ਖ਼ੂਨਦਾਨ ਦੂਸਰੇ ਦੀ ਜ਼ਿੰਦਗੀ ਬਚਾਉਣ ਲਈ ਇੱਕ ਮਹਾਨ ਕਾਰਜ – ਸਿਵਲ ਸਰਜਨ

Sorry, this news is not available in your requested language. Please see here.

ਰਿਆਤ ਕਾਲਜ ਆਫ ਲਾਅ ਵਿਖੇ ਲਗਾਏ ਖੂਨਦਾਨ ਕੈਂਪ ‘ਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਰੂਪਨਗਰ, 18 ਫ਼ਰਵਰੀ 2025
ਰਿਆਤ ਕਾਲਜ ਆਫ ਲਾਅ ਰੈਲਮਾਜਰਾ ਵੱਲੋਂ ਆਪਣੇ ਕੈਂਪਸ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕਰਵਾਇਆ ਗਿਆ ਜਿਸ ਵਿੱਚ ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ ਵੱਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਗਈ।
ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ ਵੱਲੋਂ ਇਸ ਮੌਕੇ ਖੂਨਦਾਨੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਕੀਤੇ ਜਾ ਰਹੇ ਖੂਨਦਾਨ ਲਈ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਖ਼ੂਨਦਾਨ ਇੱਕ ਮਹਾਨ ਪਵਿੱਤਰ ਕਾਰਜ ਹੈ ਜੋ ਇਕ ਵਿਅਕਤੀ ਤੋਂ ਦੂਸਰੇ ਦੀ ਜ਼ਿੰਦਗੀ ਬਚਾਉਣ ਲਈ ਕੀਤਾ ਜਾਂਦਾ ਹੈ। ਇਹ ਸਿਰਫ਼ ਇੱਕ ਦਾਤ ਨਹੀਂ, ਬਲਕਿ ਮਾਨਵਤਾ ਦੀ ਸੇਵਾ ਵੀ ਹੈ। ਉਨ੍ਹਾਂ ਦੱਸਿਆ ਕਿ ਦੁਨੀਆ ਭਰ ਵਿੱਚ ਹਰ ਮਿੰਟ, ਲੱਖਾਂ ਲੋਕਾਂ ਨੂੰ ਰਕਤ ਦੀ ਲੋੜ ਪੈਂਦੀ ਹੈ – ਚਾਹੇ ਉਹ ਐਮਰਜੈਂਸੀ ਹਾਲਤ ਹੋਵੇ, ਹਾਦਸਾ ਹੋਵੇ ਜਾਂ ਕੋਝੀ ਬੀਮਾਰੀਆਂ ਵਾਲੇ ਮਰੀਜ਼। ਪਰ ਅਫ਼ਸੋਸ ਬਹੁਤ ਸਾਰੇ ਲੋਕ ਲਹੂ ਦੀ ਕਮੀ ਕਾਰਨ ਆਪਣੀ ਜ਼ਿੰਦਗੀ ਗਵਾ ਜਾਂਦੇ ਹਨ।
ਸਮਾਜ ਦੀਆਂ ਗ਼ਲਤ ਧਾਰਨਾਵਾਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਈ ਧਾਰਨਾਵਾਂ ਜਿਵੇਂ ਕਿ ਖੂਨਦਾਨ ਕਰਕੇ ਕਮਜੋਰੀ ਆ ਜਾਂਦੀ ਹੈ, ਜਦਕਿ ਸੱਚ ਇਹ ਹੈ ਕਿ ਖੂਨਦਾਨ ਕਰਨ ਨਾਲ ਕਿਸੇ ਵੀ ਵਿਅਕਤੀ ਨੂੰ ਕਮਜੋਰੀ ਮਹਿਸੂਸ ਨਹੀਂ ਹੁੰਦੀ। ਉਨ੍ਹਾਂ ਦੱਸਿਆ ਕਿ ਸਰੀਰ 24 ਘੰਟਿਆਂ ਦੇ ਅੰਦਰ ਹੀ ਨਵਾਂ ਲਹੂ ਬਣਾਉਣਾ ਸ਼ੁਰੂ ਕਰ ਦਿੰਦਾ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾਂਦਾ ਹੈ ਕਿ ਖੂਨਦਾਨ ਸਿਰਫ਼ ਪੁਰਸ਼ ਹੀ ਕਰ ਸਕਦੇ ਹਨ, ਇਹ ਵੀ ਗਲਤ ਹੈ। ਮਹਿਲਾਵਾਂ ਵੀ, ਜੇਕਰ ਉਹ ਤੰਦਰੁਸਤ ਹਨ, ਬਿਨਾਂ ਕਿਸੇ ਸਮੱਸਿਆ ਦੇ ਖੂਨਦਾਨ ਕਰ ਸਕਦੀਆਂ ਹਨ।
ਇਸ ਖੂਨਦਾਨ ਕੈਂਪ ਦੌਰਾਨ ਬਲੱਡ ਸੈਂਟਰ ਸਿਵਲ ਹਸਪਤਾਲ ਰੂਪਨਗਰ ਦੀ ਟੀਮ ਵੱਲੋਂ ਡਾ.ਭਵਲੀਨ ਬਲੱਡ ਟਰਾਂਸਫਿਊਜ਼ਨ ਅਫਸਰ ਦੀ ਅਗਵਾਈ ਹੇਠ 49 ਬਲੱਡ ਯੂਨਿਟ ਇਕੱਤਰ ਕੀਤੇ ਗਏ। ਇਸ ਕੈਂਪ ਦੌਰਾਨ ਰੋਟਰੀ ਕਲੱਬ (ਸੈਂਟਰਲ) ਰੂਪਨਗਰ ਵੱਲੋਂ ਵਿਸ਼ੇਸ਼ ਤੌਰ ਤੇ ਸਹਿਯੋਗ ਕੀਤਾ ਗਿਆ।
ਇਸ ਮੌਕੇ ਰਜਿਸਟਰਾਰ ਐੱਲ.ਟੀ.ਐੱਸ.ਯੂ. ਡਾ.ਰਾਜੀਵ ਕੁਮਾਰ, ਵਾਈਸ ਪ੍ਰਿੰਸੀਪਲ ਸ. ਮਹਿੰਦਰ ਸਿੰਘ, ਪ੍ਰੋ ਚਾਂਸਲਰ ਐੱਲ.ਟੀ.ਐੱਸ.ਯੂ. ਡਾ. ਪਰਵਿੰਦਰ ਕੌੜਾ, ਐੱਲ.ਟੀ.ਐੱਸ.ਯੂ. ਕੋਆਰਡੀਨੇਟਰ ਮੈਡਮ ਰਤਨ ਕੌਰ, ਪ੍ਰੋਗਰਾਮ ਅਫਸਰ ਐੱਨ.ਐੱਸ.ਐੱਸ ਡਾ.ਸੋਨੂੰ, ਪ੍ਰੈਜੀਡੈਂਟ ਰੋਟਰੀ ਕਲੱਬ ਸੈਂਟਰਲ ਰੂਪਨਗਰ ਕੁਲਤਾਰ ਸਿੰਘ ਅਤੇ ਅਮਨ ਕਾਬੜਵਾਲ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।