ਜਲ ਸ਼ਕਤੀ ਅਭਿਆਨ ਤਹਿਤ ਸੈਂਟਰਲ ਗ੍ਰਾਉਂਡ ਵਾਟਰ ਬੋਰਡ ਟੀਮ ਨੇ ਕੀਤਾ ਬਰਨਾਲਾ ਦਾ ਕੀਤਾ ਦੌਰਾ

Sorry, this news is not available in your requested language. Please see here.

— ਜ਼ਿਲ੍ਹਾ ਬਰਨਾਲਾ ‘ਚ ਕੀਤੇ ਜਾ ਰਹੇ ਕੰਮਾਂ ਦੀ ਕੀਤੀ ਸ਼ਲਾਘਾ

— ਬਡਬਰ ਜਲਗਾਹ, ਭੈਣੀ ਜੱਸਾ ਸਕੂਲ, ਸੀਵਰ ਟਰੀਟਮੈਂਟ ਪਲਾਂਟ ਦਾ ਕੀਤਾ ਦੌਰਾ

ਬਰਨਾਲਾ, 22 ਨਵੰਬਰ:

ਕੇਂਦਰ ਸਰਕਾਰ ਵੱਲੋਂ ਪਾਣੀ ਬਚਾਉਣ ਲਈ ਚਲਾਏ ਗਏ ਜਲ ਸ਼ਕਤੀ ਅਭਿਆਨ ਤਹਿਤ ਸੈਂਟਰਲ ਗ੍ਰਾਉਂਡ ਵਾਟਰ ਬੋਰਡ ਦੇ ਸੀਨੀਅਰ ਅਧਿਕਾਰੀ ਨੇ ਜ਼ਿਲ੍ਹਾ ਬਰਨਾਲਾ ਦਾ ਦੌਰਾ ਕੀਤਾ।

ਆਪਣੀ ਇਸ ਦੌਰੇ ‘ਚ ਡਾ. ਪ੍ਰੇਮ ਪ੍ਰਕਾਸ਼ ਡੁਕੀਆਂ, ਵਿਗਿਆਨੀ, ਸੈਂਟਰਲ ਗ੍ਰਾਉਂਡ ਵਾਟਰ ਬੋਰਡ, ਪੱਛਮੀ ਖੇਤਰ, ਜੈਪੁਰ ਅਤੇ ਸ਼੍ਰੀ ਕਪਿਲ ਮੀਨਾ, ਡਿਪਟੀ ਸਕੱਤਰ, ਸਹਿਕਾਰਤਾ ਮੰਤਰਾਲਾ, ਭਾਰਤ ਸਰਕਾਰ ਨੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਜਿੱਥੇ ਪਾਣੀ ਨੂੰ ਬਚਾਉਣ ਸਬੰਧੀ ਕੰਮ ਕੀਤਾ ਜਾ ਰਿਹਾ ਹੈ ।

ਟੀਮ ਵੱਲੋਂ ਬਰਨਾਲਾ ਵਿਖੇ ਸਥਿਤ ਸੀਵਰ ਟਰੀਟਮੈਂਟ ਪਲਾਂਟ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਭੈਣੀ ਜੱਸਾ ਵਿਖੇ ਸਥਿਤ ਧਰਤੀ ਹੇਠਲੇ ਪਾਣੀ ਨੂੰ ਰੀ ਚਾਰਜ ਕਰਨ ਲਈ ਬਣਾਏ ਟੋਏ, ਪਿੰਡ ਫਤੇਹਗੜ੍ਹ ਛੰਨਾ ਵਿਖੇ ਥਾਪਰ ਮਾਡਲ ਉੱਤੇ ਅਧਾਰਿਤ ਪਿੰਡ ਦੇ ਟੋਬੇ ਦਾ ਸੁੰਦਰੀਕਰਨ ਅਤੇ ਪਿੰਡ ਦੇ ਹੀ ਪੰਚਾਇਤ ਘਰ ਦਾ ਦੌਰਾ ਅਤੇ ਪਿੰਡ ਕਾਹਨੇਕੇ ਵਿਖੇ ਲਗਾਏ ਗਏ ਸਬਜ਼ੀਆਂ ਅਤੇ ਫਲਾਂ ਦੀ ਕਾਸ਼ਤ ਵਾਲੇ ਮਿੰਨੀ ਸਪ੍ਰਿੰਕਲਰ ਵੇਖੇ।

