ਘਰੇਲੂ ਬਗੀਚੀ: ਨਾਲੇ ਹਰਿਆਲੀ, ਨਾਲੇ ਵਿੱਤੀ ਖੁਸ਼ਹਾਲੀ

barnala organic farming

Sorry, this news is not available in your requested language. Please see here.

*ਤਲਵੰਡੀ ਦੇ ਸੈਲਫ ਹੈਲਪ ਗਰੁੱਪ ਨੇ ਘਰੇਲੂ ਬਗੀਚੀਆਂ ਨੂੰ ਕੀਤਾ ਉਤਸ਼ਾਹਿਤ
*ਤਾਜ਼ੀਆਂ ਸਬਜ਼ੀਆਂ ਦੀ ਵਿਕਰੀ ਕਰ ਕੇ ਖੱਟ ਰਹੀਆਂ ਨੇ ਵਿੱਤੀ ਲਾਹਾ
ਸ਼ਹਿਣਾ/ਬਰਨਾਲਾ, 23 ਸਤੰਬਰ
ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਹੀ ਆਜੀਵਿਕਾ ਮਿਸ਼ਨ ਪਿੰਡਾਂ ਦੀਆਂ ਔਰਤਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਇਸ ਮਿਸ਼ਨ ਤਹਿਤ ਬਣਾਏ ਵੱਖ ਵੱਖ ਸੈਲਫ ਹੈਲਪ ਗਰੁੱਪਾਂ ਵੱਲੋਂ ਜਿੱਥੇ ਕੋਵਿਡ ਮਹਾਮਾਰੀ ਦੌਰਾਨ ਮਾਸਕ ਬਣਾਉਣ ਤੋਂ ਲੈ ਕੇ ਸਿਲਾਈ-ਕਢਾਈ ਆਦਿ ਰਾਹੀਂ ਆਪਣੇ ਰੋਜ਼ਗਾਰ ਚਲਾਇਆ ਜਾ ਰਿਹਾ ਹੈ, ਉਥੇ ਘਰੇਲੂ ਬਗੀਚੀ ਨੂੰ ਪ੍ਰਫੁੱਲਿਤ ਕਰ ਕੇ ‘ਸਹੀ ਪੋਸ਼ਣ, ਦੇਸ਼ ਰੌਸ਼ਨ’ ਦਾ ਹੋਕਾ ਦਿੱਤਾ ਜਾ ਰਿਹਾ ਹੈ।
ਜ਼ਿਲ੍ਹਾ ਬਰਨਾਲਾ ਵਿਚ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੀ ਅਗਵਾਈ ਅਤੇ ਵਧੀਕ ਡਿਪਟੀ ਕਮਿਸ਼ਨਰ ਬਰਨਾਲਾ (ਵਿਕਾਸ) ਸ੍ਰੀ ਅਰੁਣ ਜਿੰਦਲ ਦੀ ਦੇਖ-ਰੇਖ ਹੇਠ ਸਾਰੇ ਬਲਾਕਾਂ ਵਿਚ ਔਰਤਾਂ ਦੇ 347 ਸੈਲਫ ਹੈਲਪ ਗਰੁੱਪ ਬਣੇ ਹੋਏ ਹਨ। ਇਨ੍ਹਾਂ ਗਰੁੱਪਾਂ ਵਿਚੋਂ ਬਲਾਕ ਸਹਿਣਾ ਦੇ ਪਿੰਡ ਤਲਵੰਡੀ ਦੀਆਂ ਔਰਤਾਂ ਵੱੱਲੋਂ ਗੁਰੂ ਨਾਨਕ ਦੇਵ ਜੀ ਅਜੀਵਿਕਾ ਸੈਲਫ ਹੈਲਪ ਗਰੁੱਪ ਬਣਾਇਆ ਗਿਆ ਹੈ, ਜਿਸ ਵੱਲੋਂ ਘਰੇਲੂ ਬਗੀਚੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਬਲਵੀਰ ਕੌਰ ਦੀ ਅਗਵਾਈ ਵਿੱਚ ਚੱਲ ਰਹੇ ਇਸ ਗਰੁੱਪ ਦੀਆਂ 10 ਤੋਂ ਵੱੱਧ ਬੀਬੀਆਂ ਵੱਲੋਂ ਸਾਂਝੇ ਤੌਰ ’ਤੇ ਖੇਤਾਂ ਤੇ ਹੋਰ ਖਾਲੀ ਥਾਵਾਂ ’ਤੇ ਮੌਸਮੀ ਸਬਜ਼ੀਆਂ ਲਾਈਆਂ ਜਾ ਰਹੀਆਂ ਹਨ। ਇਹ ਤਾਜ਼ੀਆਂ ਸਬਜ਼ੀਆਂ ਜਿੱਥੇ ਆਪਣੀ ਰਸੋਈ ਵਿਚ ਵਰਤੀਆਂ ਜਾਂਦੀਆਂ ਹਨ, ਉਥੇ ਇਨ੍ਹਾਂ ਦੀ ਵਿਕਰੀ ਕਰ ਕੇ ਆਰਥਿਕ ਲਾਹਾ ਵੀ ਲਿਆ ਜਾ ਰਿਹਾ ਹੈ। ਇਨ੍ਹਾਂ ਉਦਮੀ ਔਰਤਾਂ ਵੱਲੋਂ ਤਲਵੰਡੀ ਮੁੱਖ ਰੋਡ ’ਤੇ ਇਨ੍ਹਾਂ ਸਬਜ਼ੀਆਂ ਦੀ ਵਿਕਰੀ ਕੀਤੀ ਜਾਂਦੀ ਹੈ।
ਇਸ ਸਬੰਧੀ ਕਲੱਸਟਰ ਕੋਆਰਡੀਨੇਟਰ ਪ੍ਰਿਆ ਗੁਪਤਾ ਨੇ ਦੱਸਿਆ ਕਿ ਤਲਵੰਡੀ ਦੇ ਹੋਰ ਗਰੁੱਪਾਂ ਸਮੇਤ ਕੁੱਲ 25 ਦੇ ਕਰੀਬ ਮੈਂਬਰਾਂ ਘਰੇਲੂ ਬਗੀਚੀ ਦੇ ਕਿੱਤੇ ਨਾਲ ਜੁੜੀਆਂ ਹੋਈਆਂ ਹਨ, ਜਿਸ ਨਾਲ ਉਨ੍ਹਾਂ ਦੀ ਆਮਦਨ ਵਿਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਤੰਬਰ ਮਹੀਨੇ ਨੂੰ ਪੋਸ਼ਣ ਮਾਹ ਵਜੋਂ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਸੈਲਫ ਹੈੈਲਪ ਗਰੁੱਪਾਂ ਨਾਲ ਜੁੜੀਆਂ ਔਰਤਾਂ ਵੱਲੋਂ ਮਹਿਲਾਵਾਂ ਤੇ ਬੱਚਿਆਂ ਨੂੰ ਸਹੀ ਖੁਰਾਕ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਮੌਕੇ ਜ਼ਿਲ੍ਹਾ ਫੰਕਸ਼ਨਲ ਮੈਨੇਜਰ ਅਮਨਦੀਪ ਸਿੰਘ ਨੇ ਦੱੱਸਿਆ ਕਿ ਪਿੰਡ ਭੋਤਨਾ ਦੇ ਸੈਲਫ ਹੈਲਪ ਗਰੁੱਪ ਵੱਲੋਂਂ ਖੇਤੀ ਵਿਰਾਸਤ ਮਿਸ਼ਨ ਨਾਲ ਜੁੜ ਕੇ ਜ਼ਿਲ੍ਹੇ ਵਿਚ ਜੈਵਿਕ ਘਰੇਲੂ ਬਗੀਚੀਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਅਮਰਜੀਤ ਕੌਰ ਦੀ ਅਗਵਾਈ ਵਿਚ ਚੱਲ ਰਹੇ ਇਸ ਗਰੁੱਪ ਵੱਲੋਂ ਆਪਣੇ ਵਲੰਟੀਅਰਾਂ ਰਾਹੀਂ ਜ਼ਿਲ੍ਹੇ ਵਿਚ ਲੋਕਾਂ ਨੂੰ ਪ੍ਰੇਰਿਤ ਕਰ ਕੇ ਕਰੀਬ 2000 ਜੈਵਿਕ ਘਰੇਲੂ ਬਗੀਚੀਆਂ ਬਣਵਾਈਆਂ ਗਈਆਂ ਹਨ।