ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਨੇ ਕੀਤਾ ਬਲਾਕ ਰਾਜਪੁਰਾ ਦਾ ਦੌਰਾ

Farmer patiala

Sorry, this news is not available in your requested language. Please see here.

-ਪਰਾਲੀ ਖੇਤਾਂ ‘ਚ ਹੀ ਵਾਹੁਣ ਵਾਲੇ ਕਿਸਾਨਾਂ ਨਾਲ ਕੀਤੀ ਮੁਲਾਕਾਤ
-ਵਾਤਾਵਰਣ ਦੀ ਸੰਭਾਲ ਤੇ ਸਰੀਰਕ ਬਿਮਾਰੀਆਂ ਤੋਂ ਬਚਣ ਲਈ ਕਿਸਾਨ ਪਰਾਲੀ ਨੂੰ ਖੇਤਾਂ ‘ਚ ਹੀ ਵਾਹੁਣ : ਡਾਇਰੈਕਟਰ
ਰਾਜਪੁਰਾ/ਪਟਿਆਲਾ, 31 ਅਕਤੂਬਰ:
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਰਾਜੇਸ਼ ਵਸ਼ਿਸ਼ਟ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਬਲਾਕ ਰਾਜਪੁਰਾ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਪਿੰਡ ਖੇੜੀ ਗੰਡਿਆਂ ਦੇ ਕਿਸਾਨ ਗੁਰਪ੍ਰੀਤ ਸਿੰਘ, ਰਾਮ ਸਿੰਘ ਅਤੇ ਹੋਰ ਕਿਸਾਨਾਂ ਵੱਲੋਂ ਬਿਨਾਂ ਅੱਗ ਲਗਾਏ ਹੈਪੀ ਸੀਡਰ ਅਤੇ ਸੁਪਰ ਸੀਡਰ ਨਾਲ ਕੀਤੀ ਗਈ ਕਣਕ ਦੀ ਬਿਜਾਈ ਦੀ ਸ਼ਲਾਘਾ ਕਰਦਿਆ ਉਨ੍ਹਾਂ ਕਿਹਾ ਕਿ ਹੈਪੀ ਸੀਡਰ ਨਾਲ ਹੋ ਰਹੀ ਬਿਜਾਈ ਤੋਂ ਪ੍ਰੇਰਿਤ ਹੋ ਕੇ ਹੋਰ ਕਿਸਾਨ ਵੀ ਇਸ ਤਰ੍ਹਾਂ ਬਿਜਾਈ ਕਰਨ ਤਾਂ ਜੋ ਵਾਤਾਵਰਣ ਦੀ ਸੰਭਾਲ ਹੋ ਸਕੇ ਅਤੇ ਸਰੀਰ ਨੂੰ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਸ ਮੌਕੇ ਕਿਸਾਨਾਂ ਨੇ ਵੀ ਆਪਣੇ ਤਜਰਬੇ ਸਾਂਝੇ ਕਰਦਿਆ ਦੱਸਿਆ ਕਿ ਹੈਪੀ ਸੀਡਰ ਅਤੇ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਨਾਲ ਖਰਚੇ ‘ਚ ਕਮੀ ਆਈ ਹੈ ਅਤੇ ਝੋਨੇ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਮਿਲਾਉਣ ਨਾਲ ਖਾਦ ਦੀ ਵਰਤੋਂ ਵੀ ਘਟੀ ਹੈ।
ਟੀਮ ਵੱਲੋਂ ਰਾਜਪੁਰਾ ਬਲਾਕ ਦੇ ਪਿੰਡ ਮਿਰਜ਼ਾਪੁਰ ਦਾ ਦੌਰਾ ਕਰਕੇ ਸਰਪੰਚ ਸ. ਹਰਵਿੰਦਰ ਸਿੰਘ ਵੱਲੋਂ ਝੋਨੇ ਦੀ ਪਰਾਲੀ ਤੋਂ ਬਣਾਏ ਜਾ ਰਹੇ ਕੈਪਸਿਉਲ ਬਾਰੇ ਜਾਣਕਾਰੀ ਲਈ ਗਈ ਜੋ ਕਿ ਵੱਖ-ਵੱਖ ਫੈਕਟਰੀਆਂ ਦੇ ਬੁਆਇਲਰਾਂ ਵਿੱਚ ਬਤੌਰ ਐਨਰਜੀ ਵਰਤੇ ਜਾਂਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਯੂਨਿਟ ਦੀ ਦੇਖ-ਰੇਖ ਕਰਦੇ ਸੁਖਮੀਤ ਸਿੰਘ ਨੇ ਦੱਸਿਆ ਕਿ ਇਸ ਯੂਨਿਟ ਵਿੱਚ ਲਗਭਗ 3000 ਏਕੜ ਦੀ ਝੋਨੇ ਦੀ ਪਰਾਲੀ ਨੂੰ ਬੇਲਰ ਅਤੇ ਰੇਕਰ ਦੀ ਮਦਦ ਨਾਲ ਇਕੱਠੀ ਕਰਕੇ ਅੱਗ ਲਗਾਉਣ ਤੋ ਬਚਾਇਆ ਜਾ ਰਿਹਾ ਹੈ।
ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵੱਲੋਂ ਖੇਤੀਬਾੜੀ ਲਈ ਮਸ਼ੀਨਰੀ ਬਣਾਉਂਦੀਆਂ ਯੂਨਿਟਾਂ ਦਾ ਦੌਰਾ ਵੀ ਕੀਤਾ, ਜਿਸ ਦੌਰਾਨ ਉਨ੍ਹਾਂ ਪੰਜਾਬ ਡਿਸਕ ਕਾਰਪੋਰੇਸ਼ਨ, ਰਾਜਪੁਰਾ ਦਾ ਦੌਰਾ ਕਰਕੇ ਇਸ ਯੂਨਿਟ ‘ਚ ਬਣਦੀ ਮਸ਼ੀਨਰੀ ਸਬੰਧੀ ਜਾਣਕਾਰੀ ਲਈ ਗਈ, ਯੂਨਿਟ ਦੇ ਮਾਲਕਾਂ ਨੇ ਦੱਸਿਆ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਸੁਪਰ ਸੀਡਰ ਦੀ ਡਿਮਾਂਡ ਜ਼ਿਆਦਾ ਹੈ ਅਤੇ ਤਕਰੀਬਨ 1500 ਸੁਪਰਸੀਡਰ ਕਿਸਾਨਾਂ ਨੂੰ ਸਪਲਾਈ ਕੀਤੇ ਜਾ ਚੁੱਕੇ ਹਨ।
ਟੀਮ ਵੱਲੋਂ ਪੰਜਾਬ ਸਾਈਲੇਜ ਪਲਾਂਟ (ਮੱਕੀ ਚਾਰਾ ਪਲਾਂਟ) ਦਮਨਹੇੜੀ ਦਾ ਦੌਰਾ ਕੀਤਾ ਗਿਆ। ਪਲਾਂਟ ਦੇ ਮਾਲਕ ਸ਼੍ਰੀ ਸਿਧਾਰਥ ਸ਼ਾਸਤਰੀ ਨੇ ਟੀਮ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿਸਾਨ ਜਦੋਂ ਮੱਕੀ ਦੇ ਚਾਰੇ ਵਿੱਚ ਵੇਚਦਾ ਹੈ ਤਾਂ ਉਸਨੂੰ ਲੇਬਰ ਦੀ ਬੱਚਤ ਹੁੰਦੀ ਹੈ ਅਤੇ ਫਸਲੀ ਵਿਭਿੰਨਤਾ ਅਪਨਾਉਣ ਲਈ ਇਸ ਦੀ ਕਟਾਈ ਪਕਾਵੀ ਮੱਕੀ ਨਾਲੋ ਪਹਿਲਾ ਹੋ ਜਾਂਦੀ ਹੈ, ਜਿਸ ਨਾਲ ਅਗਲੀ ਫਸਲ ਲਗਾਉਣ ਦਾ ਸਮਾਂ ਵੀ  ਮਿਲ ਜਾਂਦਾ ਹੈ ਅਤੇ ਪਾਣੀ ਦੀ ਬੱਚਤ ਹੁੰਦੀ ਹੈ। ਇਸ ਦੇ ਨਾਲ ਹੀ ਖੇਤੀਬਾੜੀ ਵਿਭਾਗ ਰਾਜਪੁਰਾ ਦੇ ਅਧਿਕਾਰੀਆਂ ਵੱਲੋ ਦੱਸਿਆ ਗਿਆ ਕਿ ਮੱਕੀ ਦਾ ਰਕਬਾ ਪਿਛਲੇ ਸਾਲ ਨਾਲੋਂ ਤੁਲਨਾਤਮਕ ਵੱਧ ਕੇ ਦੁਗਣਾ ਹੋ ਗਿਆ ਹੈ।
ਇਸ ਮੌਕੇ ਸੰਯੁਕਤ ਡਾਇਰੈਕਟਰ ਖੇਤੀਬਾੜੀ ਡਾ. ਗੁਰਵਿਦਰ ਸਿੰਘ ਨੇ ਕਿਸਾਨਾਂ ਅਤੇ ਯੂਨਿਟ ਮਾਲਕਾਂ ਦੇ ਕੀਤੇ ਜਾ ਰਹੇ ਕਿਸਾਨ ਪੱਖੀ ਉਦਮਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਦੇ ਕੰਮ ਦੀ ਸ਼ਲਾਘਾ ਕਰਦੇ ਹੋਏ ਆਦੇਸ਼ ਦਿੱਤੇ ਕਿ ਇਸ ਤਰ੍ਹਾਂ ਪਰਾਲੀ ਪ੍ਰਬੰਧਨ ਉਦਮਾਂ ਦੀ ਹੋਰ ਕਿਸਾਨਾਂ ਤੱਕ ਪਹੁੰਚ ਕੀਤੀ ਜਾਵੇ।
ਇਸ ਦੌਰੇ ਦੌਰਾਨ ਬਲਾਕ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ,  ਡਾ. ਅਮਨਪ੍ਰੀਤ ਸਿੰਘ, ਕਰੁਨਾ ਖੇਤੀਬਾੜੀ ਵਿਕਾਸ ਅਫਸਰ, ਸੁਖਚੈਨ ਸਿੰਘ ਜੇ.ਟੀ, ਜ਼ਸਵਿੰਦਰ ਸਿੰਘ ਏ.ਟੀ.ਐਮ, ਅਵਤਾਰ ਸਿੰਘ ਖੇਤੀਬਾੜੀ ਉਪ-ਨਿਰੀਖਕ ਸ਼ਾਮਲ ਸਨ।