*ਮਿਸ਼ਨ ਫਤਿਹ ਤਹਿਤ ਜ਼ਿਲ੍ਹੇ ’ਚ 881 ਵਿਅਕਤੀ ਹੋ ਚੁੱਕੇ ਹਨ ਸਿਹਤਯਾਬ: ਸਿਵਲ ਸਰਜਨ
*ਲੋਕਾਂ ਨੂੰ ਸਮੇਂ ਸਿਰ ਟੈਸਟਿੰਗ ਕਰਾਉਣ ਅਤੇ ਸਿਹਤ ਵਿਭਾਗ ਦੇ ਸੰਪਰਕ ’ਚ ਰਹਿਣ ਦੀ ਅਪੀਲ
*ਫੇਸਬੁੱਕ ਲਾਈਵ ਦੌਰਾਨ ਜ਼ਿਲ੍ਹਾ ਵਾਸੀਆਂ ਦੇ ਰੂ-ਬ-ਰੂ ਹੋਏ ਵਧੀਕ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ
ਬਰਨਾਲਾ, 10 ਸਤੰਬਰ
ਜ਼ਿਲ੍ਹਾ ਵਾਸੀਆਂ ਵੱਲੋਂ ਕਰੋਨਾ ਵਾਇਰਸ ਵਿਰੁੱਧ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਦਿੱਤੇ ਜਾ ਰਹੇ ਸਹਿਯੋਗ ਬਦੌਲਤ ਜ਼ਿਲ੍ਹੇ ਵਿਚ ਕਰੋਨਾ ਵਾਇਰਸ ਦੀ ਸਥਿਤੀ ਕੰਟਰੋਲ ਹੇਠ ਆ ਰਹੀ ਹੈ, ਜੋ ਤਸੱਲੀ ਵਾਲੀ ਗੱਲ ਹੈ। ਜੇਕਰ ਜ਼ਿਲ੍ਹਾ ਵਾਸੀ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹੇ ਤਾਂ ਅਸੀਂ ਛੇਤੀ ਹੀ ਕਰੋਨਾ ਵਾਇਰਸ ਵਿਰੁੱਧ ਜੰਗ ਜਿੱਤ ਲਵਾਂਗੇ।
ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਆਦਿਤਯ ਡੇਚਲਵਾਲ ਵੱਲੋਂ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਕੀਤਾ ਗਿਆ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਸ਼ਹਿਰਾਂ ਵਿਚ ਦੁਕਾਨਾਂ ਦਾ ਸਮਾਂ ਵਧਾ ਕੇ 9 ਵਜੇ ਤੱਕ ਕਰ ਦਿੱਤਾ ਗਿਆ ਹੈ। ਸ਼ਨਿਚਰਵਾਰ ਨੂੰ ਕਰਫਿਊ ਹਟਾ ਦਿੱਤਾ ਗਿਆ ਹੈ, ਪਰ ਐਤਵਾਰ ਨੂੰ ਕਰਫਿਊ ਲਾਗੂ ਰਹੇਗਾ, ਪਰ ਇਹ ਸਿਰਫ ਸ਼ਹਿਰੀ ਖੇਤਰਾਂ ਵਿਚ ਹੀ ਲਾਗੂ ਰਹੇਗਾ।
ਕੋਵਿਡ ਮਰੀਜ਼ਾਂ ਨੂੰ ਘਰ ਵਿਚ ਇਕਾਂਤਵਾਸ ਕਰਨ ਬਾਰੇ ਉਨ੍ਹਾਂ ਦੱਸਿਆ ਕਿ ਜੇਕਰ ਮਰੀਜ਼ ਨੂੰ ਕੋਈ ਖਾਸ ਲੱਛਣ ਨਹੀਂ ਹਨ, ਉਨ੍ਹਾਂ ਨੂੰ ਕੋਈ ਹੋਰ ਬਿਮਾਰੀ ਨਹੀਂ ਹੈ ਤਾਂ ਉਹ ਸਵੈ-ਘੋਸ਼ਣਾ ਪੱਤਰ ਦੇ ਆਧਾਰ ’ਤੇ ਘਰ ਵਿਚ ਇਕਾਂਤਵਾਸ ਹੋ ਸਕਦੇ ਹਨ ਅਤੇ ਸਿਹਤ ਵਿਭਾਗ ਦੀ ਟੀਮ ਉਨ੍ਹਾਂ ਨਾਲ ਸੰਪਰਕ ਵਿਚ ਰਹਿੰਦੀ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਕਿਸੇ ਵੱਲੋਂ ਕੋਵਿਡ ਮਰੀਜ਼ਾਂ ਦੀ ਨਿੱਜੀ ਜਾਣਕਾਰੀ ਜਨਤਕ ਨਹੀਂ ਕੀਤੀ ਜਾ ਸਕੇਗੀ ਅਤੇ ਨਾ ਹੀ ਮਰੀਜ਼ਾਂ ਦੇ ਘਰਾਂ ਦੇ ਬਾਹਰ ਕੋਈ ਪੋਸਟਰ ਲਾਇਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਭੇਦਭਾਵ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਟੈਸਟਿੰਗ ਕਰਾਉਣ ਦੀ ਅਪੀਲ ਕੀਤੀ।
