ਚੇਅਰਮੈਨ ਰਮਨ ਬਹਿਲ ਨੇ ਸਰਕਾਰੀ ਸਕੂਲ ਜੌੜਾ ਛੱਤਰਾਂ ਵਿਖੇ 6 ਸਮਾਰਟ ਕਲਾਸ ਰੂਮਸ ਦਾ ਉਦਘਾਟਨ ਕੀਤਾ

Sorry, this news is not available in your requested language. Please see here.

ਚੇਅਰਮੈਨ ਰਮਨ ਬਹਿਲ ਨੇ ਸਰਕਾਰੀ ਸਕੂਲ ਜੌੜਾ ਛੱਤਰਾਂ ਵਿਖੇ 6 ਸਮਾਰਟ ਕਲਾਸ ਰੂਮਸ ਦਾ ਉਦਘਾਟਨ ਕੀਤਾ

—ਸਰਕਾਰੀ ਸਕੂਲ ਹੁਣ ਪੜ੍ਹਾਈ ਅਤੇ ਹੋਰ ਸਹੂਲਤਾਂ ਦੇ ਪੱਖ ਤੋਂ ਨਿੱਜੀ ਸਕੂਲਾਂ ਤੋਂ ਵੀ ਅੱਗੇ  ਚੇਅਰਮੈਨ ਰਮਨ ਬਹਿਲ

ਜੌੜਾ ਛੱਤਰਾਂ/ ਗੁਰਦਾਸਪੁਰ, 24 ਸਤੰਬਰ-

ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੈਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਅੱਜ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੌੜਾ ਛੱਤਰਾਂ ਵਿਖੇ ਨਵੇਂ ਬਣੇ ਛੇ ਕਲਾਸ ਰੂਮਸ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸਕੂਲ ਦੇ ਪ੍ਰਿੰਸੀਪਲ ਸ. ਕੁਲਦੀਪ ਸਿੰਘ ਬਾਜਵਾ, ਸ਼੍ਰੀ ਕੇਸ਼ਵ ਬਹਿਲ, ਸ਼੍ਰੀ ਅਜੇ ਬਹਿਲ, ਸ. ਨਿਸ਼ਾਨ ਸਿੰਘ ਜੌੜਾ ਛੱਤਰਾਂ, ਸ. ਬਲਜੀਤ ਸਿੰਘ ਪਿੰਡ ਬੋਪਾਰਾਏ, ਸਕੂਲ  ਦਾ ਸਟਾਫ਼, ਵਿਦਿਆਰਥੀਆਂ ਦੇ ਮਾਪੇ ਅਤੇ ਇਲਾਕੇ ਦੇ ਹੋਰ ਮੋਹਤਬਰ ਵਿਅਕਤੀ ਮੌਜੂਦ ਸਨ।

ਨਵੇਂ ਸਮਾਰਟ ਕਲਾਸ ਰੂਮਸ ਦਾ ਉਦਘਾਟਨ ਕਰਨ ਮੌਕੇ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਵੱਡੇ ਸੁਧਾਰ ਕੀਤੇ ਜਾ ਰਹੇ ਹਨ ਅਤੇ ਸਰਕਾਰੀ ਸਕੂਲ ਹੁਣ ਪੜ੍ਹਾਈ ਅਤੇ ਹੋਰ ਸਹੂਲਤਾਂ ਦੇ ਪੱਖ ਤੋਂ ਨਿੱਜੀ ਸਕੂਲਾਂ ਤੋਂ ਅੱਗੇ ਨਿਕਲ ਗਏ ਹਨ। ਉਨ੍ਹਾਂ ਕਿਹਾ ਕਿ ਸਾਰੇ ਸਰਕਾਰੀ ਸਕੂਲਾਂ ਵਿੱਚ ਉੱਚ ਤਾਲੀਮ ਜਾਫ਼ਤਾ ਅਧਿਆਪਕਾਂ ਵੱਲੋਂ ਪੂਰੀ ਮਿਹਤਨ ਨਾਲ ਵਿਦਿਆਰਥੀਆਂ ਨੂੰ ਪੜ੍ਹਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿਹਤ ਤੇ ਸਿੱਖਿਆ ਦੇ ਖੇਤਰ ਨੂੰ ਬੇਹਤਰ ਬਣਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਦੋਵਾਂ ਖੇਤਰਾਂ ਵਿੱਚ ਜੋ ਵੀ ਘਾਟਾਂ ਰਹਿ ਗਈਆਂ ਹਨ ਉਨ੍ਹਾਂ ਨੂੰ ਦੂਰ ਕੀਤਾ ਜਾਵੇਗਾ।

ਨਵੇਂ ਸਮਾਰਟ ਕਲਾਸ ਰੂਮਸ ਨੂੰ ਵਿਦਿਆਰਥੀਆਂ ਦੇ ਅਰਪਣ ਕਰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਇਨ੍ਹਾਂ ਨਵੇਂ ਕਮਰਿਆਂ ਨਾਲ ਵਿਦਿਆਰੀਆਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਉਹ ਆਧੁਨਿਕ ਤੇ ਮਲਟੀਮੀਡੀਆ ਤਕਨੀਕਾਂ ਨਾਲ ਸਿੱਖਿਆ ਗ੍ਰਹਿਣ ਕਰ ਸਕਣਗੇ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਮਨ ਲਗਾ ਕੇ ਪੜ੍ਹਾਈ ਕਰਨ ਤਾਂ ਜੋ ਉਨ੍ਹਾਂ ਦਾ ਭਵਿੱਖ ਰੌਸ਼ਨ ਹੋ ਸਕੇ। ਇਸ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਵਰਦੀਆਂ ਵੀ ਤਕਸੀਮ ਕੀਤੀਆਂ।

ਇਸ ਮੌਕੇ ਸਕੂਲ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੌੜਾ ਛੱਤਰਾਂ ਦੇ ਪ੍ਰਿੰਸੀਪਲ ਸ. ਕੁਲਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਇਹ ਛੇ ਸਮਾਰਟ ਕਲਾਸ ਰੂਮਸ 37.56 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਹਨ। ਇਸ ਤੋਂ ਇਲਾਵਾ ਸਕੂਲ ਦੇ ਪੁਰਾਣੇ ਕਲਾਸ ਰੂਮਸ ਦੀ ਮੁਰੰਮਤ ਕਰਨ ਦੇ ਨਾਲ ਵੱਖ-ਵੱਖ ਐਜੂਕੇਸ਼ਨ ਪਾਰਕਾਂ ਵੀ ਬਣਾਈਆਂ ਗਈਆਂ ਹਨ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।