਤੇ ਚਰਚਾ ਕੀਤੀ।
ਵਿਭਾਗ ਦੇ ਇੱਕ ਹੋਰ ਮਾਹਿਰ ਡਾ: ਪਰਮਿੰਦਰ ਸਿੰਘ (ਪੌਦਾ ਰੋਗ ਵਿਗਿਆਨੀ) ਨੇ ਕਣਕ ਦੀਆਂ ਬਿਮਾਰੀਆਂ ਬਾਰੇ ਚਰਚਾ ਕਰਦੇ ਹੋਏ ਦਸਿਆ ਕਿ ਕਿਵੇਂ ਪੀਲੀ ਕੁੰਗੀ ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਵਿੱਚ ਜੀਵਨ ਚੱਕਰ ਪੂਰਾ ਕਰ ਪੰਜਾਬ ਦੇ ਨੀਮ ਪਹਾੜੀ ਖੇਤਰ ਵਿੱਚ ਹਮਲਾ ਕਰਨਾ ਸ਼ੁਰੂ ਕਰਦੀ ਹੈ ਅਤੇ ਬਾਕੀ ਪੰਜਾਬ ਵਿੱਚ ਬਿਮਾਰੀ ਫੈਲਣ ਦਾ ਮੁੱਖ ਕੇਂਦਰ ਬਣਦੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਕਣਕ ਵਿੱਚ ਪੈਦਾ ਹੋ ਰਹੀ ਸਮੱਸਿਆ ਜਿਵੇਂ ਕਿ ਚਿੱਟਾ ਰੋਗ ਅਤੇ ਫੁਸੇਰੀਅਮ ਹੈੱਡ ਬਲਾਈਟ ਬਾਰੇ ਵੀ ਜਾਗਰੂਕ ਕੀਤਾ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਖੇਤਾਂ ਦਾ ਨਿਯਮਤ ਸਰਵੇਖਣ ਕਰਨ ਤਾਂ ਜੋ ਪੀਲੀ ਕੁੰਗੀ ਅਤੇ ਇਸ ਦੇ ਹੋਰ ਫੈਲਣ ਨੂੰ ਰੋਕਿਆ ਜਾ ਸਕੇ। ਗੱਲਬਾਤ  ਦੌਰਾਨ ਵੱਖ-ਵੱਖ ਕਿਸਾਨਾਂ ਨੇ ਖੇਤ ਵਿੱਚ ਆਪਣੇ ਤਜ਼ਰਬੇ ਅਨੁਸਾਰ ਆਪਣੇ ਵਿਚਾਰ ਸਾਂਝਾ ਕੀਤੇ।
ਅੰਤ ਵਿੱਚ ਡਾ: ਸੰਜੀਵ ਆਹੂਜਾ, ਐਸੋਸੀਏਟ ਪ੍ਰੋਫੈਸਰ (ਬਾਗਬਾਨੀ) ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ।