ਖੁ਼ਸ਼ਹਾਲ ਕਿਸਾਨ ਖੁਸ਼ਹਾਲ ਪੰਜਾਬ ਸਕੀਮ ਅਧੀਨ ਪਿੰਡ ਪੱਥਰ ਮਾਜਰਾ ਵਿਖੇ ਮਨਾਇਆ ਗਿਆ ਖੇਤ ਦਿਵਸ

Sorry, this news is not available in your requested language. Please see here.

ਰੂਪਨਗਰ 26 ਜੁਲਾਈ 2021
ਖੁ਼ਸ਼ਹਾਲ ਕਿਸਾਨ ਖੁਸ਼ਹਾਲ ਪੰਜਾਬ (ਕੇ 3 ਪੀ) ਸਕੀਮ ਅਧੀਨ ਡਾ. ਅਵਤਾਰ ਸਿੰਘ, ਮੁੱਖ ਖੇਤੀਬਾੜੀ ਅਫਸਰ, ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਵਿੱਚ ਖੇਤ ਦਿਵਸ ਦੀ ਲੜੀ ਅਧੀਨ ਜਿ਼ਲ੍ਹਾ ਰੂਪਨਗਰ ਦੇ ਪਿੰਡ ਪੱਥਰ ਮਾਜਰਾ ਵਿਖੇ ਖੇਤ ਦਿਵਸ ਮਨਾਇਆ ਗਿਆ। ਜਿਸ ਵਿੱਚ ਪਿੰਡ ਪੱਥਰ ਮਾਜਰਾ, ਪਥਰੇੜੀ ਜੱਟਾਂ, ਬਹਿਰਾਮਪੁਰ ਜਿੰਮੀਦਾਰਾ ਅਤੇ ਸਲੋਰਾ ਆਦਿ ਦੇ ਕਿਸਾਨਾਂ ਨੇ ਭਾਗ ਲਿਆ। ਇਸ ਮੌਕੇ ਤੇ ਡਾ. ਗੁਰਕ੍ਰਿਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ ਅਤੇ ਡਾ. ਅਮਰੀਕ ਸਿੰਘ ਖੇਤੀਬਾੜੀ ਸੂਚਨਾ ਅਫਸਰ ਰੂਪਨਗਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੇ ਨੁਕਤੇ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਸਾਂਝੇ ਕੀਤੇ ਗਏ।ਕਿਸਾਨਾਂ ਨੂੰ ਵੱਖ ਵੱਖ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਦਾ ਦੌਰਾ ਕਰਵਾਇਆ ਗਿਆ। ਇਸ ਮੌਕੇ ਤੇ ਅਗਾਂਵਧੂ ਕਿਸਾਨ ਨੈਬ ਸਿੰਘ ਨੇ ਦੱਸਿਆ ਕਿ ਉਸ ਨੇ ਪਿਛਲੇ ਸਾਲ 40 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਅਤੇ ਇਸ ਦੇ ਨਤੀਜਿਆਂ ਤੋਂ ਉਤਸ਼ਾਹਿਤ ਹੋ ਕੇ ਇਸ ਸਾਲ 45 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ ਅਤੇ ਆਪਣੇ ਖੇਤਾਂ ਦੇ ਨਾਲ ਨਾਲ ਪਿੰਡ ਦੇ ਦੂਜੇ ਕਿਸਾਨਾਂ ਦੇ ਖੇਤਾਂ ਵਿੱਚ ਵੀ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ। ਇਸ ਪਿੰਡ ਦੇ ਕਿਸਾਨ ਗੁਰਮੀਤ ਸਿੰਘ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਮਸ਼ੀਨ ਦੀ ਥਾਂ ਛੱਟੇ ਨਾਲ ਕੀਤੀ ਗਈ ਸੀ ਜੋ ਕਿ ਬਹੁਤ ਵਧੀਆ ਚੱਲ ਰਹੀ ਹੈ ਅਤੇ ਨਦੀਨਾਂ ਦੀ ਕੋਈ ਸਮੱਸਿਆ ਨਹੀਂ ਆਈ ਹੈ। ਪਿਛਲੇ ਸਮੇਂ ਦੌਰਾਨ ਪਾਣੀ ਦੀ ਕਮੀ ਹੋਣ ਸਮੇਂ ਕੱਦੂ ਵਾਲੇ ਝੋਨੇ ਦੀ ਥਾਂ ਸਿੱਧੀ ਬਿਜਾਈ ਵਾਲਾ ਝੋਨਾ ਵਧੀਆ ਖੜ੍ਹਾ ਹੈ ਕਿਉਂਕਿ ਇਸ ਨੂੰ ਲਗਾਤਾਰ ਪਾਣੀ ਨਹੀਂ ਦੇਣਾ ਪੈਂਦਾ। ਇਸ ਦੌਰਾਨ ਖੇਤੀ ਮਾਹਿਰਾਂ ਵੱਲੋਂ ਪਿੰਡ ਦਾ ਸਾਰਾ ਰਕਬਾ ਜੋ ਕਿ ਝੋਨੇ ਦੀ ਸਿੱਧੀ ਬਿਜਾਈ ਵਾਲਾ ਹੈ, ਦਾ ਮੁਆਇਨਾ ਕੀਤਾ ਗਿਆ ਤੇ ਕਿਸਾਨਾਂ ਨੂੰ ਲੋੜੀਂਦੇ ਤੱਤਾਂ ਦੀ ਘਾਟ ਬਾਰੇ ਦੱਸਿਆ ਅਤੇ ਇਸ ਨੁੰ ਦੂਰ ਕਰਨ ਲਈ ਵੱਖ-ਵੱਖ ਖਾਦਾਂ ਜਿਵੇਂ ਕਿ ਜਿੰਕ ਸਲਫੇਟ ਅਤੇ ਯੂਰੀਆ ਆਦਿ ਪਾਉਣ ਦੀ ਸਲਾਹ ਦਿੱਤੀ। ਇਸ ਦੇ ਨਾਲ ਨਾਲ ਨਦੀਨਾਂ ਦੀ ਸਮੱਸਿਆ ਨੂੰ ਦੂਰ ਕਰਨ ਦੇ ਨੁਕਤੇ ਵੀ ਸਾਂਝੇ ਕੀਤੇ ਗਏ। ਨਦੀਨਾਂ ਦੀ ਸਮੱਸਿਆ ਸਬੰਧੀ ਨਦੀਨਾਂ ਦੀਆਂ ਕਿਸਮਾਂ ਅਨੁਸਾਰ ਵੱਖ ਵੱਖ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਸਮੇਂ ਸਿਰ ਕਰਕੇ ਨਦੀਨਾਂ ਨੂੰ ਕਾਬੂ ਕਰਨ ਬਾਰੇ ਮਾਹਰਾਂ ਵੱਲੋਂ ਦੱਸਿਆ ਗਿਆ। ਇਸ ਮੌਕੇ ਤੇ ਕਿਸਾਨ ਨਰਿੰਦਰ ਸਿੰਘ (ਸਰਪੰਚ), ਗੁਰਮੀਤ ਸਿੰਘ, ਹਰਚੰਦ ਸਿੰਘ, ਅਰਸ਼ਪ੍ਰੀਤ ਸਿੰਘ, ਹਰਦੀਪ ਸਿੰਘ ਹਰਮੀਤ ਸਿੰਘ ਪਿੰਡ ਪੱਥਰ ਮਾਜਰਾ ਤੇ ਜਸਵੀਰ ਸਿੰਘ ਅਤੇ ਹਰਮੀਤ ਸਿੰਘ ਪਿੰਡ ਬਹਿਰਾਮਪੁਰ ਜਿੰਮੀਦਾਰਾ, ਹਰਿੰਦਰ ਸਿੰਘ ਪਥਰੇੜੀ ਜੱਟਾਂ ਆਦਿ ਮੌਜੂਦ ਸਨ।