ਖੁੰਬਾਂ ਦੀ ਕਾਸ਼ਤ ਬਾਰੇ ਪਿੰਡ ਖਿਜਰਾਬਾਦ ਵਿਖੇ ਕਰਵਾਇਆ ਗਿਆ ਕਿੱਤਾ ਮੁਖੀ ਸਿਖਲਾਈ ਕੋਰਸ
ਐਸ.ਏ.ਐਸ ਨਗਰ 27 ਸਤੰਬਰ:
ਕ੍ਰਿਸ਼ੀ ਵਿਗਿਆਨ ਕੇਂਦਰ, ਐਸ.ਏ.ਐਸ ਨਗਰ ਵੱਲੋਂ ਖੁੰਬਾਂ ਦੀ ਕਾਸ਼ਤ ਉੱਤੇ ਡਿਪਟੀ ਡਾਇਰੈਕਟਰ ਡਾ. ਬਲਬੀਰ ਸਿੰਘ ਖੱਦਾ ਦੀ ਅਗਵਾਈ ਹੇਠ ਸਵਰਾਜ ਇੰਜਨ ਲਿਮਿਟਿਡ ਦੇ ਪ੍ਰੇਰਨਾ ਪ੍ਰੋਜੈਕਟ ਤਹਿਤ ਪਿੰਡ ਖਿਜਰਾਬਾਦ ਵਿਖੇ ਕਿੱਤਾ ਮੁਖੀ ਸਿਖਲਾਈ ਕੋਰਸ ਲਗਾਇਆ ਗਿਆ, ਜਿਸ ਦੇ ਇੰਚਰਾਜ ਡਾ. ਹਰਮੀਤ ਕੌਰ ਅਤੇ ਡਾ. ਪਾਰੁਲ ਗੁਪਤਾ ਸਨ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਡਾ. ਹਰਮੀਤ ਕੌਰ ਨੇ ਖੁੰਬਾਂ ਦੇ ਸਿਹਤ ਸੰਬੰਧੀ ਫਾਇਦਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਾਕਾਹਾਰੀ ਲੋਕਾਂ ਲਈ ਇਹ ਪੋਸ਼ਣ ਦਾ ਖਜ਼ਾਨਾ ਹਨ। ਉਹਨਾਂ ਵੱਖ-ਵੱਖ ਤਰ੍ਹਾਂ ਦੀਆਂ ਖੁੰਬਾਂ ਜਿਵੇਂ ਕਿ ਢੀਂਗਰੀ, ਸਿਟਾਕੀ, ਪਰਾਲੀ ਖੁੰਬ ਆਦਿ ਦੀ ਕਾਸ਼ਤ ਸੰਬੰਧੀ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ। ਡਾ. ਪਾਰੁਲ ਗੁਪਤਾ ਨੇ ਖੁੰਬਾਂ ਦੇ ਮੁੱਲ ਵਰਧਕ ਉਤਪਾਦ: ਆਚਾਰ, ਖੁੰਬ ਪਾਊਡਰ, ਬਿਸਕੁਟ, ਸੁੱਕੀਆਂ ਖੁੰਬਾਂ, ਵੇਫਰ ਆਦਿ ਬਣਾਉਣ ਦੇ ਤਰੀਕੇ ਦੱਸਦੇ ਹੋਏ ਇਹਨਾਂ ਤੋਂ ਵਧੇਰੇ ਮੁਨਾਫਾ ਕਮਾਉਣ ਸੰਬੰਧੀ ਜਾਣਕਾਰੀ ਦਿੱਤੀ। ਕ੍ਰਿਸ਼ੀ ਵਿਗਿਆਨ ਕੇਂਦਰ, ਰੂਪਨਗਰ ਤੋਂ ਡਾ. ਸੰਜੀਵ ਆਹੂਜਾ ਨੇ ਬਟਨ ਅਤੇ ਮਿਲਕੀ ਖੁੰਬ ਦੀ ਕਾਸ਼ਤ ਸੰਬੰਧੀ ਜ਼ਰੂਰੀ ਨੁਕਤੇ ਸਾਂਝੇ ਕੀਤੇ। ਉਹਨਾ ਬਟਨ ਖੁੰਬ ਲਈ ਵਰਤੇ ਜਾਣ ਵਾਲੇ ਕੰਪੋਸਟ ਬਣਾਉਣ ਦੇ ਤਰੀਕੇ ਉੱਤੇ ਚਾਨਣਾ ਪਾਇਆ। ਡਾ. ਸ਼ਸ਼ੀਪਾਲ ਨੇ ਖੁੰਬਾਂ ਦੀ ਕਾਸ਼ਤ ਉਪਰੰਤ ਬਚੀ ਹੋਈ ਰਹਿੰਦ ਖੂਹੰਦ ਦੀ ਗੰਡੋਆ ਖਾਦ ਲਈ ਵਰਤੋ ਸੰਬੰਧੀ ਵਿਚਾਰ ਸਾਂਝੇ ਕੀਤੇ। ਡਾ. ਮੁਨੀਸ਼ ਸ਼ਰਮਾ ਨੇ ਲਾਭਦਾਇਕ ਅਤੇ ਹਾਨੀਕਾਰਕ ਖੁੰਬਾਂ ਦੀ ਪਛਾਣ ਬਾਰੇ ਦੱਸਿਆ।
ਪ੍ਰੋਗਰਾਮ ਦੌਰਾਨ ਸਿਖਿਆਰਥੀਆਂ ਨੂੰ ਪਿੰਡ ਮਨੌਲੀ, ਫਤਿਹਗੜ੍ਹ ਸਾਹਿਬ ਵਿਖੇ ਖੁੰਬ ਫਾਰਮ ਤੇ ਲਿਜਾਇਆ ਗਿਆ ਜਿੱਥੇ ਖੁੰਬ ਪਾਲਕ, ਲਖਵਿੰਦਰ ਸਿੰਘ ਗਿੱਲ ਨੇ ਬਟਨ ਖੁੰਬ ਦੀ ਕਾਸ਼ਤ ਸੰਬੰਧੀ ਆਪਣੀ ਜਿੰਦਗੀ ਦੇ ਤਜ਼ਰਬੇ ਸਾਂਝੇ ਕੀਤੇ। ਇਸ ਤੋਂ ਇਲਾਵਾ ਖਰੜ ਵਿਖੇ ਕਾਰਡੀਸੇਪ ਖੁੰਬ ਲੈਬਾਰਟਰੀ ਵਿਖੇ ਸਿਖਿਆਰਥੀਆਂ ਦਾ ਦੌਰਾ ਕਰਵਾਇਆ, ਜਿੱਥੇ ਅਗਾਂਹਵਧੂ ਖੁੰਬ ਪਾਲਕ ਬਲਦੀਪ ਸਿੰਘ ਅਤੇ ਸੁਖਜੀਵਨ ਕੌਰ ਨੇ ਇਸ ਖੁੰਬ ਦੀ ਕਾਸ਼ਤ ਸੰਬੰਧੀ ਜਾਣਕਾਰੀ ਦਿੱਤੀ। ਅੰਤ ਵਿੱਚ ਡਾ. ਬਲਬੀਰ ਖੱਦਾ ਨੇ ਸਿਖਿਆਰਥੀਆਂ ਦਾ ਧੰਨਵਾਦ ਕਰਦੇ ਹੋਏ ਇਸ ਕਿੱਤੇ ਨੂੰ ਆਪਣਾ ਵਧੇਰੇ ਮੁਨਾਫਾ ਕਮਾਉਣ ਲਈ ਪ੍ਰੇਰਿਆ।

हिंदी