ਇਸ ਮੌਕੇ ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ 9 ਸਤੰਬਰ ਦੀ ਕਰੋਨਾ ਰਿਪੋਰਟ ਅਨੁਸਾਰ ਹੁਣ ਤੱਕ 23,202 ਵਿਅਕਤੀਆਂ ਦੀ ਸੈਂਪÇਲੰਗ ਹੋ ਚੁੱਕੀ ਹੈ। ਹੁਣ ਤੱਕ ਕੁੱਲ 1376 ਵਿਅਕਤੀ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿਚੋਂ 881 ਵਿਅਕਤੀ ਸਿਹਤਯਾਬ ਹੋ ਚੁੱਕੇ ਹਨ। ਜ਼ਿਲ੍ਹੇ ਵਿਚ ਹੁਣ ਤੱਕ 26 ਕਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ ਹੁਣ ਐਕਟਿਵ ਕੇਸ 469 ਹਨ।
ਉਨ੍ਹਾਂ ਦੱੱਸਿਆ ਕਿ ਜ਼ਿਲ੍ਹੇ ਵਿਚ ਹੋਈਆਂ 26 ਮੌਤਾਂ ਵਿਚੋਂ 90 ਫੀਸਦੀ ਮਰੀਜ਼ ਅਜਿਹੇ ਸਨ, ਜਿਹੜੇ ਕਿਸੇ ਹੋਰ ਬਿਮਾਰੀ ਨਾਲ ਜੂਝ ਰਹੇ ਸਨ ਅਤੇ ਬਹੁਤੇ 50 ਸਾਲ ਤੋਂ ਉਪਰ ਉਮਰ ਦੇ ਸਨ।
ਉਨ੍ਹਾਂ ਆਖਿਆ ਕਿ ਸਿਹਤ ਵਿਭਾਗ ਵੱਲੋਂ ਲਗਾਤਾਰ ਮਾਸਕ ਪਾਉਣ, ਵਾਰ ਵਾਰ ਹੱਥ ਧੋਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਇਨ੍ਹ੍ਹਾਂ ਇਹਤਿਆਤਾਂ ਨੂੰ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਦਾ ਹਿੱਸਾ ਬਣਾਇਆ ਜਾਵੇ। ਸਿਵਲ ਸਰਜਨ ਨੇ ਸ਼ਹਿਣਾ ਹਸਪਤਾਲ ਵਿਚ ਸਟਾਫ ਦੀ ਕਮੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਆਖਿਆ ਕਿ ਸ਼ਹਿਣਾ ਹਸਪਤਾਲ ਵਿਚ ਸਟਾਫ ਦੀ ਤਾਇਨਾਤੀ ਛੇਤੀ ਹੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੋਵਿਡ ਮਰੀਜ਼ਾਂ ਲਈ ਲੈਵਲ 2 ਫੈਸਿਲਟੀ ਅਧੀਨ 80 ਬੈਡ ਤਿਆਰ ਹਨ। ਇਨ੍ਹਾਂ ’ਚੋਂ 50 ਬਰਨਾਲੇ ਅਤੇ 30 ਬੈਡ ਮਹਿਲ ਕਲਾਂ ਤਿਆਰ ਹਨ। ਇਸ ਤੋਂ ਇਲਾਵਾ ਜੇਕਰ ਮਰੀਜ਼ਾਂ ਦੀ ਗਿਣਤੀ ਵਧਦੀ ਹੈ ਤਾਂ ਅਜਿਹੇ ਇੰਤਜ਼ਾਮ ਕੀਤੇ ਗਏ ਹਨ ਕਿ 100 ਤੋਂ ਵੱਧ ਬੈਡ 24 ਘੰਟੇ ਦੇ ਨੋਟਿਸ ’ਤੇ ਤਿਆਰ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੋਵਿਡ ਕੇਅਰ ਸੈਂਟਰ ਜਵਾਹਰ ਨਵੋਦਿਆ ਵਿਦਿਆਲਯ ਵਿਚ 250 ਬੈਡਜ਼ ਦੀ ਸਹੂਲਤ ਹੈ ਤੇ 100 ਬੈੱਡਜ਼ ਦੀ ਸਹੂਲਤ ਚਾਲੂ ਹੈ।
ਸਿਵਲ ਸਰਜਨ ਨੇ ਆਖਿਆ ਕਿ ਇਸ ਵੇਲੇ ਜ਼ਿਲ੍ਹੇ ਦੇ ਬਹੁਤੇ ਮਰੀਜ਼ ਹੋਮ ਆਈਸੋਲੇਸ਼ਨ ਵਿਚ ਹਨ। ਅਜਿਹੇ ਮਰੀਜ਼ ਆਪਣੇ ਕੋਲ ਪਲਸ ਔਕਸੀਮੀਟਰ ਜ਼ਰੂਰ ਰੱਖਣ, ਜਿਸ ਨਾਲ ਖੂਨ ਵਿਚ ਆਕਸੀਜਨ ਦੀ ਮਾਤਰਾ ਮਾਪੀ ਜਾ ਸਕਦੀ ਹੈ ਤੇ ਜੇਕਰ ਇਹ ਰੀਡਿੰਗ 92 ਤੋਂ ਘਟਦੀ ਹੈ ਤਾਂ ਤੁਰੰਤ ਸਿਹਤ ਵਿਭਾਗ ਨਾਲ ਸੰਪਰਕ ਕੀਤਾ ਜਾਵੇ।

हिंदी






