ਪਟਿਆਲਾ, 10 ਮਈ:
ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਦੇ ਸਟਾਫ਼ ਵੱਲੋਂ ਅੱਜ ਯੂਨੀਵਰਸਿਟੀ ਦੇ ਪਲੈਨਿੰਗ ਬੋਰਡ ਦੇ ਮੈਂਬਰ ਸ੍ਰੀ ਕੇ ਰਵੀ ਕੈਂਥ ਦੀ ਹੋਈ ਮੌਤ ‘ਤੇ ਦੁੱਖ ਦਾ ਪ੍ਰਗਟਾਵਾਂ ਕੀਤਾ ਗਿਆ।
ਇਸ ਮੌਕੇ ਸ੍ਰੀ ਕੇ ਰਵੀ ਕੈਂਥ ਨੂੰ ਯਾਦ ਕਰਦਿਆ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਨਵੀਂ ਦਿੱਲੀ ਦੇ ਇਲੈਕਟ੍ਰੋਨਿਕ ਮੀਡੀਆ ਪ੍ਰੋਡਕਸ਼ਨ ਸੈਂਟਰ ਦੇ ਡਾਇਰੈਕਟਰ (ਸਾਬਕਾ) ਰਹੇ ਸ੍ਰੀ ਕੈਂਥ ਨੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਪਲੈਨਿੰਗ ਬੋਰਡ ਦੇ ਮੈਂਬਰ ਵਜੋਂ ਆਪਣੇ ਤਜਰਬੇ ‘ਤੇ ਆਧਾਰਿਤ ਡਿਸਟੈਂਸ ਐਜੂਕੇਸ਼ਨ ਦੇ ਖੇਤਰ ਲਈ ਜੋ ਸੁਝਾਅ ਦਿੱਤੇ, ਉਹ ਹਮੇਸ਼ਾ ਹੀ ਯੂਨੀਵਰਸਿਟੀ ਦੇ ਵਿਕਾਸ ‘ਚ ਅਹਿਮ ਭੂਮਿਕਾ ਨਿਭਾਉਣਗੇ।
ਉਨ੍ਹਾਂ ਕਿਹਾ ਕਿ 3 ਮਈ ਨੂੰ ਸ੍ਰੀ ਕੈਂਥ ਦੀ ਕੋਵਿਡ-19 ਮਹਾਂਮਾਰੀ ਕਾਰਨ ਹੋਈ ਮੌਤ ਦੁਖਦਾਈ ਹੈ ਯੂਨੀਵਰਸਿਟੀ ਦਾ ਸਮੁੱਚਾ ਸਟਾਫ਼ ਉਨ੍ਹਾਂ ਦੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ‘ਚ ਸ਼ਾਮਲ ਹੈ।
ਇਸ ਮੌਕੇ ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਡਾ. ਅਨੀਤਾ ਗਿੱਲ, ਰਜਿਸਟਰਾਰ ਡਾ. ਧਰਮ ਸਿੰਘ, ਕੰਟਰੋਲਰ ਡਾ. ਐਲ.ਐਸ. ਬੇਦੀ ਅਤੇ ਸ੍ਰੀ ਕੇ.ਸੀ. ਗੁਪਤਾ ਨੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਦਿੰਦਿਆ, ਸ੍ਰੀ ਕੈਂਥ ਦੀ ਆਤਮਾ ਦੀ ਸ਼ਾਂਤੀ ਦੀ ਅਰਦਾਸ ਕੀਤੀ।

हिंदी






