ਕੰਟੈਕਟ ਟ੍ਰੇਸਿੰਗ ਤੇ ਕੋਵਿਡ ਰੋਕੂ ਟੀਕਾਕਰਨ ਨਾਲ ਤੋੜਿਆ ਜਾ ਰਿਹੈ ਕਰੋਨਾ ਵਾਇਰਸ ਦਾ ਲੱਕ : ਡਾ. ਗੀਤਾਂਜਲੀ ਸਿੰਘ

Sorry, this news is not available in your requested language. Please see here.

 

– ‘ਟੀਕਾ ਉਤਸਵ’ ਤਹਿਤ 9 ਪਿੰਡਾਂ ਵਿਚ ਲਗਾਏ ਗਏ ਵਿਸ਼ੇਸ਼ ਟੀਕਾਕਰਨ ਕੈਂਪ
ਨਵਾਂਸ਼ਹਿਰ, 17 ਅਪ੍ਰੈਲ 2021 : ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ. ਗੁਰਦੀਪ ਸਿੰਘ ਕਪੂਰ ਜੀ ਦੇ ਦਿਸ਼ਾ ਨਿਰਦੇਸਾਂ ਮੁਤਾਬਕ ਸਿਹਤ ਵਿਭਾਗ ਨੇ ਕੋਰੋਨਾ ਵਰਗੇ ਮਾਰੂ ਵਾਇਰਸ ਨੂੰ ਹਰਾ ਕੇ “ਮਿਸ਼ਨ ਫਤਿਹ” ਦੀ ਪ੍ਰਾਪਤੀ ਲਈ ਕੋਵਿਡ ਰੋਕੂ ਤੀਬਰ ਟੀਕਾਕਰਨ ਮੁਹਿੰਮ ਵਿੱਢੀ ਹੋਈ ਹੈ। ਇਸੇ ਕੜੀ ਤਹਿਤ ਪ੍ਰਾਈਮਰੀ ਸਿਹਤ ਕੇਂਦਰ ਮੁਜ਼ੱਫਰਪੁਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਟੀਮਾਂ ਨੇ ਵੱਖ-ਵੱਖ ਪਿੰਡਾਂ ਵਿਚ ਲਗਾਏ ਵਿਸ਼ੇਸ਼ ਟੀਕਾਕਰਨ ਕੈਂਪਾਂ ਦਾ ਦੌਰਾ ਕੀਤਾ।
ਡਾ ਗੀਤਾਂਜਲੀ ਸਿੰਘ ਨੇ ਦੱਸਿਆ ਕਿ ਅੱਜ ਕੋਵਿਡ ਰੋਕੂ ਤੀਬਰ ਟੀਕਾਕਰਨ ਮੁਹਿੰਮ ਤਹਿਤ ਸਿਹਤ ਬਲਾਕ ਦੇ 9 ਪਿੰਡਾਂ ਨੂੰ ਕਵਰ ਕੀਤਾ ਗਿਆ। ਪਿੰਡ ਸੋਇਤਾ, ਬਹਿਲੂਰ ਕਲਾਂ, ਕਰੀਮਪੁਰ, ਭਘੋਰਾ, ਮੁਬਾਰਕਪੁਰ, ਮਹਿੰਦੀਪੁਰ, ਛੋਕਰਾਂ, ਮਝੂਰ ਅਤੇ ਅਟਾਲਾ ਵਿਚ ਅੱਜ 45 ਸਾਲ ਤੋਂ ਵੱਧ ਉਮਰ ਦੇ ਕੁੱਲ 659 ਯੋਗ ਵਿਅਕਤੀਆਂ ਨੂੰ ਟੀਕੇ ਲਗਾਏ ਗਏ। ਪਿੰਡ ਮਝੂਰਾ ਵਿਖੇ 60, ਓਟਾਲਾ ਵਿਖੇ 60, ਮਹਿੰਦੀਪੁਰ ਵਿਖੇ 80, ਮੁਬਾਰਕਪੁਰ ਵਿਖੇ 80, ਬਹਿਲੂਰ ਕਲਾਂ ਵਿਖੇ 70, ਸੋਇਤਾ ਵਿਖੇ 50, ਛੋਕਰਾਂ ਵਿਖੇ 50, ਭਘੋਰਾ ਵਿਖੇ 30, ਕਰੀਮਪੁਰ ਵਿਖੇ 100 ਯੋਗ ਲਾਭਪਾਤਰੀਆਂ ਨੂੰ ਮੁਫਤ ਟੀਕਾਕਰਨ ਦੀ ਸਰਕਾਰੀ ਸਹੂਲਤ ਦਾ ਲਾਭ ਦਿੱਤਾ ਗਿਆ।
ਡਾ. ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਦਿਨ-ਰਾਤ ਇਕ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੰਟੈਕਟ ਟ੍ਰੇਸਿੰਗ ਅਤੇ ਕੋਵਿਡ ਰੋਕੂ ਟੀਕਾਕਰਨ ਨਾਲ ਕੋਰੋਨਾ ਵਾਇਰਸ ਦਾ ਲੱਕ ਤੋੜਿਆ ਜਾ ਰਿਹਾ ਹੈ। ਕੋਰੋਨਾ ਮਹਾਂਮਾਰੀ ਤੋਂ ਬਚਾਅ ਵਾਸਤੇ ਕੋਵਿਡ ਟੀਕਾਕਰਨ ਬਹੁਤ ਜ਼ਰੂਰੀ ਹੈ। ਕੋਰੋਨਾ ਮੌਤਾਂ ਰੋਕਣ ਲਈ ਕੋਵਿਡ ਰੋਕੂ ਟੀਕਾ ਵਰਦਾਨ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਟੀਕਾਕਰਨ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 45 ਸਾਲ ਤੋਂ ਉਪਰਲੇ ਸਾਰੇ ਵਿਅਕਤੀ ਕੋਵਿਡ ਦਾ ਟੀਕਾ ਜ਼ਰੂਰ ਲਗਵਾਉਣ ਅਤੇ ਆਪਣੇ ਪਰਿਵਾਰਕ ਜੀਆਂ, ਰਿਸ਼ਤੇਦਾਰ, ਗੁਆਂਢੀਆਂ ਅਤੇ ਹੋਰ ਸਾਰੇ ਲਾਭਪਾਤਰੀਆਂ ਨੂੰ ਇਸ ਵਾਸਤੇ ਹੱਲਾਸ਼ੇਰੀ ਦੇਣ।
ਉਨ੍ਹਾਂ ਅੱਗੇ ਕਿਹਾ ਕਿ ਕੰਟੈਕਟ ਟ੍ਰੇਸਿੰਗ ਨਾਲ ਕੋਰੋਨਾ ਦੇ ਵਧ ਰਹੇ ਮਾਮਲਿਆਂ ਉੱਤੇ ਲੱਗਾਮ ਲੱਗੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਜਿੰਨੀ ਛੇਤੀ ਕੋਵਿਡ ਪਾਜਟਿਵ ਵਿਅਕਤੀਆਂ ਦੇ ਸੰਪਰਕਾਂ ਨੂੰ ਅਲੱਗ ਕਰਾਂਗੇ, ਓਨੀ ਛੇਤੀ ਹੀ ਕੋਰੋਨਾ ਦੇ ਵਧ ਰਹੇ ਕੇਸਾਂ ਨੂੰ ਰੋਕਣ ਵਿਚ ਸਫਲ ਹੋਵਾਂਗੇ।
ਸੀਨੀਅਰ ਮੈਡੀਕਲ ਅਫਸਰ ਨੇ ਕੋਵਿਡ ਰੋਕੂ ਟੀਕਾਕਰਨ ਸਬੰਧੀ ਫੈਲ ਰਹੀਆਂ ਅਫਵਾਹਾਂ ਨੂੰ ਮੁੱਢੋ ਰੱਦ ਕਰਦਿਆਂ ਦੱਸਿਆ ਕਿ ਟੀਕਾ ਲਗਵਾਉਣ ਨਾਲ ਸਰੀਰ ‘ਤੇ ਕੋਈ ਮਾੜਾ ਅਸਰ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਸੁਰੱਖਿਅਤ ਰੱਖਣ ਵਾਸਤੇ ਪੂਰੀ ਤਨਦੇਹੀ ਨਾਲ ਲੱਗਾ ਹੋਇਆ ਹੈ ਅਤੇ ਲੋਕਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਇਸ ਬੀਮਾਰੀ ਦੇ ਮਾੜੇ-ਮੋਟੇ ਵੀ ਲੱਛਣ ਦਿਸਣ ‘ਤੇ ਤੁਰੰਤ ਟੈਸਟ ਕਰਵਾਉਣ ਅਤੇ ਨਾਲ ਹੀ ਕੋਵਿਡ ਟੀਕਾਕਰਨ ਵੀ ਜ਼ਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਟੀਕੇ ਲਾਉਣ ਦਾ ਕੰਮ ਸਿਖਲਾਈ ਪ੍ਰਾਪਤ ਸਟਾਫ਼ ਦੁਆਰਾ ਮਾਹਰ ਡਾਕਟਰਾਂ ਦੀ ਸਿੱਧੀ ਨਿਗਰਾਨੀ ਹੇਠ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਰੂਰੀ ਕੰਮ ਪੈਣ ‘ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ ਅਤੇ ਬਾਹਰ ਨਿਕਲਣ ਸਮੇਂ ਮਾਸਕ, ਰੁਮਾਲ, ਕਪੜੇ, ਚੁੰਨੀ, ਪਰਨੇ ਆਦਿ ਨਾਲ ਮੂੰਹ ਢੱਕ ਕੇ ਰਖਿਆ ਜਾਵੇ ਅਤੇ ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਰਖਿਆ ਜਾਵੇ। ਸਾਬਣ ਆਦਿ ਨਾਲ ਵਾਰ-ਵਾਰ ਹੱਥ ਧੋਣੇ ਵੀ ਬਹੁਤ ਜ਼ਰੂਰੀ ਹਨ।