ਟੀਮ ਨਾਲ ਮੌਜੂਦ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸਤਵੰਤ ਸਿੰਘ ਨੇ ਦੱਸਿਆ ਕਿ ਬਰਨਾਲਾ ਸੀਵਰ ਟਰੀਟਮੈਂਟ ਪਲਾਂਟ ਵਿਖੇ ਸ਼ਹਿਰ ਦੇ ਸੀਵਰ ਦਾ ਪਾਣੀ ਸਾਫ ਕਰਕੇ ਅੱਗੇ ਖੇਤਾਂ ਵੱਲ ਛਡਿਆ ਜਾ ਰਿਹਾ ਹੈ। ਇਸੇ ਤਰ੍ਹਾਂ ਪਿਛਲੇ ਦੋ ਸਾਲਾਂ ਤੋਂ ਪਿੰਡ ਭੈਣੀ ਜੱਸਾ ਦੇ ਸਰਕਾਰੀ ਸਕੂਲ ਵਿਖੇ ਪਾਣੀ ਨੂੰ ਰੀ ਚਾਰਜ ਕਰਨ ਲਈ ਟੋਏ ਬਣਾਏ ਗਏ ਹਨ ਜਿਸ ਨਾਲ ਸਕੂਲ ‘ਚ ਪਾਣੀ ਬਚਾਉਣ ਉੱਤੇ ਚੰਗਾ ਕੰਮ ਕੀਤਾ ਜਾ ਰਿਹਾ ਹੈ । ਇਸੇ ਤਰ੍ਹਾਂ ਪਿੰਡ ਫਤੇਹਗੜ੍ਹ ਛੰਨਾ ਵਿਖੇ ਪਿੰਡ ਵਾਸੀਆਂ ਨੂੰ ਗੰਦੇ ਪਾਣੀ ਦੇ ਛੱਪੜ ਤੋਂ ਨਿਜਾਤ ਦਿਵਾਉਂਦਿਆਂ ਬਣਾਏ ਗਏ ਥਾਪਰ ਮਾਡਲ ਉੱਤੇ ਅਧਾਰਿਤ ਛੱਪੜ ਦਾ ਵੀ ਟੀਮ ਵੱਲੋਂ ਦੌਰਾ ਕੀਤਾ ਗਿਆ। ਉਨ੍ਹਾਂ ਪਿੰਡ ਵਿਖੇ ਬਣੇ ਪੰਚਾਇਤ ਘਰ ਦਾ ਵੀ ਦੌਰਾ ਕੀਤਾ। ਪਿੰਡ ਕਾਹਨੇਕੇ ਵਿਖੇ ਉਨ੍ਹਾਂ ਖੇਤਾਂ ਦਾ ਦੌਰਾ ਕੀਤਾ ਜਿੱਥੇ ਭੂਮੀ ਰੱਖਿਆ ਵਿਭਾਗ ਵੱਲੋਂ ਸਬਸਿਡੀ ਉੱਤੇ ਮਿੰਨੀ ਛਿੜਕਾਅ ਸਿਸਟਮ ਦਿੱਤਾ ਗਿਆ ਹੈ ਜਿਸ ਦੀ ਮਦਦ ਨਾਲ ਕਿਸਾਨ ਆਸਾਨੀ ਨਾਲ ਸਬਜ਼ੀਆਂ, ਆਲੂ, ਫਲ ਅਤੇ ਫੁੱਲ ਦੀ ਕਾਸ਼ਤ ਕਰ ਰਿਹਾ ਹੈ। ਕੇਂਦਰੀ ਟੀਮ ਨੇ ਪਿੰਡ ਬਡਬਰ ਵੱਖੇ ਬਣਾਏ ਜਾ ਰਹੇ ਮਨੁੱਖ ਨਿਰਮਿਤ ਜਲਗਾਹ ਦਾ ਵੀ ਦੌਰਾ ਕੀਤਾ।

ਟੀਮ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਬਰਨਾਲਾ ‘ਚ ਕਰਵਾਏ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਜੈਕਟ ਜਿੱਥੇ ਧਰਤੀ ਹੇਠਲਾ ਪਾਣੀ ਬਚਾਉਣ ‘ਚ ਸਹਾਈ ਸਿੱਧ ਹੋ ਰਹੇ ਹਨ ਅਤੇ ਨਾਲ ਹੀ ਸਾਫ ਪਾਣੀ ਵਾਪਸ ਧਰਤੀ ‘ਚ ਪਾਉਣ ਦਾ ਵੀ ਕੰਮ ਕਰ ਰਹੇ ਹਨ।

ਇਸ ਮੌਕੇ ਕਮਲ ਜਿੰਦਲ ਪੰਜਾਬ ਗੁੱਡ ਗਵਰਨੈਂਸ ਫੈਲੋ,  ਜਤਿੰਦਰ ਸਿੰਘ, ਐੱਸ. ਡੀ. ਈ  ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤੋਂ, ਭੁਪਿੰਦਰ ਸਿੰਘ ਐੱਸ. ਡੀ. ਓ, ਭੂਮੀ ਰੱਖਿਆ ਵਿਭਾਗ, ਮਨਦੀਪ ਸਿੰਘ ਭੂਮੀ ਰੱਖਿਆ ਅਫ਼ਸਰ ਅਤੇ ਹੋਰ ਲੋਕ ਹਾਜ਼ਰ ਸਨ।