ਗਣਤੰਤਰ ਦਿਵਸ ਸਮਾਗਮ ਮੌਕੇ ਹੋਣ ਵਾਲੇ ਸਭਿਆਚਾਰਕ ਸਮਾਗਮ ਦੀ ਰਿਹਰਸਲ ਡੀਸੀ ਡੀਏਵੀ ਸਕੂਲ ਦੇ ਵਿਹੜੇ ‘ਚ ਹੋਈ

Sorry, this news is not available in your requested language. Please see here.

 ਫਾਜਿ਼ਲਕਾ, 23 ਜਨਵਰੀ 2024

ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਕੌਮੀ ਜਜ਼ਬੇ ਅਤੇ ਉਤਸਾਹ ਨਾਲ ਫਾਜਿ਼ਲਕਾ ਦੇ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਮਨਾਇਆ ਜਾਣਾ ਹੈ। ਇਸ ਮੌਕੇ ਪੇਸ਼ ਹੋਣ ਵਾਲੇ ਸਭਿਆਚਾਰਕ ਪ੍ਰੋਗਰਾਮ ਦੀ ਰਿਹਰਸਲ ਡੀਸੀ ਡੀਏਵੀ ਸਕੂਲ ਦੇ ਵਿਹੜੇ ਵਿਚ ਹੋਈ। ਜਿਸ ਦਾ ਨਿਰੀਖਣ ਐੱਸ.ਡੀ.ਐੱਮ ਸ੍ਰੀ ਵਿਪਨ ਭੰਡਾਰੀ ਵੱਲੋਂ ਕੀਤਾ ਗਿਆ।

ਇਸ ਮੌਕੇ ਆਤਮ ਵੱਲਭ ਸਕੂਲ ਫਾਜ਼ਿਲਕਾ ਵੱਲੋਂ ਮੈਂ ਭਾਰਤ ਹੂੰ, ਐੱਸ.ਕੇ.ਬੀ ਡੀਏਵੀ ਸੀਨੀ. ਸੈਕੰਡਰੀ ਸਕੂਲ ਪੈਂਚਾਵਾਲੀ ਵੱਲੋਂ ਪੰਜਾਬੀ ਭਾਸ਼ਾ ਨੂੰ ਸਮਰਪਿਤ, ਹੋਲੀ ਹਾਰਟ ਸਕੂਲ ਵੱਲੋਂ ਸਰਫਰੋਸੀ ਕੀ ਤਮੰਨਾ, ਸਰਵਹਿੱਕਾਰੀ ਸਕੂਲ ਵੱਲੋਂ ਘਰ-ਘਰ ਤਿਰੰਗਾ, ਸਰਕਾਰੀ ਕੰਨਿਆ ਸੀਨੀ. ਸੈਕੰਡਰੀ ਸਕੂਲ ਵੱਲੋਂ ਗਿੱਧਾ ਅਤੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਬੱਚਿਆਂ ਵੱਲੋਂ ਸਾਂਝੇ ਤੌਰ ਤੇ ਪੰਜਾਬੀ ਲੋਕ ਨਾਚ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ।
ਐੱਸ.ਡੀ.ਐੱਮ ਸ੍ਰੀ ਵਿਪਨ ਭੰਡਾਰੀ ਨੇ ਕਿਹਾ ਕਿ ਇਹ ਸਮਾਗਮ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕੀਤਾ ਜਾਣਾ ਹੈ। ਇਸ ਵਿਚ ਸੱਭਿਆਚਾਰਕ ਪੇਸ਼ਕਾਰੀਆਂ ਦੇ ਨਾਲ ਨਾਲ ਪੰਜਾਬੀ ਵਿਰਸੇ ਨੂੰ ਦਰਸਾਉਂਦੀਆਂ ਝਾਕੀਆਂ ਦੀ ਪੇਸ਼ਕਾਰੀ ਖਿੱਚ ਦਾ ਕੇਂਦਰ ਹੋਵੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਗਣਤੰਤਰ ਦਿਵਸ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਸਾਡਾ ਰਾਸ਼ਟਰੀ ਤਿਉਹਾਰ ਹੈ, ਸੋ ਇਸ ਵਿੱਚ ਨਾ ਕੇਵਲ ਬੱਚੇ ਜਾਂ ਸਰਕਾਰੀ ਕਰਮਚਾਰੀ ਬਲਕਿ ਜ਼ਿਲ੍ਹਾ ਵਾਸੀ ਵੀ ਉਤਸ਼ਾਹ ਨਾਲ ਹਿੱਸਾ ਲੈਣ।

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਡਾ. ਸੁਖਬੀਰ ਸਿੰਘ ਬੱਲ, ਡੀਸੀ ਡੀਏਵੀ ਸਕੂਲ ਪ੍ਰਿੰਸੀਪਲ ਮੈਡਮ ਮਨੀ, ਪ੍ਰਿੰਸੀਪਲ ਸਰਰਿਤੀ ਕਟਾਰੀਆ, ਹੈੱਡਮਾਸਟਰ ਸਤਿੰਦਰ ਬੱਤਰਾ, ਹੈੱਡਮਾਸਟਰ ਮਨਜਿੰਦਰ ਸਿੰਘ, ਗੁਰਛਿੰਦਰਪਾਲ ਸਿੰਘ ਅਤੇ ਹੈੱਡਮਿਸਟ੍ਰੈਸ ਮੈਡਮ ਜੋਤੀ ਸਮੇਤ ਵੱਖ ਸਕੂਲਾਂ ਦੇ ਵਿਦਿਆਰਥੀ ਤੇ ਅਧਿਆਪਕ ਅਤੇ ਵਿਭਾਗੀ ਅਧਿਕਾਰੀ ਮੌਜੂਦ ਸਨ।